ਨਵੀਂ ਦਿੱਲੀ, 6 ਜੂਨ

ਰੇਲਵੇ ਨੇ ਹੁਣ ਤੱਕ 1534 ਟੈਂਕਰਾਂ ਰਾਹੀਂ ਦੇਸ਼ ਦੇ 15 ਰਾਜਾਂ ਦੇ 39 ਸ਼ਹਿਰਾਂ ’ਚ 26,281 ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਹੈ। ਇਹ ਜਾਣਕਾਰੀ ਅੱਜ ਰੇਲਵੇ ਨੇ ਦਿੱਤੀ। ਰੇਲਵੇ ਨੇ ਦੱਸਿਆ ਕਿ ਹੁਣ ਤੱਕ 376 ਆਕਸੀਜਨ ਐਕਸਪ੍ਰੈੱਸਾਂ ਆਪਣੀ ਮੰਜ਼ਿਲ ਤੱਕ ਪਹੁੰਚ ਚੁੱਕੀਆਂ ਹਨ ਜਦਕਿ ਛੇ ਆਕਸੀਜਨ ਐਕਸਪ੍ਰੈੱਸ ਰੇਲਾਂ 26 ਟੈਂਕਰਾਂ ’ਚ 483 ਟਨ ਤੋਂ ਵੱਧ ਆਕਸੀਜਨ ਲੈ ਕੇ ਆਪਣੀ ਮੰਜ਼ਿਲ ਵੱਧ ਰਹੀਆਂ ਹਨ। ਰੇਲਵੇ ਅਨੁਸਾਰ ਆਕਸੀਜਨ ਐੱਕਸਪ੍ਰੈੱਸ ਰਾਹੀਂ ਦੱਖਣੀ ਰਾਜਾਂ ਤਾਮਿਲ ਨਾਡੂ ਤੇ ਕਰਨਾਟਕ ਨੂੰ 3000 ਟਨ ਤੋਂ ਵੱਧ ਆਕਸੀਜਨ ਪਹੁੰਚਾਈ ਗਈ ਹੈ ਜਦਕਿ ਆਂਧਰਾ ਪ੍ਰਦੇਸ਼ ਨੂੰ 2800 ਟਨ ਤੋਂ ਵੱਧ ਆਕਸੀਜਨ ਸਪਲਾਈ ਪਹੁੰਚਾਈ ਗਈ ਹੈ। ਰੇਲਵੇ ਦੇ ਬਿਆਨ ਅਨੁਸਾਰ ਰੇਲਵੇ ਨੇ 24 ਅਪਰੈਲ ਨੂੰ ਮਹਾਰਾਸ਼ਟਰ ਤੱਕ 126 ਟਨ ਆਕਸੀਜਨ ਪਹੁੰਚਾਉਣ ਨਾਲ ਆਕਸੀਜਨ ਐਕਸਪ੍ਰੈੱਸ ਦੀ ਆਵਾਜਾਈ ਸ਼ੁਰੂ ਕੀਤੀ ਸੀ। ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਵਿਚਾਲੇ ਰੇਲਵੇ ਨੇ ਰੇਲਾਂ ਰਾਹੀਂ 15 ਰਾਜਾਂ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲ ਨਾਡੂ, ਹਰਿਆਣਾ, ਤਿਲੰਗਾਨਾ, ਕੇਰਲਾ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਅਸਾਮ ਤੱਕ ਇਹ ਰਾਹਤ ਪਹੁੰਚਾਈ ਹੈ। ਕੌਮੀ ਟਰਾਂਸਪੋਰਟ ਅਨੁਸਾਰ ਹੁਣ ਤੱਕ ਮਹਾਰਾਸ਼ਟਰ ਨੂੰ 614 ਟਨ, ਉੱਤਰ ਪ੍ਰਦੇਸ਼ ਨੂੰ ਕਰੀਬ 3797 ਟਨ, ਮੱਧ ਪ੍ਰਦੇਸ਼ ਨੂੰ 656 ਟਨ, ਦਿੱਲੀ ਨੂੰ 5700 ਟਨ, ਹਰਿਆਣਾ ਨੂੰ 2212 ਟਨ ਤੇ ਪੰਜਾਬ ਨੂੰ 225 ਟਨ ਆਕਸੀਜਨ ਪਹੁੰਚਾਈ ਹੈ। ਇਸੇ ਦੌਰਾਨ ਰੇਲਵੇ ਨੇ ਦੱਸਿਆ ਕਿ 117.11 ਟਨ ਤਰਲ ਮੈਡੀਕਲ ਆਕਸੀਜਨ ਦੇ ਟੈਂਕਰ ਲੈ ਕੇ ਅੱਜ ਆਕਸੀਜਨ ਐਕਸਪ੍ਰੈੱਸ ਬੰਗਲੂਰੂ ਪਹੁੰਚ ਗਈ ਹੈ। -ਪੀਟੀਆਈ

LEAVE A REPLY

Please enter your comment!
Please enter your name here