ਲਖੀਮਪੁਰ ਖੀਰੀ ਤੇ ਕਸ਼ਮੀਰ ਦੀਆਂ ਹਿੰਸਕ ਘਟਨਾਵਾਂ ਮੰਦਭਾਗੀਆਂ: ਦਾਦੂਵਾਲ

2

ਪ੍ਰਭੂ ਦਿਆਲ
ਸਿਰਸਾ, 9 ਅਕਤੂਬਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਤੇ ਹੁਣ ਕਸ਼ਮੀਰ ਵਿੱਚ ਵਾਪਰੀਆਂ ਦੋਵੇਂ ਹਿੰਸਕ ਘਟਨਾਵਾਂ ਕਾਫ਼ੀ ਮੰਦਭਾਗੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਾ ਕੀਤਾ ਜਾਣਾ ਹੋਰ ਵੀ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਿੰਸਕ ਘਟਨਾਵਾਂ ਨੇ ਦੇਸ਼-ਵਿਦੇਸ਼ ਵਿੱਚ ਵਸਦੇ ਅਮਨ ਪਸੰਦ ਲੋਕਾਂ ਦਾ ਮਨ ਦੁਖੀ ਕੀਤਾ ਹੈ।

ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਦਰੜ ਦੇਣ ਤੋਂ ਸਾਬਤ ਹੁੰਦਾ ਹੈ ਕਿ ਸਿਆਸੀ ਲੀਡਰਾਂ ਦੇ ਕਾਕੇ ਸੱਤਾ ਦੇ ਨਸ਼ੇ ਵਿੱਚ ਮਗਰੂਰ ਹੋ ਕੇ ਕਾਨੂੰਨ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਤਾਂ ਰੱਦ ਹੋ ਜਾਣਗੇ, ਪਰ ਜਿਹੜੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਹਨ, ਉਹ ਕਦੇ ਵਾਪਸ ਨਹੀਂ ਆ ਸਕਣਗੀਆਂ।

ਕਸ਼ਮੀਰ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਸਬੰਧੀ ਉਨ੍ਹਾਂ ਕਿਹਾ ਕਿ ਜੇ ਅਧਿਆਪਕਾਂ ਨੂੰ ਇਸ ਤਰ੍ਹਾਂ ਗੋਲੀਆਂ ਨਾਲ ਉਡਾਇਆ ਜਾਵੇਗਾ ਤਾਂ ਹਾਲਾਤ ਹੋਰ ਬਦਤਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਤੇ ਤੁਰੰਤ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Leave a Reply