ਮੋਦੀ ਰਾਜ ਧਰਮ ਨਿਭਾਉਂਦਿਆਂ ਅਜੈ ਮਿਸ਼ਰਾ ਨੂੰ ਵਜ਼ਾਰਤ ਵਿੱਚੋਂ ਲਾਂਭੇ ਕਰਨ: ਕਾਂਗਰਸ

2

ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ‘ਰਾਜ ਧਰਮ’ ਨਿਭਾਉਂਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਫੌਰੀ ਕੇਂਦਰੀ ਵਜ਼ਾਰਤ ਤੋਂ ਲਾਂਭੇ ਕਰਨ ਤਾਂ ਕਿ ‘ਭਾਰਤ ਤੇ ਇਸ ਦੀ ਜਮਹੂਰੀਅਤ ਦੀ ਸ਼ਾਨ ਨੂੰ ਬਹਾਲ’ ਕੀਤਾ ਜਾ ਸਕੇ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਕਿਸਾਨਾਂ ਨੂੰ ਕਥਿਤ ਕੇਂਦਰੀ ਮੰਤਰੀ ਨਾਲ ਸਬੰਧਤ ਐੱਸਯੂਵੀ ਹੇਠ ਦਰੜਨ ਨਾਲ ਪਹਿਲਾਂ ਹੀ ਦੇਸ਼ ਤੇ ਇਸ ਦੀ ਜਮਹੂਰੀਅਤ ਨੂੰ ਵੱਡੀ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਵੱਲੋਂ ਬਣਾਏ ਦਬਾਅ ਦਾ ਅਸਰ ਹੈ ਕਿ ਸਰਕਾਰ ਨੇ ਕੇਂਦਰੀ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਸ਼ੁਰੂ ਕੀਤੀ ਹੈ। ਖੇੜਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਕੇਂਦਰ ਸਰਕਾਰਾਂ ਦਾ ਸਾਰਾ ਜ਼ੋਰ ਤਾਕਤਵਰ ਲੋਕਾਂ ’ਤੇ ਨਹੀਂ ਬਲਕਿ ਗਰੀਬਾਂ, ਕਮਜ਼ੋਰਾਂ ਤੇ ਨਿਆਸਰਿਆਂ ’ਤੇ ਹੀ ਚੱਲਦਾ ਹੈ। ਇਹੀ ਵਜ੍ਹਾ ਹੈ ਕਿ ਅਜੇ ਤੱਕ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਖੇੜਾ ਨੇ ਦਾਅਵਾ ਕੀਤਾ ਕਿ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਕਾਰਜਕਾਲ ਦੌਰਾਨ ਯੂਪੀ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ (ਅਜੈ) ਮਿਸ਼ਰਾ ਖਿਲਾਫ਼ ਕਾਰਵਾਈ ਲਈ ਲਿਖਿਆ ਸੀ। ਕਾਂਗਰਸ ਆਗੂ ਨੇ ਹਾਲਾਂਕਿ ਇਸ ਮਸਲੇ ਬਾਰੇ ਬਹੁਤੀ ਤਫ਼ਸੀਲ ਨਹੀਂ ਦਿੱਤੀ। ਖੇੜਾ ਨੇ ਕਿਹਾ, ‘‘ਅਟਲ ਜੀ ਵੱਲੋਂ ਰਾਜ ਧਰਮ ਨਿਭਾਉਣ ਦੀ ਦਿੱਤੀ ਸਲਾਹ ਨੂੰ ਦੋ ਵਿਅਕਤੀਆਂ ਨੇ ਦਰਕਿਨਾਰ ਕੀਤਾ ਹੈ, ਇਨ੍ਹਾਂ ਵਿਚੋਂ ਇਕ ਦੇਸ਼ ਦੇ ਪ੍ਰਧਾਨ ਮੰਤਰੀ ਹਨ ਤੇ ਦੂਜਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਪ੍ਰਧਾਨ ਮੰਤਰੀ ਨੂੰ ਜਮਹੂਰੀਅਤ ਦੀ ਸੁਰੱਖਿਆ ਤੇ ਇਸ ਦੇ ਮਾਣ-ਤਾਣ ਨੂੰ ਕਾਇਮ ਰੱਖਣ ਦੀ ਆਪਣੀ ਜ਼ਿੰਮੇਵਾਰੀ ਦੀ ਥੋੜ੍ਹੀ ਬਹੁਤ ਵੀ ਸੋਝੀ ਹੈ ਤਾਂ ਉਨ੍ਹਾਂ ਨੂੰ ਫੌਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਹੁਦੇ ਤੋਂ ਹਟਾਉਣਾ ਦੀ ਲੋੜ ਹੈ। ਸਿਰਫ਼ ਇਸੇ ਤਰੀਕੇ ਨਾਲ ਹੀ ਜਮਹੂਰੀਅਤ ਦੀ ਗੁਆਚੀ ਸ਼ਾਨ ਨੂੰ ਬਹਾਲ ਕੀਤਾ ਜਾ ਸਕਦਾ ਹੈ।’’ -ਪੀਟੀਆਈ 

Leave a Reply