ਲੋਕਾਂ ’ਚ ਭਾਜਪਾ ਖ਼ਿਲਾਫ਼ ਰੋਹ ਭਖਿਆ

0


ਜੋਗਿੰਦਰ ਸਿੰਘ ਮਾਨ
ਮਾਨਸਾ, 5 ਅਕਤੂਬਰ

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਅੰਦਰ ਯੂਪੀ ਲਖੀਮਪੁਰ ਖੀਰੀ ਵਿੱਚ ਭਾਜਪਾ ਦੇ ਮੰਤਰੀ ਦੇ ਲੜਕੇ ਅਤੇ ਸਾਥੀਆਂ ਵੱਲੋਂ ਸੰਘਰਸ਼ੀ ਕਿਸਾਨਾਂ ਉਪਰ ਗੱਡੀ ਚੜ੍ਹਾ ਕੇ ਸ਼ਰ੍ਹੇਆਮ ਕਿਸਾਨਾਂ ਦੇ ਕਤਲੇਆਮ ਖ਼ਿਲਾਫ਼ ਮੋਦੀ ਤੇ ਯੋਗੀ ਦੀਆਂ ਅਰਥੀਆਂ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਜਾਵੇ ਤੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਵਾਏ ਜਾਣ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਇਥੇ ਦਾਅਵਾ ਕੀਤਾ ਕਿ ਸੂਬਾ ਪੱਧਰੀ ਇਸ ਸੱਦੇ ਤਹਿਤ ਮਾਨਸਾ ਤੋਂ ਇਲਾਵਾ ਬਠਿੰਡਾ, ਬਰਨਾਲਾ, ਫ਼ਰੀਦਕੋਟ, ਫਿਰੋਜ਼ਪੁਰ, ਸੰਗਰੂਰ, ਮਾਲੇਰਕੋਟਲਾ, ਮੋਗਾ, ਹੁਸ਼ਿਆਰਪੁਰ ਵਿੱਚ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਅੰਦਰ ਮੋਦੀ ਅਤੇ ਯੋਗੀ ਦੀਆਂ ਅਰਥੀਆਂ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਭੀਖੀ (ਕਰਨ ਭੀਖੀ): ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਯੂਪੀ ਦੇ ਲਖੀਮਪੁਰ ਵਿੱਚ ਕਿਸਾਨਾਂ ਉਪਰ ਗੱਡੀ ਚੜ੍ਹਾ ਕੇ ਹੱਤਿਆ ਕਰਨ ਦੇ ਰੋਸ ਵਜੋਂ ਪਿੰਡ ਖੀਵਾ ਖੁਰਦ, ਮੱਤੀ, ਮੌਜੋ, ਸਮਾਉਂ, ਹੀਰੋਂ ਕਲਾਂ, ਢੈਪਈ, ਮੋਹਰ ਸਿੰਘ ਵਾਲਾ, ਗੜੱਦੀ, ਫਫੜੇ ਤੇ ਫਰਵਾਹੀ ਆਦਿ ਪਿੰਡਾਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਤੇ ਯੂਪੀ ਦੀ ਯੋਗੀ ਸਰਕਾਰ ਦੀ ਅਰਥੀ ਸਾੜੀ ਗਈ।

ਧਨੌਲਾ (ਪੁਨੀਤ ਮੈਨਨ): ਯੂਪੀ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੇ ਵਿਰੋਧ ‘ਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਯੋਗੀ ਸਰਕਾਰ ਤੇ ਮੋਦੀ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੁਤਲਾ ਫੂਕਿਆ ਗਿਆ।

ਬਰੇਟਾ (ਸਤਿ ਪ੍ਰਕਾਸ਼ ਸਿੰਗਲਾ): ਖੇਤੀ ਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਇੱਥੇ ਪੈਟਰੋਲ ਪੰਪ ਤੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਲਾਇਆ ਧਰਨਾ ਜਾਰੀ ਹੈ।

ਕਿਸਾਨਾਂ ਤੇ ਕਾਂਗਰਸ ਸੇਵਾ ਦਲ ਵੱਲੋਂ ਮੋਮਬੱਤੀ ਮਾਰਚ

ਸਿਰਸਾ (ਪ੍ਰਭੂ ਦਿਆਲ): ਲਖੀਮਪੁਰ ਖੀਰੀ ਘਟਨਾ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜ਼ਲੀ ਦੇਣ ਲਈ ਕਿਸਾਨਾਂ ਤੇ ਕਾਂਗਰਸੀ ਸੇਵਾ ਦਲ ਵੱਲੋਂ ਵੱਖ-ਵੱਖ ਥਾਈਂ ਮੋਮਬੱਤੀ ਮਾਰਚ ਕੀਤਾ ਗਿਆ। ਕਾਂਗਰਸ ਸੇਵਾ ਦਲ ਨੇ ਸ਼ਹੀਦ ਭਗਤ ਸਿੰਘ ਚੌਕ ਤੋਂ ਮੋਮਬੱਤੀ ਮਾਰਚ ਸ਼ੁਰੂ ਕੀਤਾ, ਜਿਹੜਾ ਰੋੜੀ ਬਾਜ਼ਾਰ ਹੁੰਦਾ ਹੋਇਆ ਸੁਭਾਸ਼ ਚੌਕ ਪਹੁੰਚ ਕੇ ਇਕ ਜਲਸੇ ਦੇ ਰੂਪ ਵਿੱਚ ਬਦਲ ਗਿਆ। ਉਧਰ ਪਿੰਡ ਮੱਲੇਕਾਂ ‘ਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਬਣਾਏ ਗਏ ਕਿਸਾਨ ਪਾਰਕ ਤੋਂ ਮੋਮਬੱਤੀ ਮਾਰਚ ਸ਼ੁਰੂ ਹੋਇਆ ਜੋ ਪਿੰਡ ਦੀਆਂ ਗਲੀਆਂ ‘ਚੋਂ ਲੰਘਦਾ ਹੋਇਆ ਵਾਪਸ ਸ਼ਹੀਦ ਪਾਰਕ ਵਿੱਚ ਸਮਾਪਤ ਹੋਇਆ। ਇਸ ਤਰ੍ਹਾਂ ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਲਾਏ ਗਏ ਪੱਕੇ ਮੋਰਚੇ ਤੋਂ ਮੋਮਬੱਤੀ ਮਾਰਚ ਕੱਢਿਆ ਗਿਆ।

ਸੰਯੁਕਤ ਅਕਾਲੀ ਦਲ ਵੱਲੋਂ ਤਖ਼ਤੀਆਂ ਫੜ ਕੇ ਚੌਕ ‘ਚ ਮੋਨ ਪ੍ਰਦਰਸ਼ਨ

ਮਾਨਸਾ (ਪੱਤਰ ਪ੍ਰੇਰਕ): ਸੰਯੁਕਤ ਅਕਾਲੀ ਦਲ ਜ਼ਿਲ੍ਹਾ ਮਾਨਸਾ ਵੱਲੋਂ ਬਿਨਾਂ ਕਿਸੇ ਪਾਰਟੀ ਦੇ ਬੈਨਰ ਤੋਂ ਸੈਂਕੜੇ ਪਾਰਟੀ ਵਰਕਰਾਂ ਨੇ ਹੱਥਾਂ ਵਿੱਚ ਕਿਸਾਨ ਪੱਖੀ ਨਾਅਰੇ ਅਤੇ ਸਲੋਗਨ ਲਿਖੇ ਹੋਏ ਬੈਨਰ ਅਤੇ ਤਖ਼ਤੀਆਂ ਫੜਕੇ ਮਾਨਸਾ ਕੈਂਚੀਆਂ ਵਾਲੇ ਚੌਕ ਵਿੱਚ ਖੜ੍ਹਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਵੱਲੋਂ ਕਿਸਾਨੀ ਘੋਲ ਲਈ ਰਾਹਗੀਰਾਂ ਨੂੰ ਜਾਗਰੂਕ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸਿਆਸਤ ਤੋਂ ਉਪਰ ਉਠਕੇ ਅੰਨਦਾਤਾ ਦੇ ਹੱਕ ਵਿੱਚ ਨਿੱਤਰਨ ਦਾ ਹੋਕਾ ਦਿੱਤਾ ਗਿਆ। ਇਸ ਪ੍ਰਦਰਸ਼ਨ ਦੀ ਵਿਲੱਖਣ ਗੱਲ ਇਹ ਸੀ ਕਿ ਪ੍ਰਦਰਸ਼ਨਕਾਰੀ ਬਿਲਕੁਲ ਮੋਨ ਖੜ੍ਹੇ ਸਨ, ਕੋਈ ਨਾਅਰੇ ਨਹੀਂ ਲਗਾਏ ਅਤੇ ਇਹ ਵੀ ਫ਼ੈਸਲਾ ਕੀਤਾ ਕਿ ਇਸ ਪ੍ਰਕਾਰ ਦਾ ਪ੍ਰਦਰਸ਼ਨ ਹਰ ਹਫ਼ਤੇ ਕੀਤਾ ਜਾਵੇਗਾ।


Leave a Reply