ਲੋਕਾਂ ਦੀ ਰਾਖੀ ਕਰਨ ’ਚ ਕੇਂਦਰ ਨਾਕਾਮ: ਕਾਂਗਰਸ

1


ਸ੍ਰੀਨਗਰ, 9 ਅਕਤੂਬਰ

ਕਾਂਗਰਸ ਆਗੂ ਰਜਨੀ ਪਾਟਿਲ ਨੇ ਅੱਜ ਹਾਲ ਹੀ ਵਿਚ ਜੰਮੂ ਕਸ਼ਮੀਰ ’ਚ ਅਤਿਵਾਦੀਆਂ ਵੱਲੋਂ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਕੇਂਦਰ ਉਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਰਾਖੀ ਕਰਨ ਵਿਚ ‘ਨਾਕਾਮ’ ਰਹੀ ਹੈ। ਕਾਂਗਰਸ ਆਗੂ ਤੇ ਰਾਜ ਸਭਾ ਮੈਂਬਰ ਨੇ ਚੁਣ ਕੇ ਕੀਤੀਆਂ ਗਈਆਂ ਹੱਤਿਆਵਾਂ ਨੂੰ ਕੇਂਦਰ ਸਰਕਾਰ ਦੀ ਵੱਡੀ ਨਾਕਾਮੀ ਕਰਾਰ ਦਿੱਤਾ। ਜ਼ਿਕਰਯੋਗ ਹੈ ਕਸ਼ਮੀਰ ਵਿਚ ਪਿਛਲੇ ਪੰਜ ਦਿਨਾਂ ਦੌਰਾਨ ਸੱਤ ਨਾਗਰਿਕਾਂ ਦੀ ਹੱਤਿਆ ਕੀਤੀ ਗਈ ਹੈ। ਇਨ੍ਹਾਂ ਵਿਚੋਂ ਚਾਰ ਘੱਟਗਿਣਤੀ ਭਾਈਚਾਰੇ ਦੇ ਸਨ। ਪਾਟਿਲ ਅੱਜ ਬਾਂਦੀਪੁਰਾ ਵਿਚ ਮਾਰੇ ਗਏ ਮੁਹੰਮਦ ਸ਼ਫ਼ੀ ਦਾਰ ਦੇ ਘਰ ਗਈ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਾਟਿਲ ਦੇ ਨਾਲ ਇਸ ਮੌਕੇ ਜੰਮੂ ਕਸ਼ਮੀਰ ਕਾਂਗਰਸ ਦੇ ਪ੍ਰਧਾਨ ਜੀ.ਏ. ਮੀਰ ਤੇ ਹੋਰ ਮੌਜੂਦ ਸਨ। ਪਾਟਿਲ ਨੇ ਦੋਸ਼ ਲਾਇਆ ਕਿ ਕਸ਼ਮੀਰ ਵਿਚ ਸੁਰੱਖਿਆ ਦੀ ਸਥਿਤੀ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਸ਼ਮੀਰ ਵਿਚ ਘੱਟਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਪਾਟਿਲ ਤੇ ਮੀਰ ਅਧਿਆਪਕ ਦੀਪਕ ਚੰਦ ਦੇ ਘਰ ਵੀ ਗਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸੇ ਦੌਰਾਨ ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਗ਼ਨੀ ਲੋਨ ਨੇ ਕਿਹਾ ਕਿ ਕਸ਼ਮੀਰ ਵਿਚ ਲੜੀਵਾਰ ਹੋਏ ਹਮਲੇ ਘੱਟਗਿਣਤੀਆਂ ਨੂੰ ‘ਬੇਗਾਨੇ’ ਕਰਨ ਲਈ ਜਾਣਬੁੱਝ ਕੇ ਕੀਤਾ ਗਿਆ ਯਤਨ ਹੈ। -ਪੀਟੀਆਈ


Leave a Reply