ਗੁਰਦੀਪ ਸਿੰਘ ਭੱਟੀ

ਟੋਹਾਣਾ, 19 ਜੁਲਾਈ

ਸਿਰਸਾ ਤੋਂ ਦਿੱਲੀ ਜਾ ਰਹੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੂੰ ਕੌਮੀ ਮਾਰਗ-9 ਦੇ ਰਾਮਾਇਣ ਟੌਲ ਪਲਾਜ਼ਾ ’ਤੇ ਕਿਸਾਨਾਂ ਦੇ ਵਿਰੋਧ ਕਾਰਨ ਰਾਹ ਬਦਲਣਾ ਪਿਆ। ਕਿਸਾਨਾਂ ਨੇ ਉਪ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਅਤੇ ਭਾਜਪਾ ਤੇ ਜਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਬੀਤੇ ਦਿਨ ਟੋਹਾਣਾ ਦੇ ਵਿਧਾਇਕ ਦਵਿੰਦਰ ਬਬਲੀ ਦੇ ਪੁੱਤਰ ਦੇ ਮੰਗਣੀ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਸਿਰਸਾ ਚਲੇ ਗਏ ਸਨ। ਅੱਜ ਉਨ੍ਹਾਂ ਦੀ ਦਿੱਲੀ ਵਾਪਸੀ ਦੀ ਭਿਣਕ ਲੱਗਦਿਆਂ ਹੀ ਕਿਸਾਨ ਸਵੇਰ ਤੋਂ ਹੀ ਕਾਲੇ ਝੰਡੇ ਲੈ ਕੇ ਟੌਲ ਪਲਾਜ਼ਾ ’ਤੇ ਉਨ੍ਹਾਂ ਦੇ ਆਉਣ ਦੀ ਉਡੀਕ ਕਰਨ ਲੱਗੇ। ਆਗੂ ਦੇ ਆਉਣ ਦੀ ਸੂਹ ਮਿਲਦਿਆਂ ਹੀ ਕਿਸਾਨ ਟੌਲ ਪਲਾਜ਼ੇ ਦੀਆਂ ਸਾਰੀਆਂ ਲੇਨਾਂ ਉੱਤੇ ਧਰਨਾ ਮਾਰ ਕੇ ਬੈਠ ਗਏ। ਕਿਸਾਨਾਂ ਦੇ ਰੋਸ ਦਾ ਪਤਾ ਲੱਗਣ ’ਤੇ ਭਾਰੀ ਸੰਖਿਆ ਵਿੱਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ। ਜਿਉਂ ਹੀ ਉਪ ਮੁੱਖ ਮੰਤਰੀ ਦਾ ਕਾਫ਼ਲਾ ਰਾਮਾਇਣ ਟੌਲ ਪਲਾਜ਼ੇ ਨੇੜੇ ਪੁੱਜਿਆ ਤਾਂ ਕਿਸਾਨਾਂ ਨੇ ਹਾਂਸੀ ਨੂੰ ਜਾਣ ਵਾਲੀ ਲੇਨ ਵੀ ਬੰਦ ਕਰ ਦਿੱਤੀ। ਪੁਲੀਸ ਮੁਲਾਜ਼ਮਾਂ ਨੇ ਭਾਰੀ ਮੁਸ਼ੱਕਤ ਨਾਲ ਕਾਫ਼ਲੇ ਨੂੰ ਹਿਸਾਰ ਵੱਲ ਜਾਣ ਵਾਲੀ ਲੇਨ ਵਿੱਚੋਂ ਲੰਘਾਇਆ। ਕਿਸਾਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਭਾਜਪਾ ਅਤੇ ਜਜਪਾ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ ਰਾਮਾਇਣ ਟੌਲ ਪਲਾਜ਼ਾ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਜਾਰੀ ਹੈ, ਜਿੱਥੇ ਰੋਜ਼ਾਨਾ ਮਹਿਲਾਵਾਂ ਸਮੇਤ ਵੱਡੀ ਗਿਣਤੀ ਕਿਸਾਨ ਹਾਜ਼ਰੀ ਭਰ ਰਹੇ ਹਨ। ਇਸ ਤੋਂ ਪਹਿਲਾਂ ਵੀ ਇਸ ਟੌਲ ਪਲਾਜ਼ੇ ’ਤੇ ਡਿਪਟੀ ਸਪੀਕਰ ਰਣਬੀਰ ਗੰਗਵਾ, ਜਜਪਾ ਵਿਧਾਇਕ ਜੋਗੀ ਰਾਮ ਸਿਹਾਗ, ਭਾਜਪਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਦਾ ਵੀ ਵਿਰੋਧ ਹੋ ਚੁੱਕਾ ਹੈ।

LEAVE A REPLY

Please enter your comment!
Please enter your name here