ਲਖਨਊ, 6 ਜੂਨ

ਭਾਜਪਾ ਦੇ ਕੌਮੀ ਉਪ ਪ੍ਰਧਾਨ ਰਾਧਾ ਮੋਹਨ ਸਿੰਘ ਨੇ ਅੱਜ ਉਨ੍ਹਾਂ ਕਿਆਸਰਾਈਆਂ ਨੂੰ ਖਾਰਜ ਕਰ ਦਿੱਤਾ ਕਿ ਯੂਪੀ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੀ ਕੈਬਨਿਟ ’ਚ ਤੁਰੰਤ ਕੋਈ ਫੇਰਬਦਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਢੁੱਕਵੇਂ ਸਮੇਂ ’ਤੇ ਮੰਤਰੀ ਪੱਧਰ ਦੇ ਕੁਝ ਅਹੁਦੇ ਭਰ ਸਕਦੇ ਹਨ। ਰਾਧਾ ਮੋਹਨ ਪਾਰਟੀ ਦੀ ਯੂਪੀ ਇਕਾਈ ਦੇ ਇੰਚਾਰਜ ਹਨ। 

ਉਨ੍ਹਾਂ ਇਹ ਬਿਆਨ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ ਤੋ ਬਾਅਦ ਦਿੱਤਾ ਹੈ ਜਦਕਿ ਮੀਟਿੰਗ ਨੂੰ ਉਨ੍ਹਾਂ ‘ਨਿੱਜੀ’ ਦੱਸਿਆ ਹੈ। ਜਦ ਭਾਜਪਾ ਆਗੂ ਨੂੰ ਕੈਬਨਿਟ ਫੇਰਬਦਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ‘ਅਜਿਹਾ ਕੁਝ ਨਹੀਂ ਹੈ।’ ਕੈਬਨਿਟ ਵਿਸਤਾਰ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਕੁਝ ਸੀਟਾਂ ਖਾਲੀ ਹਨ ਪਰ ਉਹ ਵੱਡੇ ਪੱਧਰ ਦੀਆਂ ਨਹੀਂ ਹਨ। ਉਨ੍ਹਾਂ ਕਿਹਾ ਕਿ ਜਿਹੜੀਆਂ ਸੀਟਾਂ ਖਾਲੀ ਹਨ, ਉਨ੍ਹਾਂ ਬਾਰੇ ਫ਼ੈਸਲਾ ਮੁੱਖ ਮੰਤਰੀ ਢੁੱਕਵੇਂ ਸਮੇਂ ਉਤੇ ਲੈਣਗੇ। ਰਾਧਾ ਮੋਹਨ ਨੇ ਨਾਲ ਹੀ ਕਿਹਾ ‘ਭਾਜਪਾ ਜਥੇਬੰਦਕ ਤੌਰ ’ਤੇ ਸਭ ਤੋਂ ਮਜ਼ਬੂਤ ਸੰਗਠਨ ਹੈ ਤੇ ਯੂਪੀ ਵਿਚ ਸਭ ਤੋਂ ਵੱਧ ਹਰਮਨਪਿਆਰੀ ਸਰਕਾਰ ਹੈ।’ ਉਨ੍ਹਾਂ ਕਿਹਾ ਕਿ ਉਹ ਰਾਜਪਾਲ ਨੂੰ ਕੁਝ ਸਮੇਂ ਤੋਂ ਮਿਲੇ ਨਹੀਂ ਸਨ ਤੇ ਹੁਣ ਹੋਈ ਮੁਲਾਕਾਤ ਨਿੱਜੀ  ਸੀ। ਭਾਜਪਾ ਆਗੂ ਨੇ ਕਿਹਾ ਕਿ ਯੂਪੀ ਇੰਚਾਰਜ ਬਣਨ ਤੋਂ ਬਾਅਦ ਉਹ  ਇਕ ਵਾਰ ਵੀ ਰਾਜਪਾਲ ਨੂੰ ਨਹੀਂ ਮਿਲ ਸਕੇ ਸਨ। ਆਗੂ ਨੇ ਨਾਲ ਹੀ ਕਿਹਾ ਕਿ ਜਦ ਪਟੇਲ ਗੁਜਰਾਤ ਦੀ ਮੁੱਖ ਮੰਤਰੀ ਸੀ ਤਾਂ ਉਹ ਖੇਤੀਬਾੜੀ ਮੰਤਰੀ ਸਨ। ਇਸ ਲਈ ਉਨ੍ਹਾਂ ਨਾਲ ਪੁਰਾਣੀ ਸਾਂਝ    ਵੀ ਹੈ। -ਪੀਟੀਆਈ  

LEAVE A REPLY

Please enter your comment!
Please enter your name here