ਪ੍ਰੋ. ਨਵ ਸੰਗੀਤ ਸਿੰਘ

ਭੁੱਖ ਦਾ ਕੋਈ ਸਤਾਇਆ ਬੰਦਾ, ਕਿੰਨਾ ਲੱਗਦੈ ਆਤਰ।
ਕਿੱਥੋਂ ਕਿੱਥੇ ਚਲੇ ਗਏ ਸਭ, ਰੋਜ਼ੀ ਰੋਟੀ ਖਾਤਰ।

ਭੁੱਖਾ ਢਿੱਡ ਹੈ ਰੋਟੀ ਮੰਗਦਾ, ਕੀ ਕੀ ਕੰਮ ਕਰਾਵੇ।
ਵਿਹਲੜ ਨੇਤਾ ਬੈਠਾ ਕੁਰਸੀ, ਵੇਖੋ ਹੁਕਮ ਚਲਾਵੇ।

ਕਿਧਰੇ ਕਿਸੇ ਨੂੰ ਫ਼ਿਕਰ ਨਹੀਂ ਹੈ, ਲਾਵੇ ਇਸ਼ਕ ਦੇ ਪੇਚੇ।
ਸ਼ਰ੍ਹੇਆਮ ਕੋਈ ਵਿੱਚ ਬਜ਼ਾਰੀਂ, ਆਪਣੇ ਜਿਸਮ ਨੂੰ ਵੇਚੇ।

ਰੋਜ਼ੀ ਰੋਟੀ ਖਾਤਰ ਹਰ ਕੋਈ, ਵੇਖੋ ਲੱਗਿਆ ਆਹਰੇ।
ਕੋਈ ਕਿਤੇ ਰੁਜ਼ਗਾਰ ਦੀ ਖਾਤਰ, ਲਾਈ ਜਾਵੇ ਨਾਹਰੇ।

ਚਾਹੁੰਦਾ ਹਾਂ ਕਿ ਹਰ ਕੋਈ, ਇੱਜ਼ਤ ਦੀ ਰੋਟੀ ਖਾਵੇ।
ਵਿਹਲੜ ਨਾ ਅਖਵਾਏ ਕੋਈ, ਨਾ ਕੋਈ ਫ਼ਿਕਰ ਸਤਾਵੇ।

ਜੇਕਰ ਹਰ ਇੱਕ ਬੰਦੇ ਨੂੰ, ਰੱਜਵੀਂ ਰੋਟੀ ਮਿਲ ਜਾਵੇ।
ਦੂਜੇ ਦੇਸ਼ਾਂ ਦੇ ਉਹ ਕਾਹਤੋਂ, ਦਰ ਦਰ ਧੱਕੇ ਖਾਵੇ।
ਸੰਪਰਕ: 94176-92015
* * *

ਨਵਾਂ ਕੁਝ ਬੁਣਨਾ ਪੈਣਾ ਏ

ਭੁਪਿੰਦਰ ਸਿੰਘ ਪੰਛੀ

ਝੂਠ ਫਰੇਬ ਨੂੰ ਛੱਡਣ ਲਈ
ਕੂੜ ਕੁਸੱਤ ਨੂੰ ਕੱਢਣ ਲਈ
ਦਗੇਬਾਜ਼ਾਂ ਨੂੰ ਵੱਢਣ ਲਈ
ਸੱਚੀ ਗੱਲ ਨੂੰ ਰੱਖਣ ਲਈ
ਨਵਾਂ ਕੁਝ ਬੁਣਨਾ ਪੈਣਾ ਏ
ਬਾਬਾ ਨਾਨਕ ਨੂੰ ਸੁਣਨਾ ਪੈਣਾ ਏ

ਧਰਤੀ ਨੂੰ ਸਜਾਵਣ ਲਈ
ਹਰੀ ਭਰੀ ਬਣਾਵਣ ਲਈ
ਰੁੱਖਾਂ ਨੂੰ ਲਗਾਵਣ ਲਈ
ਰੁੱਤਾਂ ਨੂੰ ਬਚਾਵਣ ਲਈ
ਨਵਾਂ ਕੁਝ ਕਰਨਾ ਪੈਣਾ ਏ
ਬਾਬਾ ਨਾਨਕ ਨੂੰ ਪੜ੍ਹਨਾ ਪੈਣਾ ਏ

ਬਚਾਉਣ ਲਈ ਫ਼ਸਲਾਂ ਨੂੰ
ਬਚਾਉਣ ਲਈ ਨਸਲਾਂ ਨੂੰ
ਵਰਤਣ ਲਈ ਅਕਲਾਂ ਨੂੰ
ਸਮਝਣ ਲਈ ਸ਼ਕਲਾਂ ਨੂੰ
ਕੁਝ ਨਵਾਂ ਕਰਾਉਣਾ ਪੈਣਾ ਏ
ਨਾਨਕ ਨੂੰ ਧਿਆਉਣਾ ਪੈਣਾ ਏ

ਆਪਣੇ ਹੱਕਾਂ ਨੂੰ ਲੈਣ ਲਈ
ਆਪਣੀ ਗੱਲ ਕਹਿਣ ਲਈ
ਜ਼ੁਲਮਾਂ ਨੂੰ ਨਾ ਸਹਿਣ ਲਈ
ਅਣਖਾਂ ਦੇ ਨਾਲ ਰਹਿਣ ਲਈ
ਨਵਾਂ ਹਥਿਆਰ ਬਣਾਉਣਾ ਪੈਣਾ ਏ
ਬਾਬਾ ਨਾਨਕ ਨੂੰ ਗਾਉਣਾ ਪੈਣਾ ਏ

ਖ਼ਤਮ ਕਰੋ ਭ੍ਰਿਸ਼ਟਾਚਾਰ ਨੂੰ
ਅੱਗੇ ਲਿਆਓ ਸਚਿਆਰ ਨੂੰ
ਵਧਾਓ ਆਪਸੀ ਪਿਆਰ ਨੂੰ
ਅੱਗ ਲਾਓ ਤਕਰਾਰ ਨੂੰ
ਦੁਸ਼ਮਣ ਨੂੰ ਹਰਾਉਣਾ ਪੈਣਾ ਏ
ਬਾਬਾ ਨਾਨਕ (ਦੀ ਬਾਣੀ) ਨੂੰ ਗਾਉਣਾ ਪੈਣਾ ਏ

ਪੰਛੀ ਜੋ ਕੁਝ ਬੋਲ ਰਿਹਾ
ਇੱਕ ਇੱਕ ਸ਼ਬਦ ਹੈ ਤੋਲ ਰਿਹਾ
ਰਾਜ਼ ਹੈ ਸਾਰੇ ਖੋਲ੍ਹ ਰਿਹਾ
ਬੁਰਾਈ ਵਿਰੁੱਧ ਘੁਲ਼ ਘੋਲ਼ ਰਿਹਾ
ਦੀਪ ਹਨੇਰੇ ’ਚ ਜਗਾਉਣਾ ਪੈਣਾ ਏ
ਬਾਬਾ ਨਾਨਕ ਨੂੰ ਆਉਣਾ ਪੈਣਾ ਏ।
ਸੰਪਰਕ: 98559-91055
* * *

ਬਾਪੂ

ਨਿਰਮਲ ਸਿੰਘ ਰੱਤਾ

ਜ਼ਿੰਦਗੀ ਦੀ ਲੋਅ ਵੰਡਦਾ ਵੰਡਦਾ ਪੱਛਮ ਦੇ ਵੱਲ ਢਲ ਗਿਆ ਬਾਪੂ
ਸੂਰਜ ਪਹਿਲਾਂ ਪੱਥਰ ਬਣਿਆ ਫਿਰ ਪੌਣਾਂ ਵਿੱਚ ਰਲ ਗਿਆ ਬਾਪੂ
ਕਹਿੰਦਾ ਸੀ ਮੈਂ ਸਿਰ ਤੇਰੇ ’ਤੇ ਬਣ ਕੇ ਸੰਘਣੀ ਛਾਂ ਰਹਾਂਗਾ
ਸਾਰੇ ਵਾਅਦੇ ਤੋੜ ਤਾੜ ਕੇ ਪਲ ਦੋ ਪਲ ਵਿੱਚ ਛਲ ਗਿਆ ਬਾਪੂ

ਲੱਭਦਾ ਫਿਰਦਾ ਏ ਪੈੜ ਓਸਦੀ ਕਿੰਝ ਦਿਲ ਨੂੰ ਸਮਝਾਵਾਂ ਮੈਂ
ਉਸ ਰਸਤੇ ਤੋਂ ਮੁੜ ਨਹੀਂ ਹੁੰਦਾ ਜਿਸ ਰਸਤੇ ’ਤੇ ਚੱਲ ਗਿਆ ਬਾਪੂ

ਸਬਰ ਅਤੇ ਸੰਤੋਖ ਦੀ ਮੂਰਤ ਬਣ ਕੇ ਉਮਰ ਹੰਢਾਈ ਜਿਸ ਨੇ
ਅੰਤ ਸਮੇਂ ਵੀ ਸੀ ਨਹੀਂ ਕੀਤਾ ਦਰਦ ਅਥਾਹ ਵੀ ਝੱਲ ਗਿਆ ਬਾਪੂ
ਸੰਤਾਂ ਵਾਂਗਰ ਕਲਯੁਗ ਦੇ ਵਿੱਚ ਪ੍ਰਭ ਭਗਤੀ ਦਾ ਖੱਟ ਖ਼ਜ਼ਾਨਾ
ਭਵ ਸਾਗਰ ਨੂੰ ਪਾਰ ਕਰ ਗਿਆ ਸੱਚੇ ਦਾ ਦਰ ਮੱਲ ਗਿਆ ਬਾਪੂ
ਸੰਪਰਕ: 84270-07623
* * *

ਗ਼ਜ਼ਲ

ਰਾਕੇਸ਼ ਕੁਮਾਰ

ਇਹ ਕੈਸੀ ਚਿੰਤਾ ਖ਼ੁਸ਼ੀਆਂ ਵਿੱਚ ਸਮਾਈ ਹੈ।
ਜ਼ਿੰਦਗੀ ਨੂੰ ਕਿਉਂ ਲੱਗੇ ਕਿ ਤਨਹਾਈ ਹੈ।

ਜਿਸ ਨੇ ਨਾ ਕੀਤੇ ਜ਼ਖ਼ਮ ਦਰਦਾਂ ਦੇ ਹਵਾਲੇ,
ਖ਼ੁਸ਼ੀਆਂ ਦੀ ਦੌਲਤ ਉਸਨੇ ਹੀ ਪਾਈ ਹੈ।

ਕਿਤਾਬਾਂ ਪੜ੍ਹਨ ਦਾ ਕੋਈ ਫ਼ਾਇਦਾ ਨਹੀਂ,
ਜੇ ਮਿਟਦੀ ਨਾ ਤੇਰੇ ਅੰਦਰੋਂ ਬੁਰਾਈ ਹੈ।

ਹਰ ਪਲ ਨੇ ਕੁਝ ਨਵਾਂ ਲੁਕਾਇਆ ਹੁੰਦਾ,
ਸਮੇਂ ਦੀਆਂ ਪਰਤਾਂ ਅੰਦਰ ਹੁੰਦੀ ਗਹਿਰਾਈ ਹੈ।

ਕੁੜੀਆਂ ਦਾ ਘਰ ਕਿਹੜਾ ਪਤਾ ਨਾ ਲੱਗੇ,
ਦੋ ਘਰ ਹੁੰਦਿਆਂ ਵੀ ਕਹਿੰਦੇ ਪਰਾਈ ਹੈ।

ਤੂੰ ਕੁਝ ਸਜਾ ਹਰਫ਼ਾਂ ਨੂੰ ਬਲਦੇ ਸਫ਼ਿਆਂ ’ਤੇ,
ਚਿਹਰਿਆਂ ’ਤੇ ਚਿਰਾਂ ਤੋਂ ਮਾਯੂਸੀ ਛਾਈ ਹੈ।

ਫ਼ਰਿਆਦ ਵਾਲੀ ਚੌਖਟ ਛੱਡ ਦੇ ‘ਰਾਕੇਸ਼’,
ਤਰਲਿਆਂ ਨਾਲ ਨਾ ਹੁੰਦੀ ਸੁਣਵਾਈ ਹੈ।
ਸੰਪਰਕ: 94630-24455
* * *

ਹਾਦਸਿਆਂ ਦੇ ਰੂ-ਬ-ਰੂ

ਡਾ. ਆਤਮਾ ਸਿੰਘ ਗਿੱਲ

ਹਾਦਸਿਆਂ ਦੇ ਰੂ-ਬ-ਰੂ ਹੋਇਆ ਹਾਂ ਸਦਾ ਮੈਂ।
ਯਾਰਾ ਤੇਰੀ ਦੀਦ ਲਈ ਰੋਇਆ ਹਾਂ ਸਦਾ ਮੈਂ।
ਤੜਫ਼ਿਆ ਹਾਂ ਲੁੜਛਿਆ ਹਾਂ ਬਿਖਰਿਆ ਤੇ ਟੁੱਟਿਆ,
ਜਿਸਮ ਤੋਂ ਲੈ ਜ਼ਿਹਨ ਤੱਕ ਕੋਹਿਆ ਹਾਂ ਸਦਾ ਮੈਂ।
ਨਾਜ਼ੁਕ ਨਰਮ ਨਿਮਾਣਾ ਲੱਗਦਾ ਕੰਡਿਆਂ ਨੂੰ,
ਫੁੱਲਾਂ ਦੇ ਲਈ ਪੱਥਰ ਲੋਹਿਆ ਹਾਂ ਸਦਾ ਮੈਂ।
ਤੇਰੀਆਂ ਸੱਧਰਾਂ ਅਰਮਾਨਾਂ ਦਾ ਕਾਤਲ ਹਾਂ ਭਾਵੇਂ,
ਆਪਣੇ ਵੀ ਜਜ਼ਬਾਤਾਂ ਤੋਂ ਖੋਹਿਆ ਹਾਂ ਸਦਾ ਮੈਂ।
ਸਾਹਾਂ ਦਾ ਚੱਲਣਾ ਹੀ ਜ਼ਿੰਦਗੀ ਨਹੀਂ ਹੁੰਦੀ,
ਜਿਊਂਦਾ ਜਾਗਦਾ ਤੁਰਦਾ ਵੀ ਮੋਇਆ ਹਾਂ ਸਦਾ ਮੈਂ।
ਸੰਪਰਕ: 98788-83680
* * *

ਕੇਹੇ ਆ ਗਏ ਦਿਨ ਚੰਦਰੇ

ਜਗਤਾਰ ਗਿੱਲ

ਕੇਹੀਆਂ ਵਗ ਪਈਆਂ ਤੱਤੀਆਂ ਹਵਾਵਾਂ
ਪੁੱਤ ਬੁੱਕਲਾਂ ’ਚ ਲੁਕੋਂਦੀਆਂ ਮਾਵਾਂ
ਹੋਠਾਂ ਉੱਤੇ ਲੱਗੇ ਜੰਦਰੇ
ਕੇਹੇ ਆ ਗਏ ਦਿਨ ਚੰਦਰੇੇ

ਅੱਜ ਸੁਣਦਾ ਨਾ ਸਾਡੀ ਕੋਈ ਹੂਕ ਏ
ਅੱਖਾਂ ਬੁਝੀਆਂ ਤੇ ਚਿਹਰੇ ਨੇ ਕਰੂਪ ਵੇ
ਦਿਨ ਚਿੱਟੇ ਹੀ ਹਨੇਰ ਹੋਈ ਜਾਂਵਦਾ
ਕਿਸੇ ਦਾ ਨਾਂ ਦਿਲ ਪੰਘਰੇ
ਕੇਹੇ ਆ ਗਏ ਦਿਨ ਚੰਦਰੇੇ

ਮੂੰਹ ਜੋੜ ਜੋੜ ਲੋਕੀਂ ਗੱਲਾਂ ਕਰਦੇ
ਨਾਂ ਲੈਂਦੇ ਨਹੀਉਂ ਐਨਾ ਡਰਦੇ
ਰਾਤੀਂ ਧਾਰਦੇ ਰੂਪ ਨੇ ਸ਼ੈਤਾਨ ਦਾ
ਦਿਨੇ ਵੜ ਜਾਂਦੇ ਅੰਦਰੇ
ਕੇਹੇ ਆ ਗਏ ਦਿਨ ਚੰਦਰੇ

ਹੁਣ ਨਸ਼ਿਆਂ ਨੇ ਖਾ ਲਈਆਂ ਜਵਾਨੀਆਂ
ਕਿੱਥੇ ਲੱਭਣੀਆਂ ਚਾਲਾਂ ਮਸਤਾਨੀਆਂ
ਏਥੇ ਨਸ਼ਿਆਂ ਦੇ ਜਲਦੇ ਟਰੱਕ ਨੇ
ਉਹ ਵੀ ਸਾਰੇ ਬਿਨ ਨੰਬਰੇ
ਕੇਹੇ ਆ ਗਏ ਦਿਨ ਚੰਦਰੇ

ਕੋਈ ਨਾ ਦਿਸਦੀ ਜਾਗਦੀ ਜ਼ਮੀਰ ਹੁਣ
ਸੋਗੀ ਅੱਖੀਆਂ ’ਚੋਂ ਸੁੱਕ ਗਿਆ ਨੀਰ ਹੁਣ
ਇੱਥੇ ਦਿਨੇ ਹੀ ਹਨੇਰ ਹੋਈ ਜਾਂਵਦਾ
ਲੋਕੀਂ ਜਾਂਦੇ ਵੜ ਅੰਦਰੇ
ਕੇਹੇ ਆ ਗਏ ਦਿਨ ਚੰਦਰੇ

ਕੇਹੀਆਂ ਵਗ ਪਈਆਂ ਤੱਤੀਆਂ ਹਵਾਵਾਂ
ਪੁੱਤ ਬੁੱਕਲਾਂ ’ਚ ਲੁਕੋਂਦੀਆਂ ਨੇ ਮਾਵਾਂ
ਹੋਠਾਂ ਉੱਤੇ ਲੱਗੇ ਜੰਦਰੇ
ਕੇਹੇ ਆ ਗਏ ਦਿਨ ਚੰਦਰੇ
ਸੰਪਰਕ: 94647-80299
* * *

ਮੁਹੱਬਤ

ਅਜੀਤ ਖੰਨਾ

ਕੋਸ਼ਿਸ਼ ਕੀਤੀ, ਮੁਹੱਬਤ ਤੇਰੀ ਨੂੰ ਭੁੱਲ ਜਾਵਾਂ
ਸਹੁੰ ਤੇਰੀ, ਕਦੇ ਭੁਲਾ ਨਾ ਸਕਿਆ
ਬੜੀ ਕੋਸ਼ਿਸ਼ ਕੀਤੀ ਚਿੱਤ ਲਾਉਣ ਦੀ
ਸਹੁੰ ਤੇਰੀ ਚਿੱਤ ਕਿਤੇ ਮੈਂ ਲਾ ਨਾ ਸਕਿਆ
ਯਾਦਾਂ ਨਾਸੂਰ ਬਣ ਕੇ ਦੁੱਖ ਦੇ ਗਈਆਂ
ਸਹੁੰ ਤੇਰੀ ਸੁਖ ਕਦੇ ਮੈਂ ਪਾ ਨਾ ਸਕਿਆ
ਬੜੀ ਚੰਦਰੀ ਏ ਇਹ ਇਸ਼ਕੇ ਦੀ ਜ਼ਾਤ
ਸਹੁੰ ਤੇਰੀ ਹੋਰ ਥਾਂ ਬਾਤ ਮੈਂ ਪਾ ਨਾ ਸਕਿਆ
ਰੂਹ ਰੋਂਦੀ ਰਹਿੰਦੀ ਏ ਪਲ ਪਲ ਮੇਰੀ
ਸਹੁੰ ਤੇਰੀ ਹੁਣ ਤੱਕ ਮੈਂ ਵਰਾ ਨਾ ਸਕਿਆ
ਦੇ ਗਈ ਅੱਲੇ ਜ਼ਖ਼ਮ ਜੋ ਤੂੰ ਬਿਨ ਦੱਸਿਆਂ
ਸਹੁੰ ਤੇਰੀ ਮੱਲ੍ਹਮ ਉਨ੍ਹਾਂ ’ਤੇ ਲਾ ਨਾ ਸਕਿਆ
ਬੜਾ ਸਮਝਾਇਆ ਮਨ ਨੂੰ ਚੁੱਪ ਕਰ ਜਾ
ਸਹੁੰ ਤੇਰੀ ਮੈਂ ਚੁੱਪ ਕਰਾ ਨਾ ਸਕਿਆ
ਲੋਕ ਤਾਰੇ ਗਿਣ ਰਾਤਾਂ ਲੰਘਾ ਲੈਂਦੇ ਨੇ
ਸਹੁੰ ਤੇਰੀ ਰਾਤਾਂ ਮੈਂ ਲੰਘਾ ਨਾ ਸਕਿਆ
ਮੇਰਾ ਛੇਕੜਲਾ ਸਾਹ ਵੀ ਤੇਰਾ ਸੱਜਣਾ
ਸਹੁੰ ਤੇਰੀ ਤੇਰੇ ਬੋਲ ਭੁਲਾ ਨਹੀਂ ਸਕਿਆ
ਬੜੇ ਪਰਦੇ ਪਾਏ ਤੇਰੀ ਇਸ਼ਕ ਕਹਾਣੀ ’ਤੇ
ਸਹੁੰ ਤੇਰੀ ਖੰਨਾ ਲੁਕਾ ਨਾ ਸਕਿਆ
ਸੰਪਰਕ: 85448-54669
* * *

ਉਹ…

ਪ੍ਰਵੀਨ ਕੌਰ ਸਿੱਧੂ

ਉਹਦੇ ਘਰ ਇੱਕ ਜੀਅ ਜਨਮਿਆ,
ਉਹਦੇ ਘਰ ਦੇ ਜੀਆਂ ਨੇ ਲਾਡ ਲਡਾਏ ।
ਉਹਨੇ ਪਾਲਣ ਪੋਸ਼ਣ, ਸੰਸਾਰਿਕ ਪੜ੍ਹਾਈਆਂ,
ਜੀਵਨ ਜਾਚ ਦੇ ਕੁਝ ਸਬਕ ਪੜ੍ਹਾਏ।
ਉਹਨੇ ਮੇਲ ਮਿਲਾਕੇ, ਕਰਮਾਂ ਦੀ ਖੇਡ ਰਚਾ ਕੇ
ਹੋਰ ਨਵੇਂ ਜੀਆਂ ਨਾਲ ਸੰਗ ਕਰਾਏ।
ਉਹਨੇ ਡਰਾਮਾ ਰਚ ਕੇ, ਖੇਡ ਖੇਡ ਕੇ,
ਪਰਲੇ ਪਾਰ ਚੋਗੇ ਚੁਗਾਏ।
ਉਹਨੇ ਫਿਰ ਦੋ ਜੀਆਂ ਦੇ, ਦੋ ਹੋਰ ਬਣਾਕੇ,
ਪਹਿਲੇ ਜੀਆਂ ਤੋਂ ਨਵੇਂ ਪਲਾਏ।
ਉਹਨੇ ਵਿਧੀ ਬਣਾਕੇ, ਅਹਿਸਾਸ ਕਰਾ ਕੇ,
ਨਾਚੀਜ਼ ਤੋਂ ਇਹ ਸ਼ਬਦ ਲਿਖਾਏ।
* * *

ਗ਼ਜ਼ਲ

ਬਲਬੀਰ ਕੌਰ ਬੱਬੂ ਸੈਣੀ

ਸਮਾਂ ਆਵੇ ਜਦੋਂ ਮਾੜਾ ਬਣਾ ਕੇ ਹੌਸਲਾ ਰੱਖਣਾ।
ਮਿਲੇਗਾ ਰਾਸਤਾ ਕੋਈ ਖ਼ੁਦਾ ’ਤੇ ਆਸਥਾ ਰੱਖਣਾ।
ਹਨੇਰੇ ਦੀ ਨਹੀਂ ਔਕਾਤ ਕਿ ਉਹ ਢਕ ਲਵੇ ਚਾਨਣ,
ਹਮੇਸ਼ਾ ਆਸ ਦਾ ਦੀਪਕ ਮਨਾਂ ਅੰਦਰ ਜਗਾ ਰੱਖਣਾ।
ਸਵੈ-ਵਿਸ਼ਵਾਸ ਦਾ ਮਾਰਗ ਲਿਜਾਵੇ ਮੰਜ਼ਿਲਾਂ ਤਾਈਂ,
ਨਜ਼ਰ ਆਸਮਾਨ ਉੱਤੇ ਪੈਰ ਧਰਤੀ ’ਤੇ ਟਿਕਾ ਰੱਖਣਾ।
ਉਹਦੀ ਰਹਿਮਤ ਜੇ ਚਾਹੁੰਦੇ ਹੋ ਫ਼ਕਤ ਇੰਨਾ ਹੀ ਕਾਫ਼ੀ ਹੈ,
ਕਿਸੇ ਦਾ ਹੱਕ ਨਾ ਰੱਖਣਾ ਦਿਲਾਂ ਵਿੱਚ ਮੈਲ਼ ਨਾ ਰੱਖਣਾ।
ਜ਼ੁਬਾਨੋਂ ਹੋਣ ਜੋ ਮਿੱਠੇ ਤੇ ਮਨ ਵਿੱਚ ਖਾਰ ਜੋ ਰੱਖਣ,
ਅਜਿਹੇ ਦੋਸਤਾਂ ਤੋਂ ਹੋ ਸਕੇ ਤਾਂ ਫਾਸਲਾ ਰੱਖਣਾ।
ਇਹ ਦੁਨੀਆ ਹੈ ਬੜੀ ਜ਼ਾਲਿਮ ਕਿ ਰੋਂਦੇ ਨੂੰ ਰਵਾਉਂਦੀ ਹੈ,
ਦਿਖਾਓ ਹੱਸ ਕੇ ਸਭ ਨੂੰ ਤੇ ਗ਼ਮ ਅਪਣਾ ਛੁਪਾ ਰੱਖਣਾ।
ਸੰਪਰਕ: 84372-11036
* * *

The publish ਰੋਜ਼ੀ ਰੋਟੀ appeared first on Punjabi Tribune.

LEAVE A REPLY

Please enter your comment!
Please enter your name here