26.2 C
Miami
Monday, October 18, 2021
HomeLanguageਪੰਜਾਬੀਲਖੀਮਪੁਰ ਖੀਰੀ ਹਿੰਸਾ ‘ਦਹਿਸ਼ਤੀ ਹਮਲਾ’: ਕਿਸਾਨ ਮੋਰਚਾ

ਲਖੀਮਪੁਰ ਖੀਰੀ ਹਿੰਸਾ ‘ਦਹਿਸ਼ਤੀ ਹਮਲਾ’: ਕਿਸਾਨ ਮੋਰਚਾ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਅਕਤੂਬਰ

ਮੁੱਖ ਅੰਸ਼

  • ਘਟਨਾ ਨੂੰ ਗਿਣੀ-ਮਿੱਥੀ ਸਾਜ਼ਿਸ਼ ਦਾ ਨਤੀਜਾ ਦੱਸਿਆ
  • ਰੋਸ ਵਜੋਂ ਦਸਹਿਰੇ ਮੌਕੇ ਮੋਦੀ ਤੇ ਸ਼ਾਹ ਦੇ ਪੁਤਲੇ ਫੂਕਣ ਦਾ ਐਲਾਨ

ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਯੂਨੀਅਨਾਂ ਨੇ ਲਖੀਮਪੁਰ ਖੀਰੀ ਘਟਨਾ ਨੂੰ ‘ਦਹਿਸ਼ਤੀ ਹਮਲਾ’ ਕਰਾਰ ਦਿੰਦਿਆਂ ਇਸ ਨੂੰ ‘ਗਿਣੀ ਮਿੱਥੀ ਸਾਜ਼ਿਸ਼’ ਦਾ ਹਿੱਸਾ ਦੱਸਿਆ ਹੈ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਦੀ ਮੂਹਰੇ ਹੋ ਕੇ ਅਗਵਾਈ ਕਰ ਰਹੇ ਮੋਰਚੇ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤੇ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਫੌਰੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਮੋਰਚੇ ਨੇ ਚਿਤਾਵਨੀ ਦਿੱਤੀ ਕਿ ਜੇਕਰ 11 ਅਕਤੂਬਰ ਤੱਕ ਉਨ੍ਹਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਲਖੀਮਪੁਰ ਖੀਰੀ ਤੋਂ ‘ਸ਼ਹੀਦ ਕਿਸਾਨ ਯਾਤਰਾ’ ਕੱਢਣਗੇ। ਇਸ ਦੇ ਨਾਲ ਹੀ ਮੋਰਚੇ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ 12 ਅਕਤੂਬਰ ਨੂੰ ਚਾਰ ਕਿਸਾਨਾਂ ਦੇ ਭੋਗ ਮੌਕੇ ਵੱਖ ਵੱਖ ਥਾਈਂ ਪ੍ਰਾਰਥਨਾ ਮੀਟਿੰਗਾਂ ਕਰਨ। ਲੋਕਾਂ ਨੂੰ ਉਸੇ ਸ਼ਾਮ ਆਪਣੇ ਘਰਾਂ ਬਾਹਰ ਮੋਮਬੱਤੀਆਂ ਜਗਾਉਣ ਲਈ ਵੀ ਕਿਹਾ ਗਿਆ ਹੈ। ਮੋਰਚੇ ਨੇ ਲਖੀਮਪੁਰ ਖੀਰੀ ਘਟਨਾ ਦੇ ਵਿਰੋਧ ਵਿੱਚ ਰੋਸ ਜਤਾਉਣ ਲਈ ਦਸਹਿਰੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇੇ ਪੁਤਲੇ ਫੂਕਣ ਦਾ ਵੀ ਐਲਾਨ ਕੀਤਾ ਹੈ। 18 ਅਕਤੂਬਰ ਤੋਂ ਦੇਸ਼ ਭਰ ਵਿੱਚ ‘ਰੇਲ ਰੋਕੋ’ ਦਾ ਸੱਦਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ ਜਦੋਂਕਿ 26 ਅਕਤੂਬਰ ਨੂੰ ਲਖਨਊ ’ਚ ਮਹਾਪੰਚਾਇਤ ਹੋਵੇੇਗੀ। ਪ੍ਰੈੱਸ ਕਲੱਬ ਆਫ਼ ਇੰਡੀਆ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਯੋਗੇਂਦਰ ਯਾਦਵ, ਰਾਕੇਸ਼ ਟਿਕੈਤ, ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਂਹਾ, ਹਰਪਾਲ ਸਿੰਘ, ਹਨਨ ਮੁੱਲਾ, ਸੁਰੇਸ਼ ਕੈਂਥ, ਰਾਜਵੀਰ ਜਦੌਨ ਤੇ ਅਭਿਮੰਨਿਊ ਕੋਹਾਟ ਮੌਜੂਦ ਸਨ। ਸੰਯੁਕਤ ਕਿਸਾਨ ਮੋਰਚੇੇ ਦੇ ਆਗੂ ਯੋਗੇਂਦਰ ਯਾਦਵ ਨੇ ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਅਜੈ ਮਿਸ਼ਰਾ ਨੂੰ ਕੇਂਦਰੀ ਵਜ਼ਾਰਤ ’ਚੋਂ ਲਾਂਭੇ ਕੀਤਾ ਜਾਵੇ, ਕਿਉਂਕਿ ਇਸ ਸਾਜ਼ਿਸ਼ ਦੀ ਸ਼ੁਰੂਆਤ ਉਨ੍ਹਾਂ ਹੀ ਕੀਤੀ ਸੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਵੱਲੋਂ ਕੇਸ ਵਿੱਚ ਸ਼ਾਮਲ ਹੋਰਨਾਂ ਮੁਲਜ਼ਮਾਂ ਨੂੰ ਬਚਾਇਆ ਜਾ ਰਿਹੈ। ਸਵਰਾਜ ਅਭਿਆਨ ਦੇ ਆਗੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 15 ਅਕਤੂੁਬਰ ਨੂੰ ਦਸਹਿਰੇ ਵਾਲੇ ਦਿਨ ਲਖੀਮਪੁਰੀ ਖੀਰੀ ਹਿੰਸਾ ਖਿਲਾਫ਼ ਵਿਰੋਧ ਦਰਜ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੂਕੇ ਜਾਣਗੇ। ਯੋਗੇਂਦਰ ਯਾਦਵ ਨੇ ਕਿਹਾ, ‘‘ਅਸੀਂ ਲਖੀਮਪੁਰ ਖੀਰੀ ਵਿੱਚ ਗਈਆਂ ਜਾਨਾਂ ਤੋਂ ਦੁਖੀ ਹਾਂ, ਫਿਰ ਇਹ ਭਾਜਪਾ ਵਰਕਰਾਂ ਦੀ ਹੋਵੇ ਜਾਂ ਕਿਸਾਨਾਂ ਦੀ। ਇਹ ਸਭ ਕੁਝ ਮੰਦਭਾਗਾ ਸੀ ਤੇ ਅਸੀਂ ਆਸ ਕਰਦੇ ਹਾਂ ਕਿ ਨਿਆਂ ਮਿਲੇਗਾ।’ ਯਾਦਵ ਨੇ ਕਿਹਾ, ‘‘ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰੰਨੀਆਂ ਤਾਂ 11 ਅਕਤੂਬਰ ਨੂੰ ਲਖੀਮਪੁਰ ਖੀਰੀ ਤੋਂ ਪੀੜਤ ਕਿਸਾਨਾਂ ਦੀਆਂ ਅਸਥੀਆਂ ਦੇ ਨਾਲ ‘ਸ਼ਹੀਦ ਕਿਸਾਨ ਯਾਤਰਾ’ ਕੱਢਾਂਗੇ।

ਕਿਸਾਨ ਆਗੂ ਦਰਸ਼ਨ ਪਾਲ ਨੇ ਦਾਅਵਾ ਕੀਤਾ ਕਿ ਲਖੀਮਪੁਰ ਖੀਰੀ ਜਿਹੀਆਂ ਘਟਨਾਵਾਂ ਚਾਣਚੱਕ ਨਹੀਂ ਵਾਪਰਦੀਆਂ। ਉਨ੍ਹਾਂ ਕਿਹਾ, ‘‘ਕੇਂਦਰੀ ਮੰਤਰੀ ਅਜੈ ਮਿਸ਼ਰਾ ਨੇ 25 ਸਤੰਬਰ ਨੂੰ ਲਖੀਮਪੁਰ ਖੀਰੀ ’ਚ ਇਕ ਸਮਾਗਮ ਦੌਰਾਨ ਕੁਝ ਟਿੱਪਣੀਆਂ ਕੀਤੀਆਂ ਸਨ। 3 ਅਕਤੂਬਰ ਨੂੰ ਜੋ ਕੁਝ ਹੋਇਆ, ਇਹ(ਟਿੱਪਣੀਆਂ) ਉਸ ਦਾ ਪਿਛੋਕੜ ਸਿਰਜਦੀਆਂ ਹਨ। ਵੀਡੀਓ ਫੇਸਬੁੱਕ ’ਤੇ ਮੌਜੂਦ ਹੈ। ਇਹ ਘਟਨਾ ਦਹਿਸ਼ਤੀ ਹਮਲਾ ਤੇ ਗਿਣੀ-ਮਿੱਥੀ ਸਾਜ਼ਿਸ਼ ਦਾ ਹਿੱਸਾ ਸੀ।’’ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਹਿੰਸਕ ਪਹੁੰਚ ਅਪਣਾ ਰੱਖੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੰਘਰਸ਼ ਦੇ ਰਾਹ ਪਏ ਕਿਸਾਨ ਕਦੇ ਵੀ ਹਿੰਸਾ ਦਾ ਰਾਹ ਅਖ਼ਤਿਆਰ ਨਹੀਂ ਕਰਨਗੇ।

ਉਨ੍ਹਾਂ ਕਿਹਾ, ‘‘ਅਸੀਂ ਮੰਗ ਕਰਦੇ ਹਾਂ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਤੇ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਜਾਵੇ।’’ ਹਨਨ ਮੌਲਾ ਨੇ ਕਿਹਾ ਕਿ ਦੋਸ਼ੀਆਂ ਨੂੰ ਸੱਤਾਧਾਰੀ ਧਿਰ ਦੀ ਸਰਪ੍ਰਸਤੀ ਹਾਸਲ ਹੈ। ਸੰਯੁਕਤ ਕਿਸਾਨ ਮੋਰਚੇ ਨੇ ਮਿਸ਼ਰਾ ਪਿਉ-ਪੁੱਤ ਨੂੰ ਗ੍ਰਿਫ਼ਤਾਰ ਨਾ ਕਰਨ ਤੇ ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਨਾ ਕਰਨ ’ਤੇ 18 ਅਕਤੂਬਰ ਤੋਂ ਦੇਸ਼ ਭਰ ਵਿੱਚ ‘ਰੇਲ ਰੋਕੋ’ ਦਾ ਸੱਦਾ ਪਹਿਲਾਂ ਹੀ ਦਿੱਤਾ ਹੋਇਆ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਦਰੜਨ ਵਾਲੇ ਵਾਹਨ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਸਵਾਰ ਸੀ। 

RELATED ARTICLES

Leave a Reply

- Advertisment -

You May Like

%d bloggers like this: