ਮੁੰਬਈ, 9 ਜੂਨ

ਮੁੱਖ ਅੰਸ਼

  • ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਦੇ ਵਾਹਨ ਫਸੇ
  • ਅਗਲੇ ਤਿੰਨ-ਚਾਰ ਦਿਨ ਮਹਾਰਾਸ਼ਟਰ ਦੇ ਹੋਰ ਹਿੱਸਿਆਂ ’ਚ ਮੋਹਲੇਧਾਰ ਮੀਂਹ ਪੈਣ ਦੀ ਪੇਸ਼ੀਨਗੋਈ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ’ਚ ਦੱਖਣ-ਪੱਛਮ ਮੌਨਸੂਨ ਦੀ ਪਹਿਲੀ ਬਰਸਾਤ ਨੇ ਹੀ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਮੌਸਮ ਵਿਭਾਗ ਨੇ ਮੁੰਬਈ, ਠਾਣੇ, ਪਾਲਘਰ ਅਤੇ ਰਾਏਗੜ੍ਹ ਜ਼ਿਲ੍ਹਿਆਂ ਲਈ ਰੈੱਡ ਅਲਰਟ ਅਤੇ ਅਗਲੇ ਚਾਰ ਦਿਨਾਂ ਲਈ ਵੱਖ ਵੱਖ ਜ਼ਿਲ੍ਹਿਆਂ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਕੌਂਕਣ ਖ਼ਿੱਤੇ ’ਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਪੇਸ਼ੀਨਗੋਈ ਵੀ ਕੀਤੀ ਹੈ।

ਦੇਸ਼ ਦੀ ਵਿੱਤੀ ਰਾਜਧਾਨੀ ਵਜੋਂ ਜਾਣੇ ਜਾਂਦੇ ਸ਼ਹਿਰ ’ਚ ਸਵੇਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਕੁਝ ਰੇਲਵੇ ਟਰੈਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੋਂ ਗੁਆਂਢੀ ਸ਼ਹਿਰਾਂ ਠਾਣੇ ਅਤੇ ਵਾਸ਼ੀ ਲਈ ਰੇਲ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ। ਵੈਸਟਰਨ ਰੇਲਵੇ ਰੂਟ ’ਤੇ ਮੀਂਹ ਕਾਰਨ ਲੋਕਲ ਟਰੇਨ ਸੇਵਾਵਾਂ ’ਤੇ ਕੋਈ ਅਸਰ ਨਹੀਂ ਪਿਆ। ਵੈਸਟਰਨ ਰੇਲਵੇ ਦੇ ਮੁੱਖ ਤਰਜਮਾਨ ਸੁਮਿਤ ਠਾਕੁਰ ਨੇ ਕਿਹਾ ਕਿ ਰੇਲ ਸੇਵਾਵਾਂ ਆਮ ਵਾਂਗ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਟੜੀਆਂ ’ਤੇ ਜਮ੍ਹਾਂ ਹੋਏ ਪਾਣੀ ਨੂੰ ਕੱਢਣ ਲਈ ਪੰਪ ਲਗਾਏ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਕੁਝ ਬੱਸਾਂ ਦੇ ਰੂਟ ਵੀ ਬਦਲੇ ਗਏ ਹਨ। ਕਈ ਰਸਤਿਆਂ ’ਤੇ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਵੱਲੋਂ ਮੋਹਲੇਧਾਰ ਮੀਂਹ ਦੇ ਟਾਕਰੇ ਲਈ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ। ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਦੇ ਵਾਹਨ ਸੜਕਾਂ ’ਚ ਫਸ ਗਏ। ਮੌਸਮ ਵਿਭਾਗ ਮੁਤਾਬਕ ਸਾਂਤਾਕਰੂਜ਼ ’ਚ ਸਵੇਰੇ ਸਾਢੇ 8 ਤੋਂ ਦੁਪਹਿਰ ਢਾਈ ਵਜੇ ਤੱਕ 164.8 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਜਦਕਿ ਕੋਲਾਬਾ ’ਚ 32.2 ਮਿਲੀਮੀਟਰ ਵਰਖਾ ਹੋਈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਜਿਥੇ ਕਿਤੇ ਵੀ ਪਾਣੀ ਖੜ੍ਹਾ ਹੁੰਦਾ ਹੈ, ਉਥੋਂ ਫੌਰੀ ਪਾਣੀ ਕੱਢ ਕੇ ਆਵਾਜਾਈ ਬਹਾਲ ਕੀਤੀ ਜਾਵੇ। ਉਨ੍ਹਾਂ ਮੁੰਬਈ ਦੇ ਕੰਟਰੋਲ ਰੂਮਾਂ, ਠਾਣੇ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ ਅਤੇ ਪਾਲਘਰ ਜ਼ਿਲ੍ਹਿਆਂ ਦੇ ਕੁਲੈਕਟਰਾਂ ਨਾਲ ਗੱਲ ਕਰਕੇ ਮੀਂਹ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਲਈ। -ਪੀਟੀਆਈ

LEAVE A REPLY

Please enter your comment!
Please enter your name here