ਟੋਕੀਓ, 19 ਜੁਲਾਈ

ਟੋਕੀਓ ਪੁੱਜੇ ਭਾਰਤੀ ਅਥਲੀਟਾਂ ਨੇ ਓਲੰਪਿਕ ਤੋਂ ਪਹਿਲਾਂ ਦੀ ਆਪਣੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਕਰੋਨਾ ਮਹਾਮਾਰੀ ਦੇ ਪ੍ਰਛਾਵੇਂ ਹੇਠ ਹੋ ਰਹੀਆਂ ਇਨ੍ਹਾਂ ਖੇਡਾਂ ਦੌਰਾਨ ਭਾਰਤੀ ਖਿਡਾਰੀ ਉਨ੍ਹਾਂ ਤੋਂ ਲਾਈਆਂ ਤਗਮੇ ਦੀਆਂ ਆਸਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ। ਭਾਰਤੀ ਅਥਲੀਟਾਂ ਦਾ ਪਹਿਲਾ ਬੈਚ ਐਤਵਾਰ ਸਵੇੇਰੇ ਟੋਕੀਓ ਪੁੱਜ ਗਿਆ ਸੀ। ਕੋਵਿਡ-19 ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਮਗਰੋਂ ਭਾਰਤੀ ਅਥਲੀਟਾਂ ਨੇ ਖੇਡ ਪਿੰਡ ਵਿੱਚ ਡੇਰੇ ਲਾ ਲੲੇ ਹਨ। ਅੱਜ ਸਵੇਰੇ ਸਿਖਲਾਈ ਸ਼ੁਰੂ ਕਰਨ ਵਾਲੇ ਖਿਡਾਰੀਆਂ ’ਚ ਤੀਰਅੰਦਾਜ਼ ਦੀਪਿਕਾ ਕੁਮਾਰੀ ਤੇ ਅਤਨੂ ਦਾਸ, ਮੁੱਕੇਬਾਜ਼ ਐਮਸੀ ਮੈਰੀਕੋਮ, ਪੂਜਾ ਰਾਣੀ, ਸਿਮਰਨਜੀਤ ਕੌਰ ਤੇ ਲਵਲੀਨਾ ਬੋਰਗੋਹੇਨ, ਟੇਬਲ ਟੈਨਿਸ ਖਿਡਾਰੀ ਜੀ.ਸਾਥੀਆਨ ਤੇ ੲੇ.ਸ਼ਰਤ ਕਮਲ, ਸ਼ਟਲਰ ਪੀ.ਵੀ.ਸਿੰਧੂ ਤੇ ਬੀ.ਸਾਈਂ ਪ੍ਰਨੀਤ ਤੇ ਖੇਡ ਦਲ ’ਚ ਸ਼ਾਮਲ ਇਕੋ ਇਕ ਜਿਮਨਾਸਟ ਪ੍ਰਨਾਤੀ ਨਾਇਕ ਸ਼ਾਮਲ ਹਨ। ਅਤਨੂ ਤੇ ਦੀਪਿਕਾ ਨੇ ਯੁਮੇਨੋਸ਼ਿਮਾ ਪਾਰਕ ਵਿੱਚ ਆਪਣੇ ਹੁਨਰ ਨੂੰ ਨਿਖਾਰਿਆ। ਜਿਮਨਾਸਟ ਨਾਇਕ ਨੇ ਕੋਚ ਲਕਸ਼ਮਨ ਮਨੋਹਰ ਸ਼ਰਮਾ ਦੀ ਨਿਗਰਾਨੀ ’ਚ ਸਿਖਲਾਈ ਸ਼ੁਰੂ ਕੀਤੀ। ਸ਼ਟਲਰ ਸਿੰਧੂ ਤੇ ਪ੍ਰਨੀਤ ਨੇ ਸਿੰਗਲਜ਼ ਦੇ ਕੋਚ ਟੇਅ ਸੈਂਗ ਜਦੋਂਕਿ ਪੁਰਸ਼ ਡਬਲਜ਼ ਦੀ ਜੋੜੀ ਚਿਰਾਗ ਸ਼ੈੱਟੀ ਤੇ ਸਾਤਵਿਕਸਾਈਰਾਜ ਰਾਂਕੀਰੈੱਡੀ ਨੇ ਕੋਚ ਮੈਥਿਆਸ ਬੋਅ ਕੋਲੋਂ ਖੇਡ ਦੇ ਗੁਰ ਸਿੱਖੇ। ਇਸ ਦੌਰਾਨ ਭਾਰਤੀ ਨਿਸ਼ਾਨੇਬਾਜ਼ਾਂ ਨੇ ਵੀ ਅਸਾਕਾ ਸ਼ੂਟਿੰਗ ਰੇਂਜ ਵਿੱਚ ਆਪਣੇ ਪਹਿਲੇ ਸਿਖਲਾਈ ਸੈਸ਼ਨ ਵਿੱਚ ਹਾਜ਼ਰੀ ਲਵਾਈ। ਉੱਤਰ ਪੱਛਮੀ ਟੋਕੀਓ ਦੇ ਸਾਈਤਾਮਾ ਵਿੱਚ ਬਣੀ ਇਸੇ ਰੇਂਜ ਵਿੱਚ 24 ਜੁਲਾਈ ਤੋਂ 2 ਅਗਸਤ ਤੱਕ ਮੁਕਾਬਲੇ ਹੋਣਗੇ। ਭਾਰਤੀ ਖੇਡ ਦਲ ਦੇ ਕਈ ਖਿਡਾਰੀ ਜੋ ਵਿਦੇਸ਼ ਵਿੱਚ ਸਿਖਲਾਈ ਲੈ ਰਹੇ ਸਨ, ਉਥੋਂ ਸਿੱਧਾ ਇਥੇ ਪੁੱਜੇ ਹਨ। ਕਾਬਿਲੇਗੌਰ ਹੈ ਕਿ ਓਲੰਪਿਕ ਪ੍ਰਬੰਧਨ ਕਮੇਟੀ ਨੇ ਭਾਰਤ ਤੋਂ ਆਉਣ ਵਾਲੇ ਅਥਲੀਟਾਂ ਦੇ ਟੋਕੀਓ ਪੁੱਜਣ ’ਤੇ ਤਿੰਨ ਦਿਨ ਲਈ ਇਕਾਂਤਵਾਸ ਕੀਤੇ ਜਾਣ ਦੀ ਸ਼ਰਤ ਰੱਖੀ ਸੀ, ਜਿਸ ਨੂੰ ਮਗਰੋਂ ਖ਼ਤਮ ਕਰ ਦਿੱਤਾ ਗਿਆ ਸੀ। -ਪੀਟੀਆਈ

LEAVE A REPLY

Please enter your comment!
Please enter your name here