ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 26 ਫਰਵਰੀ

ਇੱਥੋਂ ਨੇੜਲੇ ਪਿੰਡ ਜੌਲੀਆਂ ਵਿਖੇ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਨਵੇਂ 11 ਕੇਵੀਯੂ ਪੀਐਸ ਫੀਡਰ ਦਾ ਉਦਘਾਟਨ ਕੀਤਾ ਗਿਆ।

17 ਲੱਖ ਰੁਪਏ ਦੀ ਲਾਗਤ ਵਾਲੇ ਇਸ ਫੀਡਰ ਦਾ ਉਦਘਾਟਨ ਕਰਨ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਸ ਫੀਡਰ ਰਾਹੀਂ 4 ਪਿੰਡਾਂ ਨੂੰ ਨਿਰਵਿਘਨ ਸਪਲਾਈ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਪਿੰਡ 11 ਕੇਵੀਯੂ ਪੀਐਸ ਬਖੋਪੀਰ ਫੀਡਰ ਰਾਹੀਂ ਚੱਲ ਰਹੇ ਸਨ, ਜਿਸ ਕਾਰਨ ਬਖੋਪੀਰ ਫੀਡਰ ਓਵਰਲੋਡ ਹੋਇਆ ਪਿਆ ਸੀ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਝੋਨੇ ਦੇ ਪਿਛਲੇ ਸੀਜ਼ਨ ਦੌਰਾਨ ਇਸ ਦਿੱਕਤ ਨੂੰ ਮਹਿਸੂਸ ਕਰਦਿਆਂ ਉਨ੍ਹਾਂ ਵੱਲੋਂ ਪੀਐਸਪੀਸੀਐਲ ਨਾਲ ਰਾਬਤਾ ਕੀਤਾ ਗਿਆ ਅਤੇ ਢੁੱਕਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਜਿਸ ਤੋਂ ਬਾਅਦ ਹੁਣ ਇਹ 4 ਪਿੰਡ ਦਿਆਲਗੜ੍ਹ, ਜੌਲੀਆਂ, ਫਤਿਹਗੜ੍ਹ ਭਾਦਸੋਂ ਅਤੇ ਪੰਨਵਾਂ ਇਸ ਨਵੇਂ ਫੀਡਰ ਰਾਹੀਂ ਨਿਰਵਿਘਨ ਸਪਲਾਈ ਲੈਣਗੇ। ਵਿਧਾਇਕ ਨੇ ਕਿਹਾ ਕਿ ਹੁਣ ਬਖੋਪੀਰ ਫੀਡਰ ਰਾਹੀਂ ਬਖਤੜਾ, ਬਖਤੜੀ, ਆਲੋਅਰਖ ਅਤੇ ਕਾਕੜਾ ਦੇ ਪਿੰਡਾਂ ਨੂੰ ਮਿਆਰੀ ਸਪਲਾਈ ਮਿਲੇਗੀ ਅਤੇ ਇਹ 4 ਪਿੰਡ ਨਵੇਂ ਜੌਲੀਆਂ ਫੀਡਰ ਤੋਂ ਸਪਲਾਈ ਲੈਣਗੇ। ਇਸ ਮੌਕੇ ਪੀਐਸਪੀਸੀਐਲ ਦੇ ਅਧਿਕਾਰੀਆਂ ਤੋਂ ਇਲਾਵਾ ਆਪ ਆਗੂ ਕੁਲਵੰਤ ਸਿੰਘ ਬਖੋਪੀਰ, ਭੁਪਿੰਦਰ ਸਿੰਘ ਕਾਕੜਾ, ਗੁਰਜੰਟ ਸਿੰਘ ਤੇ ਪਿੰਡਾਂ ਦੇ ਵਸਨੀਕ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here