ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 12 ਮਈ

ਰਾਜਸੀ ਆਗੂਆਂ ਲਈ ਅੱਜ ‘ਮਾਂ ਦਿਵਸ’ ਲੋਕ ਸਭਾ ਚੋਣਾਂ ਵਾਸਤੇ ਪ੍ਰਚਾਰ ਦਾ ਜ਼ਰੀਆ ਬਣਿਆ ਰਿਹਾ। ਅੱਜ ‘ਮਾਂ ਦਿਵਸ’ ਮੌਕੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਆਪਣੀ ਮਾਂ ਦੇ ਆਸ਼ੀਰਵਾਦ ਨਾਲ ਕੀਤੀ। ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ 40 ਖੂਹ ਇਲਾਕੇ ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਬੇਵਸ ਮਾਂ ਦੀ ਕਹਾਣੀ ਸੁਣਦਿਆਂ ਉਸ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਅੱਜ ਵੱਖ ਵੱਖ ਉਮੀਦਵਾਰਾਂ ਵੱਲੋਂ ਵੱਖ-ਵੱਖ ਢੰਗ ਨਾਲ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ। ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਉਨ੍ਹਾਂ ਦੇ ਭਰਾ ਨੇ ਮਾਂ ਤੋਂ ਆਸ਼ੀਰਵਾਦ ਲਿਆ ਤੇ ਦਿਨ ਦੀ ਸ਼ੁਰੂਆਤ ਕੀਤੀ। ਔਜਲਾ ਨੇ ਕਿਹਾ ਕਿ ਮਾਂ ਉਸ ਵਿਸ਼ੇਸ਼ ਵਿਅਕਤੀ ਦਾ ਅਹਿਸਾਸ ਕਰਾਉਂਦੀ ਹੈ, ਜਿਸ ਨੇ ਦੁਨੀਆ ’ਚ ਆਉਣ ਤੇ ਦੁਨੀਆ ਨੂੰ ਦੇਖਣ ਦਾ ਮੌਕਾ ਦਿੱਤਾ। ਔਜਲਾ ਮੁਤਾਬਕ ਨੇ ਜਦ ਵੀ ਕੋਈ ਸਫਲਤਾ ਪ੍ਰਾਪਤ ਕੀਤੀ ਹੈ ਤਾਂ ਮਾਂ ਦਾ ਅਸ਼ੀਰਵਾਦ ਲਿਆ ਹੈ ਤੇ ਹਰ ਮੁਹਿੰਮ ਦੀ ਸ਼ੁਰੂਆਤ ਵੀ ਮਾਂ ਦੇ ਆਸ਼ੀਰਵਾਦ ਨਾਲ ਕੀਤੀ ਹੈ। ਇਸੇ ਤਰ੍ਹਾਂ ਸੱਸ ਮਾਂ ਨਾਲ ਵੀ ਪਿਆਰਾ ਰਿਸ਼ਤਾ ਹੈ। ਇੱਕ ਮਾਂ ਘਰ ਵਿੱਚ ਸਰਗਰਮ ਹੈ ਤੇ ਦੂਸਰੀ ਚੋਣ ਪ੍ਰਚਾਰ ’ਚ ਸਹਿਯੋਗ ਦੇ ਰਹੀ ਹੈ। ਉਪਰੰਤ ਕਾਂਗਰਸੀ ਉਮੀਦਵਾਰ ਨੇ ਵੱਖ-ਵੱਖ ਥਾਵਾਂ ’ਤੇ ਚੋਣ ਰੈਲੀਆਂ ਕੀਤੀਆਂ।

ਦੂਜੇ ਪਾਸੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਅੱਜ ਸਵੇਰੇ 40 ਖੂਹ ਪਾਰਕ ਵਿੱਚ ਸੈਰ ਕਰਨ ਆਏ ਲੋਕਾਂ ਨੂੰ ਮਿਲਣ ਵਾਸਤੇ ਪੁੱਜੇ ਸਨ। ਜਿੱਥੇ ਮਾਂ ਦਿਵਸ ’ਤੇ ਮੌਕੇ ਤੇ ਉਨ੍ਹਾਂ ਨੂੰ ਮਨਜੀਤ ਕੌਰ ਨਾਂ ਦੀ ਇੱਕ ਔਰਤ ਮਿਲੀ ਅਤੇ ਉਸਨੇ ਰੋਂਦਿਆਂ ਆਪਣਾ ਦੁੱਖ ਬਿਆਨ ਕੀਤਾ। ਉਸ ਨੇ ਦੱਸਿਆ ਕਿ ਉਸ ਦੀ ਨਬਾਲਗ ਕੁੜੀ ਨੂੰ ਅਗਵਾ ਕੀਤਾ ਗਿਆ ਹੈ ਤੇ ਚਾਰ ਦਿਨ ਬੀਤ ਚੁੱਕੇ ਹਨ ਪਰ ਹੁਣ ਤੱਕ ਕੋਈ ਪੁਲੀਸ ਵੱਲੋਂ ਕਾਰਵਾਈ ਨਹੀਂ ਹੋਈ। ਉਹ ਚਾਰ ਦਿਨ ਤੋਂ ਲਗਾਤਾਰ ਖੱਜਲ ਖੁਆਰ ਹੋ ਰਹੀ ਹੈ। ਉਸ ਨੇ ਅਗਵਾਕਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਤੇ ਭਾਜਪਾ ਉਮੀਦਵਾਰ ਨੂੰ ਉਸ ਦੀ ਕੁੜੀ ਨੂੰ ਵਾਪਸ ਲਿਆਉਣ ਵਿੱਚ ਮਦਦ ਦੀ ਅਪੀਲ ਕੀਤੀ। ਤਰਨਜੀਤ ਸਿੰਘ ਸੰਧੂ ਨੇ ਵੀ ਭਾਵੁਕ ਹੁੰਦਿਆਂ ਇਸ ਮੌਕੇ ਪ੍ਰਸ਼ਾਸਨ ਪ੍ਰਤੀ ਰੋਸ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪੀੜਤ ਮਾਂ ਨੂੰ ਭਰੋਸਾ ਦਿੱਤਾ ਕਿ ਉਸ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਤੇ ਬੇਟੀ ਨੂੰ ਘਰ ਵਾਪਸ ਲਿਆਂਦਾ ਜਾਵੇਗਾ। ਭਾਜਪਾ ਉਮੀਦਵਾਰ ਨੇ ਦੋਸ਼ ਲਾਇਆ ਕਿ ਇਸ ਵੇਲੇ ਅਮਨ ਅਤੇ ਕਾਨੂੰਨ ਦੀ ਵਿਵਸਥਾ ਲਗਾਤਾਰ ਮਾੜੀ ਹੋ ਚੁੱਕੀ ਹੈ ਤੇ ਇੱਕ ਬੇਵੱਸ ਮਾਂ ਆਪਣਾ ਦੁੱਖ ਲੈ ਕੇ ਪੁੱਜੀ ਉਨ੍ਹਾਂ ਕੋਲ ਪੁੱਜੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ, ਚੁਣੇ ਹੋਏ ਸੰਸਦ ਮੈਂਬਰ ਅਤੇ ਸਰਕਾਰ ਦੇ ਮੰਤਰੀਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮਾਂ ਦੀ ਬੱਚੀ ਨੂੰ ਵਾਪਸ ਕਰਵਾਇਆ ਜਾਵੇ।

LEAVE A REPLY

Please enter your comment!
Please enter your name here