ਕੋਲਕਾਤਾ, 6 ਜੂਨ

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੁਆ ਮੋਇਤਰਾ ਨੇ ਅੱਜ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਰਾਜ ਭਵਨ ਵਿਚ ਆਪਣੇ ਪਰਿਵਾਰਕ ਮੈਂਬਰਾਂ ਤੇ ਸੱਜਣਾਂ-ਮਿੱਤਰਾਂ ਦੀ ਆਫਿਸਰ ਆਨ ਸਪੈਸ਼ਲ ਡਿਊਟੀ (ਓਐਸਡੀਜ਼) ਵਜੋਂ ਨਿਯੁਕਤੀ ਕੀਤੀ ਹੈ। ਮੋਇਤਰਾ ਨੇ ਟਵਿੱਟਰ ’ਤੇ ਰਾਜਪਾਲ ਨੂੰ ਅੰਕਲ ਜੀ ਦੇ ਨਾਂ ਨਾਲ ਮੁਖਾਤਿਬ ਹੁੰਦਿਆਂ ਓਐਸਡੀਜ਼ ਦੇ ਨਾਂ ਵੀ ਨਸ਼ਰ ਕੀਤੇ ਤੇ ਉਨ੍ਹਾਂ ਦੇ ਰਿਸ਼ਤਿਆਂ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਓਐਸਡੀ ਏ ਐਸ ਸ਼ੇਖਾਵਤ ਰਾਜਪਾਲ ਦੇ ਸਾਲੇ ਦਾ ਲੜਕਾ ਹੈ। ਰੁਚੀ ਦੂਬੇ ਤੇ ਪ੍ਰਸ਼ਾਂਤ ਦੀਕਸ਼ਿਤ ਰਾਜਪਾਲ ਦੇ ਸਾਬਕਾ ਏਡੀਸੀ ਗੋਰੰਗ ਦੀਕਸ਼ਿਤ ਦੀ ਪਤਨੀ ਤੇ ਭਰਾ ਹਨ। ਓਐਸਡੀ ਆਈਟੀ ਕੋਸਤਵ ਐਸ ਵਲੀਕਰ ਰਾਜਪਾਲ ਦੇ ਮੌਜੂਦਾ ਏਡੀਸੀ ਜਨਾਰਦਨ ਰਾਓ ਦਾ ਸਾਲਾ ਹੈ ਜਦਕਿ ਹਾਲ ਹੀ ਵਿਚ ਨਿਯੁਕਤ ਕੀਤਾ ਗਿਆ ਓਐਸਡੀ ਕਿਸ਼ਨ ਧਨਖੜ ਰਾਜਪਾਲ ਦਾ ਨੇੜਲਾ ਰਿਸ਼ਤੇਦਾਰ ਹੈ। ਇਸ ਤੋਂ ਬਾਅਦ ਸੰਸਦ ਮੈਂਬਰ ਨੇ ਏਜੰਸੀ ਨੂੰ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਸਵਾਲ ਪੁੱਛਣ ਦਾ ਸੰਵਿਧਾਨਕ ਹੱਕ ਹੈ ਤੇ ਉਹ ਸਵਾਲ ਪੁੱਛਦੀ ਰਹੇਗੀ। ਉਸ ਨੇ ਰਾਜਪਾਲ ਨੂੰ ਸਵਾਲ ਕੀਤਾ ਕਿ ਉਹ ਸੂਬੇ ਦੇ ਹਾਲਾਤ ਬਾਰੇ ਬਿਆਨਬਾਜ਼ੀ ਨਾਲੋਂ ਆਪਣੇ ਅੰਦਰ ਝਾਤ ਮਾਰ ਕੇ ਵੇਖਣ ਕਿ ਉਨ੍ਹਾਂ ਨੇ ਆਪਣਾ ਕੁਨਬਾ ਤੇ ਖੇਤਰ ਵਾਸੀਆਂ ਨੂੰ ਰਾਜ ਭਵਨ ਵਿਚ ਨਿਯੁਕਤ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਮਹੁਆ ਮੋਇਤਰਾ ਪਹਿਲਾਂ ਵੀ ਅਜਿਹੇ ਸਵਾਲਾਂ ਜ਼ਰੀਏ ਖਬਰਾਂ ਦੀਆਂ ਸੁਰਖੀਆਂ ਬਣਦੀ ਰਹੀ ਹੈ।-ਏਜੰਸੀ

LEAVE A REPLY

Please enter your comment!
Please enter your name here