ਨਵੀਂ ਦਿੱਲੀ, 13 ਫਰਵਰੀ
ਕੁਸ਼ਤੀ ਦਾ ਪ੍ਰਬੰਧ ਦੇਖਦੀ ਆਲਮੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂਡਬਲਿਊਡਬਲਿਊ) ਨੇ ਭਾਰਤ ’ਤੇ ਲੱਗੇ ਆਰਜ਼ੀ ਮੁਅੱਤਲੀ ਦੇ ਫੈਸਲੇ ਨੂੰ ਵਾਪਸ ਲੈ ਲਿਆ। ਆਲਮੀ ਖੇਡ ਸੰਸਥਾ ਨੇ ਹਾਲਾਂਕਿ ਕੌਮੀ ਫੈਡਰੇਸ਼ਨ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਗੱਲ ਦੀ ਲਿਖਤੀ ਗਾਰੰਟੀ ਦੇਵੇੇ ਕਿ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਨੂੰ ਲੈ ਕੇ ਦਿੱਤੇ ਧਰਨੇ ਪ੍ਰਦਰਸ਼ਨਾਂ ਵਿਚ ਸ਼ਾਮਲ ਰਹੀ ਪਹਿਲਵਾਨਾਂ ਦੀ ਤਿੱਕੜੀ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਖਿਲਾਫ਼ ਕੋਈ ਪੱਖਪਾਤੀ ਕਾਰਵਾਈ ਨਹੀਂ ਕੀਤੀ ਜਾਵੇਗੀ। ਡਬਲਿਊਐੱਫਆਈ ਵੱਲੋਂ ਸਮੇਂ ਸਿਰ ਚੋਣਾਂ ਕਰਵਾਉਣ ’ਚ ਨਾਕਾਮ ਰਹਿਣ ਮਗਰੋਂ ਯੂਡਬਲਿਊਡਬਲਿਊ ਨੇ ਪਿਛਲੇ ਸਾਲ 23 ਅਗਸਤ ਨੂੰ ਫੈਡਰੇਸ਼ਨ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਸੀ। ਉਧਰ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਪ੍ਰਧਾਨ ਸੰਜੈ ਸਿੰਘ ਨੇ ਯੂਡਬਲਿਊਡਬਲਿਊ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਬਣੀ ਐਡਹਾਕ ਕਮੇਟੀ ਦਾ ‘ਕੋਈ ਮਹੱਤਵ ਨਹੀਂ’ ਰਿਹਾ। -ਪੀਟੀਆਈ