ਨਵੀਂ ਦਿੱਲੀ, 10 ਜੂਨ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਇੱਥੇ ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਆਪਣੇ ਇਸ ਦੋ ਦਿਨਾ ਦੌਰੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਨੂੰ ਵੀ ਮਿਲ ਸਕਦੇ ਹਨ।

ਸੂਤਰਾਂ ਅਨੁਸਾਰ ਯੋਗੀ ਆਦਿੱਤਿਆਨਾਥ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ ਜਦਕਿ ਸ੍ਰੀ ਨੱਢਾ ਨਾਲ ਉਨ੍ਹਾਂ ਦੀ ਮੁਲਾਕਾਤ ਅੱਜ ਹੀ ਜਾਂ ਫਿਰ ਭਲਕੇ ਹੋ ਸਕਦੀ ਹੈ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੇਂਦਰੀ ਮੰਤਰੀ ਸ੍ਰੀ ਸ਼ਾਹ ਦੇ ਨਾਲ ਹੀ ਸਨ। ਇਸ ਦੌਰਾਨ ਭਾਜਪਾ ਦੀ ਭਾਈਵਾਲ ਅਤੇ ਅਪਨਾ ਦਲ (ਐੱਸ) ਦੀ ਆਗੂ ਅਨੂਪ੍ਰਿਯਾ ਪਟੇਲ ਵੀ ਗ੍ਰਹਿ ਮੰਤਰੀ ਦੀ ਰਿਹਾਇਸ਼ ਵਿਖੇ ਪੁੱਜੀ। ਮੁੱਖ ਮੰਤਰੀ ਵੱਲੋਂ ਇਕ ਤਸਵੀਰ ਸਮੇਤ ਹਿੰਦੀ ਵਿਚ ਟਵੀਟ ਕੀਤਾ ਗਿਆ, ‘‘ਨਵੀਂ ਦਿੱਲੀ ਵਿਚ ਮਾਣਯੋਗ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਸੇਧ ਮਿਲੀ। ਮੁਲਾਕਾਤ ਲਈ ਸਮਾਂ ਦੇਣ ਵਾਸਤੇ ਗ੍ਰਹਿ ਮੰਤਰੀ ਦਾ ਤਹਿ ਦਿਲੋਂ ਧੰਨਵਾਦ।’’ ਇਸ ਤਸਵੀਰ ਵਿਚ ਉਹ ‘ਪਰਵਾਸੀ ਸੰਕਟ ਦਾ ਹੱਲ’ ਰਿਪੋਰਟ ਦੀ ਇਕ ਕਾਪੀ ਸ੍ਰੀ ਸ਼ਾਹ ਨੂੰ ਭੇਟ ਕਰਦੇ ਨਜ਼ਰ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਇਕ ਮਸ਼ਹੂਰ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਕਾਂਗਰਸੀ ਆਗੂ ਜਿਤਿਨ ਪ੍ਰਸਾਦ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਯੋਗੀ ਆਦਿੱਤਿਆਨਾਥ ਵੱਲੋਂ ਅੱਜ ਦਿੱਲੀ ਦਾ ਇਹ ਦੌਰਾ ਕੀਤਾ ਗਿਆ। ਸ੍ਰੀ ਆਦਿੱਤਿਆਨਾਥ ਦੀ ਕੇਂਦਰੀ ਭਾਜਪਾ ਲੀਡਰਸ਼ਿਪ ਨਾਲ ਇਹ ਮੀਟਿੰਗ ਸਿਆਸੀ ਤੌਰ ’ਤੇ ਐਨੀ ਅਹਿਮ ਇਸ ਵਾਸਤੇ ਮੰਨੀ ਜਾ ਰਹੀ ਹੈ ਕਿਉਂਕਿ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਯੂਪੀ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। -ਪੀਟੀਆਈ

ਯੂਪੀ ਮੰਤਰੀ ਮੰਡਲ ਵਿਚ ਫੇਰਬਦਲ ਦੇ ਆਸਾਰ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਦਿੱਲੀ ਫੇਰੀ ਨਾਲ ਇਹ ਅਫ਼ਵਾਹਾਂ ਵੀ ਤੇਜ਼ ਹੋ ਗਈਆਂ ਹਨ ਕਿ ਯੋਗੀ ਦੀ ਇਸ ਫੇਰੀ ਤੋਂ ਬਾਅਦ ਉੱਤਰ ਪ੍ਰਦੇਸ਼ ਮੰਤਰੀ ਮੰਡਲ ਵਿਚ ਬਦਲਾਅ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਸਮਝੇ ਜਾਂਦੇ ਵਿਧਾਨਕ ਕੌਂਸਲ ਦੇ ਭਾਜਪਾ ਮੈਂਬਰ ਤੇ ਸਾਬਕਾ ਆਈਏਐੱਸ ਅਧਿਕਾਰੀ ੲੇ.ਕੇ. ਸ਼ਰਮਾ ਵੀ ਪਾਰਟੀ ਆਗੂਆਂ ਤੇ ਭਾਈਵਾਲਾਂ ਨਾਲ ਮੁਲਾਕਾਤ ਕਰਨ ਲਈ ਦਿੱਲੀ ਵਿਚ ਹੀ ਹਨ। ਹਾਲਾਂਕਿ, ਇਸ ਸਬੰਧੀ ਕਿਸੇ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਤਾਂ ਨਹੀਂ ਕੀਤੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਏ ਜਿਤਿਨ ਪ੍ਰਸਾਦ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਦਿੱਤੀ ਜਾ ਸਕਦੀ ਹੈ। -ਪੀਟੀਆਈ 

LEAVE A REPLY

Please enter your comment!
Please enter your name here