ਲਖੀਮਪੁਰ ਹਿੰਸਾ ਨੂੰ ‘ਹਿੰਦੂ ਤੇ ਸਿੱਖ’ ਦੀ ਲੜਾਈ ਵਿੱਚ ਬਦਲਣ ਦੀ ਕੋਸ਼ਿਸ਼ ਗ਼ਲਤ: ਵਰੁਣ ਗਾਂਧੀ

2

ਨਵੀਂ ਦਿੱਲੀ, 10 ਅਕਤੂਬਰ

ਲਖੀਮਪੁਰ ਖੀਰੀ ਮਾਮਲੇ ਨੂੰ ਹਿੰਦੂਆਂ ਤੇ ਸਿੱਖਾਂ ਦੀ ਲੜਾਈ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਚਿਤਾਵਨੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਦੀਆਂ ਗ਼ਲਤਫਹਿਮੀਆਂ ਪੈਦਾ ਕਰਨਾ ਖ਼ਤਰਨਾਕ ਹੈ। ਅਜਿਹੇ ਜ਼ਖ਼ਮਾਂ ਨੂੰ ਭਰਨ ਵਿੱਚ ਇਕ ਸਦੀ ਲੱਗ ਜਾਂਦੀ ਹੈ।

ਹਾਲ ਹੀ ਵਿੱਚ ਭਾਜਪਾ ਦੀ ਕੌਮੀ ਕਾਰਜਕਾਰਨੀ ਤੋਂ ਲਾਂਭੇ ਕੀਤੇ ਪੀਲੀਭੀਤ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਉੱਥੋਂ ਦੇ ਸਥਾਨਕ ਅਸਰ ਰਸੂਖ਼ ਵਾਲੇ ਵਿਅਕਤੀਆਂ ਵੱਲੋਂ ਗਰੀਬ ਕਿਸਾਨਾਂ ਦਾ ਕਤਲੇਆਮ ਕੀਤਾ ਗਿਆ। ਇਹ ਮਾਮਲਾ ਧਰਮ ਨਾਲ ਜੁੜਿਆ ਹੋਇਆ ਨਹੀਂ ਹੈ। ਉਨ੍ਹਾਂ ਕਿਹਾ,‘ਪ੍ਰਦਰਸ਼ਨਕਾਰੀ ਕਿਸਾਨਾਂ ਲਈ ‘ਖਾਲਿਸਤਾਨੀ’ ਸ਼ਬਦ ਦੀ ਵਰਤੋਂ ਨਾ ਸਿਰਫ਼ ਤਰਾਈ ਦੇ ਉਨ੍ਹਾਂ ਪੁੱਤਾਂ, ਜਿਨ੍ਹਾਂ ਨੇ ਲੜਦਿਆਂ ਬਾਰਡਰਾਂ ’ਤੇ ਆਪਣਾ ਖ਼ੂਨ ਵਹਾਇਆ ਹੈ, ਦੀਆਂ ਪੀੜ੍ਹੀਆਂ ਦਾ ਅਪਮਾਨ ਹੈ, ਸਗੋਂ ਸਾਡੀ ਕੌਮੀ ਏਕਤਾ ਲਈ ਵੀ ਖ਼ਤਰਨਾਕ ਹੈ, ਜੇ ਇਸ ਨੂੰ ਗ਼ਲਤ ਰੰਗਤ ਦਿੱਤੀ ਜਾਂਦੀ ਹੈ।’ ਉਨ੍ਹਾਂ ਟਵੀਟ ਕੀਤਾ,‘ਲਖੀਮਪੁਰ ਖੀਰੀ ਦੇ ਮਾਮਲੇ ਨੂੰ ਹਿੰਦੂ ਤੇ ਸਿੱਖ ਦੀ ਲੜਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮਹਿ਼ਜ਼ ਅਨੈਤਿਕ ਤੇ ਨਕਲੀ ਵਿਸ਼ਲੇਸ਼ਣ ਹੀ ਨਹੀਂ ਹੈ ਸਗੋਂ ਇਹੋ ਜਿਹੀਆਂ ਗ਼ਲਤਫਹਿਮੀਆਂ ਪੈਦਾ ਕਰਨਾ ਬੇਹੱਦ ਖ਼ਤਰਨਾਕ ਹੈ। ਸਾਨੂੰ ਅਜਿਹੇ ਮੁੱਦਿਆਂ ’ਤੇ ਸੌੜੀ ਸਿਆਸਤ ਛੱਡ ਕੇ ਕੌਮੀ ਏਕਤਾ ਉਸਾਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਤਿੰਨ ਅਕਤੂਬਰ ਦੀ ਲਖੀਮਪੁਰ ਖੀਰੀ ਹਿੰਸਾ ਦੀ ਘਟਨਾ ਸਬੰਧੀ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ

Leave a Reply