ਜੋਗਿੰਦਰ ਸਿੰਘ ਮਾਨ
ਮਾਨਸਾ, 4 ਅਗਸਤ
ਕੁੱਲ ਹਿੰਦ ਕਿਸਾਨ ਮਹਾਸਭਾ ਦੀ ਮਾਨਸਾ ਵਿੱਚ ਕੇਂਦਰੀ ਕਮੇਟੀ ਮੀਟਿੰਗ ਦੇ ਦੂਜੇ ਦਿਨ ਖੇਤੀ ਬਜਟ ਵਿੱਚ ਵਾਧਾ ਕਰਨ, ਖੇਤੀ ਦੇ ਨਿੱਜੀਕਰਨ ’ਤੇ ਰੋਕ, ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨੂੰ ਨਿਯੰਤਰਣ ਕਰਨ, ਸਰਕਾਰੀ ਸੰਸਥਾਵਾਂ ਦੇ ਨਿੱਜੀਕਰਨ ਨੂੰ ਰੋਕਣ ਤੇ ਸਰਕਾਰੀ ਸੰਸਥਾਵਾਂ ਵਿੱਚ ਖਾਲੀ ਸੀਟਾਂ ਭਰਨ ਦਾ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣ, ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ, ਮਨਰੇਗਾ ਵਿੱਚ 200 ਦਿਨ ਕੰਮ 700 ਰੁਪਏ ਮਜ਼ਦੂਰੀ, ਜੰਗਲਾਤ ਅਧਿਕਾਰ ਕਾਨੂੰਨ-2005 ਅਤੇ ਭੂਮੀ ਗ੍ਰਹਿਣ ਕਾਨੂੰਨ-2013 ਨੂੰ ਸਖ਼ਤੀ ਨਾਲ ਲਾਗੂ ਕਰਨ, ਨਵੇਂ ਬਿਜਲੀ ਬਿੱਲ ਤੇ ਸਮਾਰਟ ਮੀਟਰ ਦੀ ਵਾਪਸੀ ਵਰਗੇ ਮਹੱਤਵਪੂਰਨ ਮੁੱਦਿਆਂ ’ਤੇ ਸਿਆਸੀ ਪ੍ਰਸਤਾਵ ਪਾਸ ਕੀਤੇ ਗਏ। ਮੀਟਿੰਗ ਵਿੱਚ ਵੈਨਜ਼ੁਏਲਾ ਦੀਆਂ ਖੱਬੇ-ਪੱਖੀ ਤਾਕਤਾਂ ਦਾ ਫੇਰ ਤੋਂ ਸਵਾਗਤ ਕਰਦੇ ਹੋਏ ਅਮਰੀਕਾ ਦੁਆਰਾ ਉੱਥੇ ਅਸਥਿਰਤਾ ਫੈਲਾਉਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਗਈ। ਫਲਸਤੀਨ ਉੱਤੇ ਇਜ਼ਰਾਈਲ ਵਲੋਂ ਕੀਤੇ ਜਾ ਰਹੇ ਹਮਲੇ ਰੋਕਣ ਦਾ ਮਤਾ ਪਾਸ ਕੀਤਾ ਗਿਆ। ਪ੍ਰਸਤਾਵ ਪੇਸ਼ ਕਰਦਿਆਂ ਸੰਗਠਨ ਦੇ ਕੌਮੀ ਆਗੂ ਕਾਰਾਕਾਟ (ਬਿਹਾਰ) ਦੇ ਸੰਸਦ ਮੈਂਬਰ ਕਾਮਰੇਡ ਰਾਜਾ ਰਾਮ ਸਿੰਘ ਨੇ ਕਿਹਾ ਕਿਸਾਨਾਂ ਦੇ ਨਾਲ-ਨਾਲ ਪੇਂਡੂ ਦੇ ਪੱਛੜੇ ਵਰਗ, ਗਰੀਬਾਂ ਦੇ ਹਿੱਤਾਂ ਦੀ ਲੜਾਈ ਨੂੰ ਵੀ ਤਾਕਤ ਦੇਣ ਦਾ ਜ਼ਿੰਮਾ ਲੈਣਾ ਪਵੇਗਾ। ਕੁੱਲ ਹਿੰਦ ਕਿਸਾਨ ਮਹਾਸਭਾ ਦੇ ਕੌਮੀ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਹਰਿਆਣਾ ਵਰਗੇ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਵਿੱਚ ਭਾਜਪਾ ਨੂੰ ਹਰਾਉਣ ਲਈ ਜਥੇਬੰਦੀ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਿਹੜੇ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਥੇ ਬਾਕਾਇਦਾ ਲੋਕ ਸਭਾ ਚੋਣਾਂ ਵਾਂਗ ਭਾਜਪਾ ਖ਼ਿਲਾਫ਼ ਉੱਚੀ-ਸੁੱਚੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੇਂਡੂ ਖੇਤ ਮਜ਼ਦੂਰਾਂ ਦੇ ਹਿੱਤਾਂ ਲਈ ਜਥੇਬੰਦੀ ਆਪਣਾ ਅੰਦੋਲਨ ਕਾਇਮ ਰੱਖੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਤੇ ਹਵਾ ਸੁਰੱਖਿਅਤ ਨਹੀਂ ਹਨ, ਜਿਸ ਨੂੰ ਬਚਾਉਣ ਲਈ ਲੜਾਈ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸਰਕਾਰ ਦੀ ਮੁਨਾਫ਼ੇ ਵਾਲੀ ਨੀਤੀ ਦਾ ਲਗਾਤਾਰ ਵਿਰੋਧ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੰਗਲਾਤ ਨੂੰ ਬਚਾਉਣ ਲਈ ਸੰਘਰਸ਼ ਨੂੰ ਨਵੇਂ ਸਿਰੇ ਤੋਂ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੰਸਦ ਸੁਦਾਮਾ ਪ੍ਰਸਾਦ, ਗੁਰਨਾਮ ਸਿੰਘ ਭੀਖੀ, ਪ੍ਰੇਮ ਸਿੰਘ ਗਹਿਲਾਵਤ ਹਰਿਆਣਾ, ਰਾਮਚੰਦ ਕੁਲਹਿਰੀ, ਚੰਦਰ ਦੇਵ ਓਲਾ ਰਾਜਸਥਾਨ, ਪਰਸ਼ੋਤਮ ਸ਼ਰਮਾ ਦਿੱਲੀ, ਜੈ ਪ੍ਰਕਾਸ਼ ਨਰਾਇਣ, ਈਸ਼ਵਰੀ ਪਰਸਾਦ ਕੁਸ਼ਵਾਹਾ ਨੇ ਸੰਬੋਧਨ ਕੀਤਾ।