ਕੇਹਰ ਸ਼ਰੀਫ਼

ਸਮੇਂ ਨਾਲ ਇਕਸੁਰ ਹੋ ਕੇ ਤੁਰਨਾ ਬਹੁਤ ਔਖਾ ਕਾਰਜ ਸਮਝਿਆ ਜਾਂਦਾ ਹੈ, ਕਈ ਲੋਕ ਤਾਂ ਇਸ ਨੂੰ ਔਝੜਿਆ ਰਾਹ ਵੀ ਆਖਦੇ ਹਨ। ਗੱਲ ਸੱਚੀ ਹੀ ਹੈ ਕਿਹੜਾ ਕਾਰਜ ਹੈ ਜਿਹੜਾ ਕਰਨ ਤੋਂ ਪਹਿਲਾਂ ਸੌਖਾ ਲੱਗਦਾ ਹੋਵੇ। ਪਰ, ਸਮੇਂ ਵੱਲੋਂ ਪਾਈ ਵੰਗਾਰ ਵਾਲੇ ਰਾਹੇ ਤੁਰਨ ਤੋਂ ਬਿਨਾਂ ਸਰਨਾ ਵੀ ਤਾਂ ਨਹੀਂ ਹੁੰਦਾ। ਅਜਿਹੇ ਔਖੇ ਸਮੇਂ ਹੀ ਤਾਂ ਸਹਿਜ, ਗਿਆਨ ਤੇ ਬੌਧਿਕਤਾ ਭਰਪੂਰ ਸੂਰਬੀਰਤਾ ਦੀ ਪਛਾਣ ਹੁੰਦੀ ਹੈ। ਇਕ ਸਬੀਲ ਜਾਂ ਦਲੀਲ ਬਣਦੀ ਹੈ, ਦੂਜੀ ਢੱਠਦੀ ਹੈ। ਇਹ ਬਣਨ, ਢੱਠਣ ਦੀ ਖਿੱਚੋਤਾਣ ਹੀ ਆਖਰ ਸਿਰਜਣਾ ਨੂੰ ਜਨਮ ਦਿੰਦੀ ਹੈ। ਇਸ ਕਿਰਿਆ ਨੇ ਅੱਗੇ ਵਧਦਿਆਂ ਕੀਤੀ ਜਾ ਰਹੀ ਸਿਰਜਣਾ ਅੰਦਰ ਨਿਖਾਰ ਪੈਦਾ ਕਰਨਾ ਹੁੰਦਾ ਹੈ। ਸਿਰਜਾਣਤਮਕਤਾ ਦਾ ਪਹਿਲਾ ਕਦਮ ਕਿਸੇ ਵਿਸ਼ੇ ਬਾਰੇ ਸਾਧਾਰਨ ਜਿਹੀ ਚਿੰਤਾ ਹੀ ਹੁੰਦੀ ਹੈ। ਫਿਰ ਇਸ ਚਿੰਤਾ ਪਿੱਛੇ ਕਾਰਜਸ਼ੀਲ ਸਥਿਤੀਆਂ ਦੇ ਕਾਰਨਾਂ ਨੂੰ ਲੱਭਣ ਦੇ ਅਧਿਐਨ ਭਰੇ ਯਤਨ ਆਰੰਭ ਹੁੰਦੇ ਹਨ ਤੇ ਇੱਥੋਂ ਹੀ ਚਿੰਤਾ ਤੋਂ ਚਿੰਤਨ ਵੱਲ ਵਧਦਾ ਰਾਹ/ ਜਾਂ ਪ੍ਰਵਾਹ ਕਿਸੇ ਵੀ ਅਗਲੇ ਕਾਰਜ ਦੀ ਅਗਵਾਈ ਕਰਨ ਦਾ ਸਬੱਬ ਬਣ ਜਾਂਦਾ ਹੈ। ਅਜਿਹੇ ਕਾਰਜ ਹੀ ਨਵੀਂ ਸੋਚ ਨੂੰ ਅਮਲ ਵਿਚ ਢਾਲਦੇ ਹਨ। ਇਹ ਸੋਚ ਹੀ ਸਾਂਝ ਪੈਦਾ ਕਰਨ ਵਾਲੀ ਮਨੁੱਖਵਾਦੀ/ਸਰਬੱਤ ਦੇ ਭਲੇ ਵਾਲੀ ਹੋਵੇ ਤਾਂ ਹੀ ਔਝੜੇ ਰਾਹਾਂ ਅਤੇ ਮੁਸ਼ਕਿਲ ਸਥਿਤੀਆਂ ਦਾ ਟਾਕਰਾ ਕਰਨ ਦੇ ਯੋਗ ਹੋ ਸਕਦੀ ਹੈ। ਇਸ ਤਰ੍ਹਾਂ ਦੂਜਿਆਂ ਨੂੰ ਵੀ ਕਿਸੇ ਕਾਰਜ ਵਿਚ ਸ਼ਾਮਲ ਹੋਣ ਵਾਸਤੇ ਪ੍ਰੇਰਿਆ ਜਾ ਸਕਦਾ ਹੈ। ਇਸ ਵਿਚ ਅਮਲ ਰਾਹੀਂ ਜੁੜਨ ਨਾਲ ਹੀ ਇਕੱਲਿਆਂ ਤੋਂ ਕਾਫਲੇ ਬਣਦੇ ਹਨ। ਅਜਿਹੇ ਕਾਫਲਿਆਂ ਨੇ ਸਦਾ ਹੀ ਸਮੇਂ ਦੀ ਅੱਖ ’ਚ ਅੱਖ ਪਾ ਕੇ ਗੱਲ ਕੀਤੀ, ਤਾਂ ਹੀ ਔਖੇ ਵਕਤਾਂ ਨੂੰ ਪਾਰ ਕਰਦਿਆਂ ਉਨ੍ਹਾਂ ਸੰਘਰਸ਼ੀ ਲੋਕਾਂ ਨੇ ਲੱਖ ਮੁਸੀਬਤਾਂ ਝੱਲੀਆਂ, ਸਿਦਕ ਨਾ ਹਾਰਿਆ ਤੇ ਅਖੀਰ ’ਚ ਅਜਿਹੇ ਕਾਫਲਿਆਂ ਦੇ ਗਲ਼ ਹੀ ਸਦਾ ਜਿੱਤ ਦਾ ਹਾਰ ਪਾਇਆ ਗਿਆ ਹੈ।

ਸਮੇਂ ਸਿਰ ਢੁੱਕਦੀ ਗੱਲ ਕਰਨ ਵਾਲੇ ਨੂੰ ਹੀ ਆਮ ਤੌਰ ’ਤੇ ਸਿਆਣਾ ਜਾਂ ਸੂਝਵਾਨ ਕਿਹਾ ਜਾਂਦਾ ਹੈ। ਦਾਨੇ-ਬੀਬੇ ਤੇ ਦਾਨਿਸ਼ਵਰ ਬੰਦਿਆਂ ਦੀ ਸਿਫਤ ਇਸੇ ਕਰਕੇ ਕੀਤੀ ਜਾਂਦੀ ਹੈ ਕਿ ਉਹ ਆਪਣੀ ਖਰੀ ਸੋਚ ਦੇ ਆਸਰੇ ਆਪਣੇ ਨਿਸ਼ਾਨੇ ਭਾਵ ਮੰਜ਼ਿਲ ਵੱਲ ਪ੍ਰਤੀਬੱਧਤਾ, ਨਿੱਖਰੀ ਚੇਤੰਨਤਾ ਦੇ ਆਸਰੇ ਸਮੇਂ ਨੂੰ ਉਂਗਲ ਲਾ ਕੇ ਤੋਰਨ ਦੇ ਸਮਰੱਥ ਹੁੰਦੇ ਹਨ। ਆਪਣੇ ਇਰਾਦੇ ਦੀ ਪਕਿਆਈ ਅਤੇ ਸੁਭਾਅ ਪੱਖੋਂ ਸੰਜਮ ਅਤੇ ਸਹਿਜਤਾ ਕਰਕੇ ਆਪਣੇ ਹੀ ਕੀਤੇ ਅਹਿਦ ਅਨੁਸਾਰ ਉਹ ਸਮੇਂ ਦੀ ਧਾਰਾ ਨੂੰ ਆਪਣੇ ਪੱਖ ਵਿਚ ਮੋੜਨ ਦੇ ਯਤਨ ਹੀ ਨਹੀਂ ਕਰਦੇ ਸਗੋਂ ਆਪਣੇ ਸਿਦਕ, ਸਿਰੜ, ਦ੍ਰਿੜਤਾ ਅਤੇ ਸਹਿਜ ਭਰੇ ਕਦਮਾਂ ਵਾਲੇ ਸਾਹਸ ਦੇ ਆਸਰੇ ਆਪਣੀ ਹਿੰਮਤ ਨਾਲ ਜ਼ਿੱਦ ਪੁਗਾਉਂਦੇ ਵੀ ਹਨ। ਇਹ ਕਰਮ ਕਈ ਵਾਰ ਅਜੀਬ ਜਾਪਣ ਲੱਗ ਪੈਂਦਾ ਹੈ, ਪਰ ਵਗਦੀ ਧਾਰਾ ਦੀ ਲਗਾਤਾਰਤਾ ਜਦੋਂ ਗਵਾਹੀ ਬਣਨ ਲੱਗਦੀ ਹੈ ਤਾਂ ਹੈਰਾਨੀ ਵੀ ਹੁੰਦੀ ਹੈ ਅਤੇ ਖੁਸ਼ੀ ਭਰਿਆ ਧਰਵਾਸ ਵੀ, ਜੋ ਸਮੇਂ ਦਾ ਸੱਚ ਬਣ ਜਾਂਦਾ ਹੈ। ਇਹ ਤੋਰ ਇਸ ਰਾਹ ਦੇ ਪਾਂਧੀਆਂ ਦੀ ਤਾਕਤ ਬਣ ਜਾਂਦੀ ਹੈ। ਆਖਰ, ਇਹ ਤਾਕਤ ਹੀ ਜਿੱਤ ਦੀ ਜਾਮਨ ਹੋ ਨਿੱਬੜਦੀ ਹੈ। ਇਹ ਰਾਹ ਲੰਬਾ ਵੀ ਹੋ ਸਕਦਾ ਹੈ, ਅਕਾਊ ਵੀ ਪਰ ਮੰਜ਼ਿਲ ’ਤੇ ਪਹੁੰਚਣ ਅਤੇ ਉਦੇਸ਼ ਦੀ ਪ੍ਰਾਪਤੀ ਵਾਸਤੇ ਆਪਣਾ ਪੂਰਾ ਤਾਣ ਲਾ ਕੇ ਹਰ ਹੀਲੇ ਵਾਟ ਮੁਕਾਉਣੀ ਪੈਂਦੀ ਹੈ। ਹੁਣ ਤਕ ਸੰਸਾਰ ਦਾ ਹੋਇਆ ਸਮਾਜਿਕ ਵਿਕਾਸ ਇਸ ਗੱਲ ਦੀ ਗਵਾਹੀ ਬਣਕੇ ਸਾਡੇ ਸਾਹਮਣੇ ਰੂਪਮਾਨ ਹੈ। ਜਿਸ ਸੱਚ ਨੂੰ ਇਸ ਦੇ ਦੋਖੀ ਵੀ ਝੁਠਲਾ ਨਹੀਂ ਸਕਦੇ, ਗ਼ਲਤ ਵੀ ਸਾਬਤ ਨਹੀਂ ਕਰ ਸਕਦੇ।

ਵਕਤ ਦੇ ਕੁਝ ਪਲ ਸਾਡੇ ਵਾਸਤੇ ਬਹੁਤ ਕੁਝ ਅਜਿਹਾ ਪਰੋਸਦੇ ਹਨ ਜੋ ਸੱਚਮੁੱਚ ਅਜੀਬ ਹੋ ਜਾਂਦੇ ਹਨ। ਇਹੋ ਪਲ ਢਲ ਕੇ ਜਦੋਂ ਅੱਖਾਂ ਸਾਹਮਣੇ ਸੱਚ ਜਿਹਾ ਹੋ ਕੇ ਵਿਚਰਦੇ ਹਨ ਤਾਂ ਹੈਰਾਨੀ ਵੀ ਹੁੰਦੀ ਹੈ ਅਤੇ ਫ਼ਰਕ ਦਾ ਵੀ ਪਤਾ ਲੱਗਦਾ ਹੈ। ਮਿਸਾਲ ਵਜੋਂ ਸ਼ਹਿਨਾਈ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਸ਼ਹਿਨਾਈ ਖੁਸ਼ੀ ਤੇ ਗ਼ਮੀ ਦੋਵੇਂ ਮੌਕਿਆਂ ’ਤੇ ਵਜਾਈ ਜਾਂਦੀ ਹੈ, ਪਰ ਵਕਤ ਦੀ ਭਾਵਨਾ ਅਤੇ ਮੌਕਾ-ਮੇਲ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੁੰਦਾ ਹੈ। ਸ਼ਗਨਾਂ ਵਾਲੇ ਖੁਸ਼ੀ ਭਰੇ ਪਲਾਂ ਨੂੰ ਸੋਗ ਦੇ ਉਦਾਸੀ ਭਰੇ ਵਿਰਲਾਪ ਵਾਲੇ ਸੁਰਾਂ ਨਾਲ ਨਹੀਂ ਮੇਲਿਆ ਜਾ ਸਕਦਾ। ਵੈਣਾਂ ਦੇ ਉੱਚੇ ਨੀਵੇਂ ਸੁਰਾਂ ਨੇ ਵਿਸਰਦਿਆਂ ਹੀ ਉਦਾਸ ਅਤੀਤ ਭਾਵ ਬੀਤਿਆ ਹੋਇਆ ਵਕਤ ਬਣ ਕੇ ਰਹਿ ਜਾਣਾ ਹੁੰਦਾ ਹੈ, ਪਰ ਸ਼ਗਨਾਂ ਦੇ ਹੁਲਾਸ ਭਰੇ ਸੁਰਾਂ ਨੇ ਨਿੱਤ ਦਿਨ ਮੌਲਣਾ ਤੇ ਨਿੱਖਰਨਾ ਹੁੰਦਾ ਹੈ। ਇਹੀ ਜਗਤ ਦੇ ਲਗਾਤਾਰ ਹੋ ਰਹੇ ਵਿਕਾਸ ਦਾ ਅੰਗ ਬਣਦਾ ਹੈ ਅਤੇ ਇਹ ਹੀ ਜਗਤ ਦਾ ਪਸਾਰਾ ਹੈ, ਜਿਸ ਤੋਂ ਕਦੇ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਇਨ੍ਹਾਂ ਹਾਲਤਾਂ ਤੋਂ ਮੂੰਹ ਮੋੜਿਆ ਹੀ ਨਹੀਂ ਜਾ ਸਕਦਾ। ਜੇ ਕੋਈ ਇੰਜ ਕਰੇ ਤਾਂ ਉਹ ਸੰਸਾਰ ਨੂੰ ਨਖਿੱਧ ਜਿਹੀ, ਅਰਥਹੀਣ ਸੋਚ ਦੇਣ ਦੇ ਯਤਨ ਵਿਚ ਹੁੰਦਾ ਹੈ। ਅਜਿਹੀ ਅਰਥਹੀਣ ਸੋਚ ਮਨੁੱਖੀ ਜੀਵਨ ਵਿਚ ਬੇਲੋੜੀ ਉਦਾਸੀ ਤਾਂ ਭਰ ਸਕਦੀ ਹੈ, ਕੁਰਾਹੇ ਵੀ ਪਾ ਸਕਦੀ ਹੈ, ਪਰ ਅੱਗੇ ਵੱਲ ਕਦਮ ਨਹੀਂ ਪੁੱਟ ਸਕਦੀ ਅਤੇ ਕਦੇ ਵੀ ਸੱਚ ਸਾਬਤ ਨਹੀਂ ਹੋ ਸਕਦੀ। ਅੱਗੇ ਵਧਣ ਵਾਸਤੇ ਆਸਵੰਦ ਅਤੇ ਹੋਸ਼ਮੰਦ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਹੀ ਦਲੀਲ ਭਰੀ ਸੂਝ ਵਾਲਾ ਮਨੁੱਖ ‘ਜਾਨ ਨਾਲ ਜਹਾਨ ਵਾਲੀ’ ਧਾਰਨਾ ਬਾਰੇ ਸੋਚਦਾ ਹੈ ਕਿਉਂਕਿ ਇਹ ਸਰਬ ਪ੍ਰਵਾਨਤ ਹੈ ਕਿ ਆਸ ਨਾਲ ਹੀ ਜੱਗ ਜਿਊਂਦਾ ਹੈ, ਇਹ ਆਸ ਹੀ ਅੱਗੇ ਤੁਰਨ ਵਾਲੇ ਕਦਮਾਂ ਦਾ ਜੋਸ਼ ਤੇ ਤੋਰ ਦੀ ਰਵਾਨੀ ਬਣਦੀ ਹੈ। ਕਿਸੇ ਮੰਜ਼ਿਲ ’ਤੇ ਪਹੁੰਚਣ ਵਾਸਤੇ ਕਦਮਾਂ ਦੀ ਹਰਕਤ ਦੂਜਿਆਂ ਨਾਲ ਵੀ ਮੱਥੇ ਦੀ ਲੋਅ ਬਣ ਕੇ ਭਾਈਚਾਰਾ ਕਾਇਮ ਕਰਨ ਵਾਲੇ ਸਾਝਾਂ ਭਰੇ ਜਿਊਣ ਦਾ ਮਕਸਦ ਬਣ ਜਾਂਦੀ ਹੈ। ਕਿਸੇ ਮੰਜ਼ਿਲ ’ਤੇ ਪਹੁੰਚਣ ਵਾਸਤੇ ਕਦਮਾਂ ਦੀ ਹਰਕਤ ਤੇ ਦੂਜਿਆਂ ਨਾਲ ਅਜਿਹੀ ਸਾਂਝ ਹੀ ਜੀਵਨ ਅੰਦਰ ਸਫਲਤਾ ਦੀ ਕੁੰਜੀ ਬਣ ਜਾਂਦੀ ਹੈ। ਸੰਸਾਰ ਅੰਦਰ ਸੂਝਵਾਨ ਦਾਰਸ਼ਨਿਕਾਂ ਵੱਲੋਂ ਬੌਧਿਕ ਪੱਖੋਂ ਕੀਤੇ ਪ੍ਰਚਾਰ ਨੇ ਆਪਣੇ ਹੱਕਾਂ ਖਾਤਰ ਸਰਗਰਮ ਲੋਕ ਲਹਿਰਾਂ ਦੇ ਆਗੂਆਂ ਨੂੰ ਹੱਲਾਸ਼ੇਰੀ, ਸੇਧ ਅਤੇ ਹੌਸਲਾ ਦਿੱਤਾ ਜਿਸ ਦੇ ਸਿੱਟੇ ਵਜੋਂ ਇਨ੍ਹਾਂ ਲੋਕ ਲਹਿਰਾਂ ਨੇ ਦੁਨੀਆ ਦੇ ਵੱਖੋ-ਵੱਖ ਦੇਸ਼ਾਂ ਅਤੇ ਲੋਕ ਸਮੂਹਾਂ, ਭਾਈਚਾਰਿਆਂ ਦਾ ਮੂੰਹ-ਮੱਥਾ ਸੰਵਾਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।

ਮਨੁੱਖ ਸਿਰਫ਼ ਆਪਣੇ ਕਰਕੇ ਹੀ ਨਹੀਂ ਜਿਊਂਦਾ, ਪਰਿਵਾਰ/ਸਮਾਜ ਨਾਲ ਵੀ ਉਸ ਦਾ ਕੋਈ ਰਿਸ਼ਤਾ/ਵਾਸਤਾ ਹੁੰਦਾ ਹੈ। ਸਮਾਜ ਅੰਦਰਲੇ ਉਤਰਾਅ-ਚੜ੍ਹਾਅ ਹਰ ਇਨਸਾਨ ਨੂੰ ਪ੍ਰਭਾਵਿਤ ਕਰਦੇ ਹਨ। ਚੰਗੇ ਪ੍ਰਭਾਵਾਂ ਨੂੰ ਪ੍ਰਚਾਰਨਾ, ਪ੍ਰਸਾਰਨਾ ਹਰ ਨਾਗਰਿਕ ਦਾ ਫ਼ਰਜ਼ ਹੁੰਦਾ ਹੈ, ਪਰ ਭੈੜੇ ਪ੍ਰਭਾਵਾਂ ਦਾ ਜ਼ਹਿਰ ਸਮਾਜ ਅੰਦਰ ਫੈਲ ਕੇ ਸਮਾਜ ਅੰਦਰ ਪ੍ਰੇਮ ਭਾਵ ਨਾਲ ਵਸਦੇ ਲੋਕਾਂ ਦੀ ਸਾਂਝ ਨੂੰ ਗ਼ਲਤ ਦਿਸ਼ਾ ਵੱਲ ਨਾ ਤੋਰ ਦੇਵੇ, ਇਸ ਕਰਕੇ ਅਜਿਹੇ ਗ਼ਲਤ ਰੁਝਾਨਾਂ ਦੀ ਕਾਟ ਕਰਦਿਆਂ ਉਨ੍ਹਾਂ ਦੇ ਖਿਲਾਫ਼ ਖੜ੍ਹੇ ਹੋਣਾ ਸਮਾਜ ਵਿਚ ਵੱਸਦੇ ਹਰ ਚੇਤੰਨ ਪ੍ਰਾਣੀ ਦਾ ਪਹਿਲਾ ਫ਼ਰਜ਼ ਹੁੰਦਾ ਹੈ। ਜੇ ਕੋਈ ਅਜਿਹਾ ਫ਼ਰਜ਼ ਅਦਾ ਨਹੀਂ ਕਰਦਾ ਤਾਂ ਉਹ ‘ਸਮਾਜੀ ਜੀਵ’ ਕਹਾਉਣ ਦਾ ਹੱਕਦਾਰ ਨਹੀਂ ਹੁੰਦਾ। ਇਹ ਆਮ ਹੀ ਕਿਹਾ ਜਾਂਦਾ ਹੈ ਕਿ ਕਿਸੇ ਵੀ ਭੈੜ, ਕੁਚੱਜ ਜਾਂ ਜ਼ੁਲਮ ਦੇ ਖਿਲਾਫ਼ ਨਾ ਬੋਲਣਾ ਜਾਂ ਚੁੱਪ ਰਹਿਣਾ ਉਹਦੇ ਨਾਲ ਸਹਿਮਤੀ ਦੇਣ ਵਰਗਾ ਹੀ ਹੁੰਦਾ ਹੈ। ਅਜਿਹੇ ਲੋਕਾਂ ਦਾ ਵਰਤਮਾਨ ਨੂੰ ਦੂਸ਼ਿਤ ਕਰਨ ਵਾਲਾ ਨਾਂਹਪੱਖੀ ਰੋਲ ਹੁੰਦਾ ਹੈ। ਇਹ ਇਤਹਿਾਸ ਦੇ ਵੀ ਦੋਸ਼ੀ ਹੁੰਦੇ ਹਨ ਤੇ ਆਪਣੇ ਆਪ ਦੇ ਵੀ। ਆਜ਼ਾਦੀ ਦੇ ਸੰਘਰਸ਼ ਸਮੇਤ ਹੋਰ ਬਹੁਤ ਸਾਰੇ ਮੌਕਿਆਂ ਦਾ ਇਤਿਹਾਸ ਇਸ ਦੀ ਗਵਾਹੀ ਦਿੰਦਾ ਹੈ। ਸੰਸਾਰ ਦਾ ਇਤਿਹਾਸ ਹੋਰ ਵੀ ਘਿਨਾਉਣੇ ਰੂਪ ਵਿਚ ਸਾਡੇ ਸਾਹਮਣੇ ਅਣਮਨੁੱਖੀ ਤੱਥ ਪੇਸ਼ ਕਰਦਾ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਬੀਤ ਗਏ ਸਮੇਂ ਬਾਰੇ ਅਸੀਂ ਖੁਸ਼ ਹੋ ਸਕਦੇ ਹਾਂ ਜਾਂ ਉਦਾਸ ਹੋ ਕੇ ਐਵੇਂ ਹੀ ਝੋਰਿਆਂ ਦੇ ਵੱਸ ਪੈ ਸਕਦੇ ਹਾਂ, ਪਰ ਚਾਹੁੰਦੇ ਹੋਏ ਵੀ ਲੰਘ ਗਏ ਸਮੇਂ ਨੂੰ ਅਸੀਂ ਬਦਲ ਨਹੀਂ ਸਕਦੇ। ਅਤੀਤ ਵਿਚ ਹੋਈਆਂ ਗ਼ਲਤੀਆਂ ਅਤੇ ਉਸ ਸਮੇਂ ਰਹਿ ਗਈਆਂ ਘਾਟਾਂ ਤੋਂ ਸਿੱਖਦਿਆਂ ਉਨ੍ਹਾਂ ਦੀ ਪੂਰਤੀ ਕਰਨ ਵਾਸਤੇ ਤਾਂ ਵਰਤਮਾਨ ਵਿਚ ਹੀ ਜਾਗਣਾ ਪਵੇਗਾ।

ਆਧੁਨਿਕ ਦੌਰ ਦੇ ਬਹੁਗਿਣਤੀ ਸੱਤਾਧਾਰੀ ਸਿਆਸਤ ਅੰਦਰ ਵਿਚਰ ਰਹੇ ਆਪਣੇ ਆਪ ਨੂੰ ਧਨੰਤਰ ਸਮਝਣ ਵਾਲੇ ਵੀ ਅਮਲ ਵੱਲੋਂ ਗਏ ਗੁਜ਼ਰੇ ਜਾਂ ਅਪੂਰਨ ਮਨੁੱਖ ਲੱਗਦੇ ਹਨ, ਜਿਨ੍ਹਾਂ ਕੋਲ ਸਮਾਜ ਨੂੰ ਅੱਗੇ ਤੋਰਨ ਵਾਲੀ ਨਾ ਸੂਝ ਹੈ, ਨਾ ਸਮਝ। ਜੇ ਉਨ੍ਹਾਂ ਕੋਲ ਹੈ ਤਾਂ ਬੇਗਾਨੀਆਂ ਵੈਸਾਖੀਆਂ ਦਾ ਆਸਰਾ ਅਤੇ ਜ਼ਮੀਰ ਦਾ ਜਿਊਂਦੇ ਨਾ ਹੋਣਾ। ਇਸ ਕਰਕੇ ਉਹ ਲੋਕਾਈ ਦੇ ਦਰਦ ਨੂੰ ਮਹਿਸੂਸ ਕਰਨ ਦਾ ਕਸ਼ਟ ਨਹੀਂ ਸਹਿੰਦੇ। ਆਮ ਕਰਕੇ ਅਜਿਹੇ ਰੁਝਾਨ ਨੂੰ ਇਨਸਾਨੀ ਅਵਗੁਣ ਆਖਿਆ ਜਾ ਸਕਦਾ ਹੈ। ਬੇਗਾਨੀਆਂ ਵੈਸਾਖੀਆਂ ਉਨ੍ਹਾਂ ਲੋਕਾਂ ਦੀ ਚਾਲ ਹੀ ਨਹੀਂ ਸਗੋਂ ਚਾਲ-ਚਲਣ ਵੀ ਵਿਗਾੜ ਦਿੰਦੀਆਂ ਹਨ। ਕੁੱਲ ਆਲਮ ਉਨ੍ਹਾਂ ਦੀ ਪੱਤ ਚੌਰਾਹੇ ਰੁਲਦੀ ਵੇਖਦਾ ਹੈ। ਬੇਗਾਨੇ ਵਿਹੜੇ ਨੱਚਣ ਦਾ ਇਹੋ ਸਿੱਟਾ ਹੁੰਦਾ ਹੈ। ਅਜਿਹੇ ਉੱਚੇ ਰੁਤਬਿਆਂ ਵਾਲੇ ਲੋਕਾਂ ਕੋਲ ਆਪਣੇ ਪਿੱਛੇ ਛੱਡਣ ਵਾਸਤੇ ਪਛਤਾਵੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ। ਬਹੁਤ ਵਾਰ ਉਨ੍ਹਾਂ ਦੀ ਔਲਾਦ ਬੇਕਸੂਰ ਹੁੰਦੇ ਹੋਏ ਵੀ ਆਪਣੇ ਵਡੇਰਿਆਂ ਦੀਆਂ ਕਿਸੇ ਵੀ ਤਰ੍ਹਾਂ ਦੇ ਲੋਭ/ਲਾਲਚ ਅਧੀਨ ਕੀਤੀਆਂ ਗ਼ਲਤੀਆਂ ਜਾਂ ਮੂਰਖਤਾਵਾਂ ਦੀ ਸਜ਼ਾ ਭੁਗਤੀ ਹੈ। ਇਹ ਅੱਜ ਹੀ ਨਹੀਂ ਹੋ ਰਿਹਾ, ਬੀਤੇ ਸਮੇਂ ਦਾ ਇਤਿਹਾਸ ਵੀ ਅਜਿਹੇ ਲੋਕਾਂ ਦੀ ਗਵਾਹੀ ਭਰਦਾ ਹੈ। ਅਜਿਹੇ ਲੋਕਾਂ ਨੂੰ ਉਸ ਸਮੇਂ ਦੇ ਜ਼ਾਲਮ ਪਰ ਨਖਿੱਧ ਹਾਕਮ ਜਾਂ ਇਤਿਹਾਸ ਦੇ ਕਾਲੇ ਧੱਬੇ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਇਹੋ ਜਿਹੇ ਲੋਕ ਹਮੇਸ਼ਾਂ ਸਮਾਜ ਅੰਦਰ ਰਹੇ ਹਨ ਅਤੇ ਆਧੁਨਿਕ ਯੁੱਗ ਵੀ ਇਸ ਦੀ ਭੈੜੀ ਮਿਸਾਲ ਬਣਕੇ ਵਿਚਰ ਰਿਹਾ ਹੈ। ਜਿਸ ਯੁੱਗ ਨੂੰ ਅੱਜ ਅਸੀਂ ਡਿਜੀਟਲ ਯੁੱਗ ਆਖ ਰਹੇ ਹਾਂ, ਇਹ ਸਿਰਫ਼ ਲੁੱਟ ਆਧਾਰਿਤ ਸਮਾਂ ਹੀ ਨਹੀਂ ਸਗੋਂ ਮਨੁੱਖ ਨੂੰ ਸਾਹ-ਸਤ ਹੀਣ ਅਤੇ ਉਸ ਦੀ ਕਦਰ ਘੱਟ ਕਰਦਿਆਂ ਉਸ ਵਿਚੋਂ ਮਨੁੱਖ ਹੋਣ ਦਾ ਮਾਣ-ਸਨਮਾਨ ਵੀ ਮਨਫੀ ਕਰ ਰਿਹਾ ਹੈ। ਇਸ ਬਾਰੇ ਸਭ ਨੂੰ ਰਲਕੇ ਸਾਂਝੇ ਤੌਰ ’ਤੇ ਸੋਚਣਾ ਅਤੇ ਇਸ ਦਾ ਚਿੰਤਨ-ਮੰਥਨ ਕਰਨਾ ਪਵੇਗਾ, ਨਹੀਂ ਤਾਂ ਇਹ ਦੁਨੀਆ ਅੰਦਰ ਬਹੁਤ ਸਾਰੇ ਵਿਗਾੜ ਪੈਦਾ ਕਰ ਦੇਵੇਗਾ। ਸਿੱਟੇ ਵਜੋਂ ਸਾਡੇ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਬਚਣਾ। ਇਸ ਬਾਰੇ ਸਾਡੇ ਦਾਨਿਸ਼ਵਰਾਂ/ਬੁੱਧੀਜੀਵੀਆਂ ਨੂੰ ਫੌਰੀ ਤੌਰ ’ਤੇ ਬਹੁਤ ਸੁਚੇਤ ਹੋਣ ਦੀ ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਜਿਸ ਨਾਲ ਮਨੁੱਖਤਾ ਵਿਰੋਧੀ ਅਜਿਹੇ ਵਾਇਰਸ ਦੇ ਡੰਗ ਵਿਚਲੀ ਜ਼ਹਿਰ ਤੋਂ ਲੋਕਾਂ ਨੂੰ ਬਚਾਉਣ ਦੇ ਸਾਰਥਿਕ ਤਰੀਕੇ ਲੱਭੇ ਜਾ ਸਕਣ। ਅੱਜ ਇਸ ਤੋਂ ਵੱਡੀ ਮਨੁੱਖਤਾ ਦੀ ਹੋਰ ਕੋਈ ਸੇਵਾ ਨਹੀਂ ਹੋ ਸਕਦੀ। ਪੰਜ ਜੀ (5G) ਵਾਲੀ ਬਹਿਸ ਨੂੰ ਨੇੜਿਓਂ ਦੇਖਣ ਵਾਲੇ ਇਸ ਬਾਰੇ ਵੱਧ ਦੱਸ ਸਕਦੇ ਹਨ। ਇਹ ਮਨੁੱਖੀ ਹੋਂਦ ਲਈ ਹੀ ਖ਼ਤਰਾ ਨਾ ਬਣ ਜਾਵੇ। ਇਸ ਕਰਕੇ ਇਸ ਬਾਰੇ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਜੀਵਨ ਦੀ ਰੱਖਿਆ ਕਰਨਾ ਹੀ ਸਭ ਦਾ ਫ਼ਰਜ਼ ਹੋਣਾ ਚਾਹੀਦਾ ਹੈ।

ਵਰਤਮਾਨ ਅੰਦਰ ਵਿਚਰਦਾ ਮਨੁੱਖ ਹਮੇਸ਼ਾਂ ਅਤੀਤ ਦੇ ਅਕਸ ਤੋਂ ਸਿੱਖਣ ਅਤੇ ਰਹਿ ਗਈਆਂ ਘਾਟਾਂ ਨੂੰ ਸੁਧਾਰਨ ਦਾ ਜਜ਼ਬਾ/ਅਹਿਦ ਲੈ ਕੇ ਚੱਲਦਾ ਹੈ। ਇਸ ਵਾਸਤੇ ਜ਼ਰੂਰੀ ਹੁੰਦਾ ਹੈ ਕਿ ਸਮਾਜ ਦੀ ਅਗਵਾਈ ਕਰਨ ਵਾਲੇ ਆਗੂ ਸਹਿਣਸ਼ੀਲ ਵੀ ਹੋਣ, ਦੂਰਅੰਦੇਸ਼ ਵੀ ਹੋਣ ਅਤੇ ਲੋਕ ਪੀੜਾ ਦੇ ਅਰਥ ਵੀ ਸਮਝਦੇ ਹੋਣ, ਪਰ ਜਿਹੜੇ ਆਗੂ ਲੋਕ ਰਾਜੀ ਵਿਵਸਥਾ ਦੇ ਹੁੰਦਿਆਂ ਲੋਕਾਂ ਨੂੰ ਨਿਗੂਣੇ ਬਣਾਉਣ ਦਾ ਯਤਨ ਕਰਨ ਵਾਲੇ ਸੁਭਾਅ ਦੇ ਮਾਲਕ ਹੋਣ ਜਾਂ ਕਹਿ-ਕੁਹਾ ਕੇ ਆਪਣੇ ਬਾਰੇ ਬਣਾਈਆਂ ਗ਼ਲਤ ਧਾਰਨਾਵਾਂ ਵਾਲੇ ਭਰਮ ਦੇ ਸ਼ਿਕਾਰ ਹੋ ਜਾਣ, ਉਹ ਸਮਾਜ ਲਈ ਹਰ ਵੇਲੇ ਖ਼ਤਰਾ ਬਣੇ ਰਹਿੰਦੇ ਹਨ। ਅਜਿਹੇ ਸ਼ਾਸਕਾਂ ਨੇ ਭੂਤਕਾਲ ਅੰਦਰ ਵੀ ਵੱਖੋ ਵੱਖ ਦੇਸ਼ਾਂ ਅੰਦਰ ਤਾਨਾਸ਼ਾਹੀਆਂ ਨੂੰ ਜਨਮ ਦਿੱਤਾ ਅਤੇ ਇਨਸਾਨੀਅਤ ਦਾ ਘਾਣ ਕੀਤਾ। ਅੱਜ ਦੇ ਯੁੱਗ ਅੰਦਰ ਕਿਸੇ ਵੀ ਇਤਿਹਾਸਕ ਦੁਖਾਂਤ ਨੂੰ ਮੁੜ ਦੁਹਰਾਏ ਜਾਣ ਦੀ ਖਾਹਿਸ਼ ਰੱਖਣ ਵਾਲੇ ਵੀ ਹਨ ਜੋ ਸ਼ਾਇਦ ਕਦੇ ਵੀ ਕਾਮਯਾਬ ਨਾ ਹੋਣ। ਆਪਣੇ ਆਪ ਦੀ ਆਪ ਹੀ ਪਿੱਠ ਥਾਪੜ ਕੇ ਆਪ ਨੂੰ ‘ਮਹਾਨ’ ਸਾਬਤ ਕਰਨ ਵਾਲੇ ਭੁਲੇਖਾਵਾਦੀ ਜਾਂ ਜ਼ਿਹਨੀ ਮਰੀਜ਼ ਤਾਂ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਚੰਗੇ ਸ਼ਾਸਕ ਜਾਂ ‘ਲੋਕ ਆਗੂ’ ਨਹੀਂ ਕਿਹਾ ਜਾ ਸਕਦਾ। ਇਹੋ ਜਿਹੇ ਮਾਨਸਿਕ ਰੋਗ ਅੰਦਰ ਗ੍ਰਸਤ ਆਗੂਆਂ ਦੇ ਅੰਧ ਭਗਤ ਅਜਿਹੇ ਨਖਿੱਧ ਖਾਸ ਕਰਕੇ ਸਿਆਸਤਦਾਨਾਂ ਨੂੰ ਸੰਸਾਰ ਪ੍ਰਸਿੱਧ ਆਗੂ ਵੀ ਐਲਾਨ ਦਿੰਦੇ ਹਨ। ਯਾਦ ਰੱਖਣ ਯੋਗ ਸਬਕ ਇਹ ਹੀ ਹੈ ਕਿ ਅਜਿਹੇ ਲੋਕ ਪਹਿਲਾਂ ਵੀ ਇਤਿਹਾਸ ਦੇ ਕਾਲੇ ਧੱਬੇ ਬਣੇ ਹਨ। ਇਨ੍ਹਾਂ ਧੱਬਿਆਂ ਨੂੰ ਧੋਣਾ ਵੀ ਏਨਾ ਸੌਖਾ ਨਹੀਂ ਹੁੰਦਾ। ਅਜੇ ਤਕ ਕੋਈ ਕਾਸਟਿਕ ਸੋਢਾ ਅਜਿਹਾ ਨਹੀਂ ਬਣਿਆ ਜੋ ਇਨ੍ਹਾਂ ਦੇ ਲਾਏ ਦਾਗਾਂ ਨੂੰ ਮਿਟਾ ਸਕੇ। ਇਨ੍ਹਾਂ ਵੱਲੋਂ ਮਨੁੱਖਤਾ ਵਿਰੋਧੀ ਕੀਤੇ ਕਾਰਜਾਂ ਬਾਰੇ ਪੜ੍ਹਦਿਆਂ ਸੁਣਦਿਆਂ ਤਾਂ ਬੰਦੇ ਦੇ ਮਨ ਵਿਚ ਅਜਿਹੇ ਨਾਮੁਰਾਦਾਂ ਪ੍ਰਤੀ ਨਫ਼ਰਤ ਹੀ ਪੈਦਾ ਹੁੰਦੀ ਹੈ। ਸੁਚੇਤ ਮਨੁੱਖ ਤਾਂ ਇੱਥੋਂ ਸਿੱਖਿਆ ਲੈ ਕੇ ਚੰਗੇ ਕਾਰਜ ਕਰਨ ਵੱਲ ਸਰਗਰਮ ਹੁੰਦਾ ਹੈ ਤਾਂ ਜੋ ਸਮਾਜ ਦਾ ਮੂੰਹ/ਮੱਥਾ ਸੰਵਾਰਿਆ ਜਾ ਸਕੇ।

ਇਤਿਹਾਸ ਅੰਦਰਲੇ ਮੁਹੰਮਦ ਤੁਗਲਕ ਨੂੰ ਇੱਕੀਵੀਂ ਸਦੀ ਦੇ ਜਾਗਰੂਕ ਲੋਕ ਕਿਸੇ ਵੀ ਨਾਮ ਨਾਲ ਕਬੂਲ ਨਹੀਂ ਕਰਨ ਲੱਗੇ। ਅੱਜ ਦੀ ਆਧੁਨਿਕਤਾ ਨੂੰ ਪਿਛਲਖੁਰੀ ਨਹੀਂ ਤੋਰਿਆ ਜਾ ਸਕਦਾ। ਵਿਗਿਆਨ ਦੇ ਯੁੱਗ ਅੰਦਰ ਪੱਥਰਯੁੱਗ ਦਾ ‘ਤਾਂਤਰਿਕੀ’ ਵਿਧਾਨ ਨਹੀਂ ਚੱਲ ਸਕਦਾ। ਅੱਜ ਦੇ ਸਮੇਂ ਵਿਕਸਤ ਹੋਈ ਤਕਨੀਕ ਦੇ ਆਸਰੇ ਰੇਗਿਸਤਾਨ ਅੰਦਰ ਹਰਿਆਲੀ ਪੈਦਾ ਕੀਤੀ ਜਾ ਸਕਦੀ ਹੈ, ਪਰ ਜਿਹੜੇ ਲੋਕ ਤੁਗਲਕੀ ਫਾਰਮੂਲਾ ਵਰਤ ਕੇ ਹਰਿਆਲੀ ਨੂੰ ਰੇਗਿਸਤਾਨ ਬਣਾਉਣਾ ਲੋਚਦੇ ਹੋਣ, ਉਨ੍ਹਾਂ ਦੀ ਖਾਹਿਸ਼ ਪੂਰੀ ਨਹੀਂ ਹੋ ਸਕਦੀ। ਇਹ ਲੋਕ ਮੱਤ ਦੇ ਉਲਟ ਹਨ, ਅੱਖੀਂ ਦੇਖਕੇ ਖੂਹ ਵਿਚ ਛਾਲ ਕੌਣ ਮਾਰਨਾ ਚਾਹੇਗਾ ? ਘੜੀ ਦੀਆਂ ਸੂਈਆਂ ਹਮੇਸ਼ਾਂ ਅੱਗੇ ਵੱਲ ਤੁਰਦੀਆਂ ਹਨ, ਸਮਾਂ ਕਦੇ ਵੀ ਪਿੱਛੇ ਵੱਲ ਨਹੀਂ ਮੁੜਦਾ/ਝਾਕਦਾ। ਲੱਖ ਮੁਸ਼ਕਿਲਾਂ ਦੇ ਬਾਵਜੂਦ ਇਨਸਾਨ ਹਮੇਸ਼ਾਂ ਅਗਲੀਆਂ ਮੰਜ਼ਿਲਾਂ ਸਰ ਕਰਦਾ ਆਇਆ ਹੈ। ਕਮਜ਼ੋਰ ਲੋਕ ਹਮੇਸ਼ਾਂ ਪਿਛਾਂਹ ਦੇਖਣ ਦੇ ਆਦੀ ਹੁੰਦੇ ਹਨ, ਇਸ ਦੇ ਮਨੋਵਿਗਿਆਨਕ ਕਾਰਨ ਹੁੰਦੇ ਹਨ ਕਿ ਉਹ ਸਾਹਸ ਵਿਹੂਣੇ, ਹਿੰਮਤ ਤੋਂ ਸੱਖਣੇ ਅਤੀਤ ਵਿਚ ਹਾਰਾਂ ਹੰਢਾਉਣ ਦੇ ਆਦੀ ਹੋਏ ਸਮਾਜ ਦੇ ਲੋਕ ਹੁੰਦੇ ਹਨ। ਸ਼ਾਇਦ ਉਨ੍ਹਾਂ ਦੇ ਖੂਨ ਵਿਚ ਹੀ ਅਜਿਹਾ ਕੁਝ ਹੁੰਦਾ ਹੈ ਜਾਂ ਉਨ੍ਹਾਂ ਦੇ ਖੂਨ ਅੰਦਰ ਅਜਿਹੇ ਜੀਨਜ਼ (ਕਣ) ਮੌਜੂਦ ਹੁੰਦੇ ਹਨ ਕਿ ਉਹ ਚੰਗਾ ਸੋਚਣ ਦੇ ਯੋਗ ਹੀ ਨਹੀਂ ਰਹਿੰਦੇ। ਉਹ ਤਬਾਹੀ ਨੂੰ ਵੀ ਉਸਾਰੀ ਦੱਸ ਕੇ ਪ੍ਰਚਾਰ ਕਰਦੇ ਹਨ। ਅਜਿਹੀ ਸੋਚ ਦੇ ਮਾਲਕ ਵਿਨਾਸ਼ ਨੂੰ ਵਿਕਾਸ ਦੱਸਦੇ ਹੋਏ ਵੀ ਸ਼ਰਮਿੰਦੇ ਬਿਲਕੁਲ ਨਹੀਂ ਹੁੰਦੇ। ਆਮ ਲੋਕ ਹੀ ਅਜਿਹਾ ਸੁਣ ਕੇ ਸ਼ਰਮਿੰਦੇ ਅਤੇ ਹੈਰਾਨ ਹੁੰਦੇ ਹਨ।

ਕਿਸੇ ਵੀ ਮਸਲੇ ’ਤੇ ਮੁਸ਼ਕਿਲ ਦਾ ਹੱਲ ਦੂਰਅੰਦੇਸ਼ੀ ਸੋਚ ਦੇ ਆਸਰੇ ਹੀ ਹੋ ਸਕਦਾ ਹੈ। ਸ਼ਰਤ ਇਹ ਹੈ ਕਿ ਉਹ ਲੋਕਰਾਜੀ ਪ੍ਰਥਾ ਅਤੇ ਇਨਸਾਫ਼ਪਸੰਦੀ ’ਤੇ ਆਧਾਰਿਤ ਹੋਵੇ। ਲੋਕਾਂ ਨੂੰ ਰਾਹਤ ਦੇਣਾ, ਲੋਕਾਂ ਅੰਦਰ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨਾ ਉਸ ਦਾ ਮਕਸਦ ਹੋਵੇ। ਸਮਾਜ ਅੰਦਰ ਵਿਗਿਆਨ ਦਾ ਪ੍ਰਚਾਰ ਆਉਣ ਵਾਲੀਆਂ ਪੀੜ੍ਹੀਆਂ/ਨਸਲਾਂ ਵਾਸਤੇ ਭਵਿੱਖੀ ਵਿਕਾਸ ਦਾ ਨਕਸ਼ਾ ਬਣਦਾ ਹੋਵੇ, ਇਸ ਨਾਲ ਹੀ ਭਵਿੱਖ ਦੇ ਉੱਜਵਲ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਅਜੋਕੇ ਸਮਿਆਂ ਵਿਚ ਵੀ ‘ਨਿੰਬੂ-ਮਿਰਚੀ ਕਲਚਰ’ ਦੇ ਨਵ-ਨਿਰਮਾਣ ਆਸਰੇ ਸਮਾਜ ਨੂੰ ਪਿੱਛੇ ਧੱਕਣ ਦੇ ਨਖਿੱਧ ਯਤਨ ਕਰਨ ਵਾਲੇ, ਅੰਧਵਿਸ਼ਵਾਸ ਫੈਲਾਉਣ ਵਾਲੇ ਆਗੂ ਸਮੇਂ ਦੇ ਹਾਣੀ ਨਹੀਂ ਹੋ ਸਕਦੇ। ਕਈ ਅਜਿਹੇ ਤਾਂ ਪਸ਼ੂਆਂ ਦੇ ਮੂਤਰ ਤੇ ਗੋਹੇ ਵਿਚੋਂ ਹੀ ਅਤਰ ਫੁਲੇਲ ਵਾਲੀ ਸੁਗੰਧ ਆਉਂਦੀ ਦੱਸਦੇ ਹਨ। ਅਸੀਂ ਤਾਂ ਪਸ਼ੂਆਂ ਦੇ ਗੋਹੇ ਦਾ ਫ਼ਸਲਾਂ ਵਿਚ ਪਾਉਣ ਵਾਸਤੇ ਢੇਰ /ਰੇਹ ਜਾਂ ਦੇਸੀ ਔਰਗੈਨਿਕ ਖਾਦ ਹੀ ਸੁਣਦੇ ਆਏ ਹਾਂ। ਅਜਿਹੇ ਨਖਿੱਧ ਕਾਰਜ ਕਰਨ ਵਾਲਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਇੱਕੀਵੀਂ ਸਦੀ ਵਿਚ ਰਹਿ ਰਹੇ ਹਨ, ਪਰ ਦੇਖ ਹਜ਼ਾਰਾਂ ਸਾਲ ਪਿੱਛੇ ਰਹੇ ਹਨ। ਉਸ ਸਮੇਂ ਵੱਲ ਜਿਸ ਅੰਦਰ ਹਰ ਤਰ੍ਹਾਂ ਦੀਆਂ ਬੇਨਿਯਮੀਆਂ, ਵਿਤਕਰਿਆਂ, ਬੇਇਨਸਾਫੀਆਂ ਅਤੇ ਮਨੁੱਖ ਅੰਦਰ ਜਨਮ-ਜਾਤ ਤੋਂ ਛੋਟੇ-ਵੱਡੇ ਕਹਿ ਕੇ ਪਾੜੇ ਪਾਉਣ ਦੇ ਅਤਿ ਨਿੰਦਣਯੋਗ ਕਾਰੇ ਹੁੰਦੇ ਰਹੇ।

ਇਹੋ ਜਿਹੇ ਮੂਰਖਮੱਤੇ ਵਰਤਾਰਿਆਂ ਨਾਲ ਜੁੜਨ ਵਾਲੇ ਕਿਹੋ ਜਿਹੀ ਮਾਨਸਿਕਤਾ ਦੇ ਲੋਕ ਹੋ ਸਕਦੇ ਹਨ ? ਕੀ ਅਜਿਹੇ ਮਨੁੱਖ ਦੀ ਖੋਪਰੀ ਅੰਦਰ ਦਿਮਾਗ਼ ਵੀ ਹੁੰਦਾ ਹੋਵੇਗਾ ? ਇਹ ਸੋਚਣਾ ਤਾਂ ਬਣਦਾ ਹੀ ਹੈ।

ਮਨੁੱਖੀ ਭਾਈਚਾਰੇ ਨੂੰ ਜੋੜਨ ਵਾਲੀ ਤੰਦ ਭਾਵ ਖਿਲਰੇ ਮਣਕਿਆਂ ਨੂੰ ਮਾਲ਼ਾ ਬਣਾਉਣ ਵਾਲੀ ਡੋਰ ਤਾਂ ਪ੍ਰੇਮ ਅਤੇ ਸਾਂਝ ਹੈ। ਗੁਰਬਾਣੀ ਵਿਚ ਇਨਸਾਨ ਨੂੰ ਦਿੱਤੀ ਗਈ ਮੱਤ ਦਰਜ ਹੈ ‘ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ’ ਅਤੇ ਸੰਸਾਰ ਨੂੰ ਜਿੱਤਣ ਵਾਸਤੇ ਇਨਸਾਨ ਨੇ ਇਸ ਵਾਸਤੇ ਹੀਲਾ ਕਿੱਥੋਂ ਸ਼ੁਰੂ ਕਰਨਾ ਹੈ ਇਹਦੇ ਬਾਰੇ ‘ਮਨੁ ਜੀਤੈ ਜਗੁ ਜੀਤੁ’ ਦਾ ਆਦੇਸ਼ ਦਿੱਤਾ ਗਿਆ ਹੈ। ਜੇ ਸਮਾਜ ਅੰਦਰੋਂ ਭਾਈਚਾਰਕ ਸਾਂਝ ਹੀ ਖ਼ਤਮ ਹੋ ਗਈ, ਜੇ ਇਕ ਦੂਜੇ ਦੇ ਔਖੇ ਵੇਲੇ ਕਿਸੇ ਦੂਜੇ ਦਾ ਦਰਦ ਮਹਿਸੂਸ ਕਰਨਾ ਹੀ ਛੱਡ ਦਿੱਤਾ ਤਾਂ ਮਨੁੱਖੀ ਹੋਂਦ ਕਿਸ ਕੰਮ? ਅਜਿਹੇ ਸਮੇਂ ਸੰਵੇਦਨਸ਼ੀਲ ਮਨੁੱਖ ਦੂਜੇ ਦੇ ਦੁੱਖ-ਦਰਦ ਦਾ ਦਾਰੂ ਬਣਨਾ ਲੋਚਦਾ ਹੈ। ਇਸ ਤਰ੍ਹਾਂ ਸਮਾਂ ਹੀ ਸੁਖਾਲਾ ਹੋ ਕੇ ਅੱਗੇ ਨਹੀਂ ਤੁਰਦਾ ਸਗੋਂ ਮਨੁੱਖ ਇਕ ਦੂਜੇ ਦੇ ਆਸਰੇ ਬਹੁਤ ਕੁਝ ਸਿੱਖਦਾ ਤੇ ਸਿਆਣਾ ਹੋਣ ਦੇ ਰਾਹ ਪੈਂਦਾ ਹੈ। ਇੱਥੋਂ ਹੀ ਸੱਭਿਆਤਾਵਾਂ ਦਾ ਸੁਮੇਲ ਤੇ ਵਿਕਾਸ ਹੁੰਦਾ ਹੈ। ਇੱਥੋਂ ਹੀ ਸੈਮੂਅਲ ਹਟਿੰਗਟਨ ਦਾ ‘ਸੱਭਿਆਤਾਵਾਂ ਦੇ ਭੇੜ’ ਵਾਲਾ ਨਖਿੱਧ ਵਿਚਾਰ ਝੂਠਾ ਸਾਬਤ ਹੁੰਦਾ ਹੈ ਕਿਉਂਕਿ ਸੱਭਿਆਤਾਵਾਂ ਦਾ ਵਿਕਾਸ ਸਾਂਝ ਦੇ ਆਧਾਰ ’ਤੇ ਲਗਾਤਾਰ ਪਣਪਿਆ ਹੈ ਜੋ ਅਜੇ ਵੀ ਜਾਰੀ ਹੈ। ਇੱਥੇ ਹੋਰ ਵੀ ਮੂਰਖਮੱਤੇ ਵਿਚਾਰ ਜੰਮਦੇ ਰਹੇ ਜਦੋਂ ਫੂਕੋਜਾਮਾ ਵਰਗਾ ‘ਇਤਿਹਾਸ ਦੇ ਅੰਤ’ ਦੀ ਟਿੰਡ ਖੜਕਾਉਣੀ ਸ਼ੁਰੂ ਕਰਦਾ ਹੈ। ਆਧੁਨਿਕ ਹੋਣ ਦਾ ਅਰਥ ਬੇਸਿਰ ਪੈਰ ਕਮਲ ਕੁੱਟਣਾ ਨਹੀਂ ਹੁੰਦਾ ਸਗੋਂ ਜ਼ਿੰਦਗੀ ਦੇ ਯਥਾਰਥ ਨੂੰ ਪਛਾਣ ਕੇ ਮਨੁੱਖਤਾ ਦੀ ਹਰ ਪੱਖੋਂ ਤਕੜੇ ਹੋ ਕੇ ਪਹਿਰੇਦਾਰੀ ਕਰਨਾ ਵੀ ਹੁੰਦਾ ਹੈ। ਸਮਾਜਿਕ ਵਿਕਾਸ ਵਿਚੋਂ ਹੀ ਬੌਧਿਕ ਵਿਕਾਸ ਦੀਆਂ ਪੈੜਾਂ ਉੱਘੜਦੀਆਂ ਹਨ, ਇਸੇ ਬੌਧਿਕਤਾ ਦੇ ਆਸਰੇ ਸੰਸਾਰ ਦੇ ਹਰ ਪੱਖੋਂ ਨੈਣ-ਨਕਸ਼ ਬਦਲਣ ਦੀ ਨਿਸ਼ਾਨਦੇਹੀ ਕਰਦਿਆਂ ਉਸ ਉੱਤੇ ਅਮਲ ਕਰਨ ਬਾਰੇ ਹੌਸਲੇ ਨਾਲ ਅੱਗੇ ਵਧਿਆ ਜਾਂਦਾ ਹੈ। ਸੰਸਾਰ ਦੇ ਸਮਾਜਿਕ ਵਿਕਾਸ ਦਾ ਇਹੋ ਰਾਹ ਵੀ ਹੈ ਤੇ ਸੱਚ ਵੀ। ਇਹ ਕੁਝ ਦੇਖਣ, ਪਰਖਣ ਵਾਲੀਆਂ ਅੱਖਾਂ ਤੇ ਸੋਚ ਪਤਾ ਨਹੀਂ ਇਹ ਅਖੌਤੀ ਵਿਦਵਾਨ ਕਿੱਥੇ ਗੁਆ ਆਏ ਹਨ ? ਇਹੋ ਜਿਹਾਂ ਦਾ ਝੂਠਾ ਢੋਲ ਪਿੱਟਣ ਵਾਲੇ ਸ਼ਰਮ ਵੀ ਮਹਿਸੂਸ ਨਹੀਂ ਕਰਦੇ।

ਇਹ ਬਹੁਤ ਔਖਾ ਸਮਾਂ ਹੈ ਕਿਉਂਕਿ ਵੱਡੀਆਂ ਹਕੂਮਤਾਂ ਅਤੇ ਫੈਸਲਾਕੁਨ ਅਹੁਦਿਆਂ ’ਤੇ ‘ਸਰਬਰਾਹ’ ਬਣ ਕੇ ਬੈਠੇ ਬੌਣੀ ਸੋਚ ਵਾਲੇ ਆਪਣੇ ਕੱਦ ਢਲਦੀ ਦੁਪਹਿਰ ਵਾਲੇ ਪਰਛਾਵਿਆਂ ਨਾਲ ਮਿਣਦੇ ਹਨ ਅਤੇ ਆਪਣੇ ‘ਹੋਣ’ ਤੇ ‘ਹੋਣੀ’ ਦਾ ਗ਼ੈਰ-ਜ਼ਰੂਰੀ ਦਾਅਵਾ ਕਰਦੇ ਹਨ। ਇਸ ਪੱਖੋਂ ਉਹ ਕਦੇ ਵੀ ਸਹੀ ਨਹੀਂ ਹੋ ਸਕਦੇ। ਹਾਂ! ਉਹ ਇਹਦੇ ਨਾਲ ਕੁਝ ਸਮੇਂ ਵਾਸਤੇ ਦਿਲ ਪਰਚਾਅ ਸਕਦੇ ਹਨ, ਪਰ ਸੂਰਜ ਡੁੱਬਣ ਬਾਅਦ ਪਰਛਾਵਾਂ ਨਜ਼ਰ ਨਹੀਂ ਆਉਂਦਾ। ਉਦੋਂ ਕੀ ਕਰਨਗੇ ? ਅਜਿਹੇ ਲੋਕ ਝੂਠ ਦੇ ਘੋੜੇ ’ਤੇ ਅਸਵਾਰ ਹੋ ਕੇ ਗੱਤੇ ਦੀਆਂ ਨਕਲੀ ਤਲਵਾਰਾਂ ਨਾਲ ਲੜਨ ਦਾ ਨਾਟਕ ਕਰਨ ਵਾਲੇ ਬਦਨਾਮੀ ਤੋਂ ਬਿਨਾਂ ਹੋਰ ਕੁਝ ਪ੍ਰਾਪਤ ਹੀ ਨਹੀਂ ਕਰ ਸਕਦੇ। ਇਸ ਰਾਹੇ ਤੁਰਨ ਵਾਲੇ ਤਾਬੜਤੋੜ ਯਤਨਾਂ ਦੇ ਬਾਵਜੂਦ ਸੱਚ ਦੇ ਵਿਹੜੇ ਨਹੀਂ ਪਹੁੰਚ ਸਕਦੇ। ਜਿਨ੍ਹਾਂ ਨੂੰ ਸਬੂਤਾਂ ਦੀ ਲੋੜ ਹੋਵੇ ਉਹ ਇਤਿਹਾਸ ਦੇ ਪੰਨੇ ਪਲਟ ਕੇ ਦੇਖ ਲੈਣ। ਉੱਥੇ ਅਜਿਹੇ ਨਖਿੱਧ ਲੋਕਾਂ ਦੇ ਨਾਮ ਦਰਜ ਹਨ ਜਿਨ੍ਹਾਂ ਦੇ ਦੂਜਿਆਂ ਦੀ ਸੋਚ ਅੰਦਰ ਹਨੇਰ ਦੇ ਪਸਾਰੇ ਵਰਗੇ ਕੁਕਰਮ ਕੀਤੇ ਹੀ ਲੱਭਣਗੇ।

ਠੀਕ ਦਿਸ਼ਾ ਵੱਲ ਜਾਣ ਦਾ ਇਰਾਦਾ ਰੱਖਣ ਵਾਲਿਆਂ ਨੂੰ ਆਪਣੀ ਦਸ਼ਾ, ਦਿਸ਼ਾ, ਸੀਮਾ ਤੇ ਸਮਰੱਥਾ ਦਾ ਗਿਆਨ ਹੋਣਾ ਚਾਹੀਦਾ ਹੈ। ਸਮੇਂ ਨੂੰ ਉਂਗਲ ਲਾਉਣ ਦੀ ਹਿੰਮਤ ਅਤੇ ਹੌਸਲਾ ਹਰ ਔਕੜ ਦਾ ਰੁਖ਼ ਬਦਲ ਸਕਦਾ ਹੈ। ਅਜੋਕੇ ਸਮੇਂ ਅੰਦਰ ਪੰਜਾਬੀ ਕੌਮ ਦੇ ਨਵ-ਨਿਰਮਾਣ ਦਾ ਸਵਾਲ ਉੱਚਾ ਕਰਨਾ ਜ਼ਰੂਰੀ ਵੀ ਹੈ ਤੇ ਹੋ ਵੀ ਰਿਹਾ ਹੈ। ਸਦੀਆਂ ਤੋਂ ਅਸੀਂ ‘ਸਭੈ ਸਾਂਝੀਵਾਲ ਸਦਾਇਣ…’ ਦੇ ਝੰਡਾ ਬਰਦਾਰ ਬਣਕੇ ਆਪਣੀ ਹੋਂਦ ਤੇ ਹੋਣੀ ਦਾ ਪ੍ਰਗਟਾਵਾ ਕਰ ਰਹੇ ਹਾਂ। ਸਦੀਆਂ ਤੋਂ ਨਿੱਤ ਦਿਹਾੜੇ ਅਸੀਂ ਸਰਬੱਤ ਦੇ ਭਲੇ ਦਾ ਹੋਕਾ ਦਿੰਦਿਆਂ ਜਾਪ ਕਰਦੇ ਹਾਂ, ਪਰ ਅਫ਼ਸੋਸ ਕਿ ਜਾਤਾਂ-ਪਾਤਾਂ ਵਾਲਾ ਰੋਗ ਵੀ ਨਾਲ ਹੀ ਚੁੱਕੀ ਫਿਰਦੇ ਹਾਂ। ਇਸ ਨੂੰ ਆਪਣੇ ਨਾਲੋਂ ਤੋੜ ਕੇ ਸੁੱਟਣਾ ਪਵੇਗਾ। ਇਨਸਾਨ ਨੂੰ ਇਨਸਾਨ ਹੀ ਸਮਝਣਾ ਪਵੇਗਾ। ਧਰਮਾਂ ਵਾਲੇ ਅਤੇ ਸਿਆਸਤਾਂ ਵਾਲੇ ਆਪਣੇ ਵੱਲੋਂ ਆਮ ਕਰਕੇ ਝੂਠ ਬੋਲਦੇ ਹੋਏ ਵੀ ‘ਸਦੀਵੀ ਸੱਚ’ ਦੇ ਬੋਲ ਬੋਲਣ ਦਾ ਦਾਅਵਾ ਕਰਦੇ ਹਨ, ਬਰਾਬਰੀ ਵਾਲੇ ਸਮਾਜ ਦੀਆਂ ਗੱਲਾਂ ਕਰਦੇ ਹਨ। ਫੇਰ ਇਹ ਬਰਾਬਰੀ ਵਾਲੇ ਸਮਾਜ ਦਾ ਸੁਪਨਾ ਬੁਝਾਰਤ ਕਿਉਂ ਬਣਿਆ ਹੋਇਆ ਹੈ? ਕੀ ਅਜੇ ਤਕ ਬਰਾਬਰੀ ਵਾਲੇ ਸਮਾਜ ਦੀ ਅਗਵਾਈ ਦਾ ਦਮ ਭਰਨ ਵਾਲੇ ਸੰਕਲਪ ਨੂੰ ਅਮਲ ਵਿਚ ਤਬਦੀਲ ਕਰਨ ਦਾ ‘ਗੁਰਮੰਤਰ’ ਨਹੀਂ ਘੜ ਸਕੇ? ਜਾਂ ਇਤਿਹਾਸ ਤੋਂ ਸਬਕ ਸਿੱਖ ਕੇ ਸਿਰਜੇ ਹੋਏ ‘ਗੁਰਮੰਤਰ’ ਉੱਤੇ ਅਮਲ ਕਰਨੋਂ ਉੱਕ ਗਏ? ਨਵੀਂ ਪੀੜ੍ਹੀ ਨੂੰ ਖਾਸ ਤੌਰ ’ਤੇ ਇਸ ਬਾਰੇ ਸੋਚਣਾ ਪਵੇਗਾ। ‘ਬੇਗਮਪੁਰੇ’ ਦਾ ਸਿਰਜਿਆ ਰਾਹ ਦੇਖਣ ਅਤੇ ਉਸ ਉੱਤੇ ਅਮਲ ਕਰਨ ਵੇਲੇ ਉਨ੍ਹਾਂ ਨੂੰ ਅੰਧਰਾਤਾ ਕਿਉਂ ਹੋ ਜਾਂਦਾ ਹੈ? ਇਹ ਰਾਹ ਤਾਂ ਸੱਚ ਦਾ ਰਾਹ ਹੈ।

ਜਿਨ੍ਹਾਂ ਦਾ ਇਤਿਹਾਸ, ਬੋਲੀ/ਭਾਸ਼ਾ, ਖਿੱਤੇ ਦੀਆਂ ਸਾਝਾਂ ਵਾਲਾ ਸੱਭਿਆਚਾਰਕ ਭਾਈਚਾਰਾ ਹੋਵੇ, ਉੱਥੇ ਸਾਝਾਂ ਨੂੰ ਛੱਡ ਵਖਰੇਵਿਆਂ ਦੀ ਭਾਲ ਕਿਉਂ ਕੀਤੀ ਜਾਵੇ? ਅਮਨ-ਸ਼ਾਂਤੀ ਵਾਲੇ ਕਿਸੇ ਵੀ ਭਾਈਚਾਰੇ ਨੂੰ ਕਿਉਂ ਭੜਕਾਇਆ ਜਾਵੇ ? ਕਿਰਤੀਆਂ, ਕਿਸਾਨਾਂ ਭਾਵ ਹਰ ਵਰਗ ਦੇ ਮਿਹਨਤਕਸ਼ਾਂ ਵੱਲੋਂ ਆਪਣੀ ਕਿਰਤ ਦੀ ਰਾਖੀ ਵਾਸਤੇ ਕੀਤੇ ਜਾਂਦੇ ਸੰਘਰਸ਼ ਦਾ ਸਾਥ ਦੇਣਾ ਇਨਸਾਫ਼ ਪਸੰਦ ਅਤੇ ਸਿਵਲ ਸੁਸਾਇਟੀ ਦੇ ਲੋਕਾਂ ਦਾ ਲਾਜ਼ਮੀ ਫ਼ਰਜ਼ ਹੁੰਦਾ ਹੈ ਤਾਂ ਕਿ ਸਮਾਜ ਅੰਦਰ ਅਮਨ-ਚੈਨ ਬਣਿਆ ਰਹੇ। ਇੱਥੋਂ ਹੀ ਫ਼ਸਲਾਂ ਤੇ ਨਸਲਾਂ ਦੀ ਰਾਖੀ ਕਰਨ ਦਾ ਅਹਿਦ ਵੀ ਲਿਆ ਜਾਂਦਾ ਹੈ। ਸਾਂਝੇ ਸੰਘਰਸ਼ਾਂ ਵਿਚ ਕਈ ਵਾਰ ਇਹ ਸਵਾਲ ਸਿਰ ਚੁੱਕ ਲੈਂਦੇ ਹਨ ਕਿ ਕੀ ਲੋਕ ਸਿਆਸੀ-ਸਮਾਜੀ ਨਫ਼ਰਤੀ ਵਰਤਾਰਿਆਂ ਨੂੰ ਨਾ ਸਮਝ ਸਕੇ, ਕਿਸੇ ਨਾ ਕਿਸੇ ਧੜੇ ਦੇ ਪਿਛਲੱਗ ਹੋਣ ਦੇ ਆਦੀ ਹੋ ਗਏ। ਅਣਜਾਣੇ ਵਿਚ ਕਈ ਵਾਰ ਲੋਕ ਦੋਖੀਆਂ ਵੱਲੋਂ ਕੀਤੇ ਜਾਂਦੇ ਝੂਠੇ ਤੇ ਸ਼ਰਾਰਤੀ ਪ੍ਰਚਾਰ ਨਾਲ ਗੁੰਮਰਾਹ ਹੋ ਜਾਂਦੇ ਹਨ ਅਤੇ ਧਰਮਾਂ ਦੇ ਪੈਰੋਕਾਰ ਵੀ ਅਜਿਹੇ ਵਰਤਾਰੇ ਦੇ ਸ਼ਿਕਾਰ ਹੋ ਕੇ ਧੜਿਆਂ ਵਿਚ ਵੰਡੇ ਆਮ ਕਰਕੇ ਪਿਆਰ ਤੇ ਸਾਂਝ ਦਾ ਰਾਹ ਤਿਆਗ ਬੈਠਦੇ ਹਨ। ਇਹ ਵੀ ਸੱਚ ਹੈ ਕਿ ਲੋਕਾਂ ਦਾ ਦਰਦ ਮਨ ਵਿਚ ਰੱਖਣ ਵਾਲੇ ਲੋਕ ਪੱਖੀ ਬੁੱਧੀਮਾਨਾਂ/ਬੁੱਧੀਜੀਵੀਆਂ ਨੇ ਆਮ ਲੋਕਾਂ ਵਾਸਤੇ ਹਾਅ ਦਾ ਨਾਅਰਾ ਹੀ ਨਹੀਂ ਮਾਰਿਆ ਸਗੋਂ ਔਖੇ ਸਮਿਆਂ ਅੰਦਰ ਉਹ ਲੋਕਾਂ ਦੇ ਰਾਹ ਦਸੇਰਾ ਵੀ ਸਾਬਤ ਹੁੰਦੇ ਰਹੇ ਹਨ। ਇਨਸਾਨੀਅਤ ਦੀ ਸੇਵਾ ਦਾ ਦਮ ਭਰਨ ਵਾਲਿਆਂ ਨੂੰ ਇਸ ਪਾਸੇ ਪਰਤਣਾ ਪਵੇਗਾ। ਬੁੱਧੀਜੀਵੀਆਂ ਨੂੰ ਸਮਾਜ ਦੇ ਸਾਂਝ ਭਰੇ ਸੁਚੱਜੇ ਮਨੁੱਖੀ ਵਿਹਾਰ ਵਾਲੇ ਪਾਸੇ ਸਮਾਜ ਨੂੰ ਮੋੜਨ ਵਾਸਤੇ ਆਪਣੀ ਬੌਧਿਕ ਸੂਝ, ਗਿਆਨ ਨੂੰ ਨਿਰਸਵਾਰਥ ਅਤੇ ਬੇਖ਼ੌਫ ਹੋ ਕੇ ਵਰਤਣਾ ਪਵੇਗਾ। ਮਨੁੱਖੀ ਮਨਾਂ ਨੂੰ ਹਲੂਣਾ ਦੇਣ ਵਾਸਤੇ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਪਵੇਗੀ। ਧੜਿਆਂ ਵਿਚ ਵੰਡੇ ਸਮਾਜ ਨੂੰ ਪਾਟੋਧਾੜ ਵਾਲੇ ਇਸ ਚਿੱਕੜ ਵਿਚੋਂ ਕੱਢਣਾ ਪਵੇਗਾ। ਉਹ ਹਮੇਸ਼ਾਂ ਸਾਂਝੇ ਵਿਰਸੇ/ਵਿਰਾਸਤ ਦੇ ਵਾਰਿਸ ਰਹੇ ਹਨ। ਸਾਡੇ ਕੋਲ ਭਗਤੀ ਤੇ ਸ਼ਕਤੀ ਦੇ ਸੁਮੇਲ ਵਾਲਾ ਸਾਂਝਾ ਵਿਰਸਾ ਹੈ, ਇਸ ਦੇ ਸੰਦੇਸ਼ ਤੋਂ ਸੇਧ ਲੈਣੀ ਚਾਹੀਦੀ ਹੈ। ਅਨਿਆਂ ਦੇ ਖਿਲਾਫ਼ ਬਾਦਸ਼ਾਹੀਆਂ ਨੂੰ ਵੰਗਾਰਨ ਦਾ ਜਜ਼ਬਾ ਤੇ ਆਪਣੇ ਲੋਕਾਂ ਵਾਸਤੇ ਲੜਦਿਆਂ ਜੁਆਨੀਆਂ ਦੀ ਪਰਵਾਹ ਨਾ ਕਰਦਿਆਂ ਜਾਨਾਂ ਵਾਰ ਦੇਣ ਦੀ ਸੂਰਬੀਰਤਾ ਵਾਲਾ ਸਾਂਝਾ ਵਿਰਸਾ ਹੈ। ਇਸ ਸਾਂਝੀ ਵਿਰਾਸਤ ’ਤੇ ਪਹਿਰਾ ਦੇਣਾ ਸਾਂਝਾ ਫਰਜ਼ ਹੋਣਾ ਚਾਹੀਦਾ ਹੈ। ਅੱਜ ਵਾਲੀ ਇਨਸਾਨਾਂ ਅੰਦਰ ਫੁੱਟਪਾਊ ਤੇ ਨਫ਼ਰਤੀ ਸਿਆਸਤ ਦਾ ਜਵਾਬ ਲੋਕਾਂ ਦੀ ਮੁਹੱਬਤਾਂ ਵਾਲੀ ਸਾਂਝ ਭਰੀ ਸਰਗਰਮੀ ਹੋਵੇਗੀ ਤਾਂ ਜੋ ਹੱਥੋਂ ਨਿਕਲਦੇ ਜਾਂਦੇ ਸਮੇਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਪਣੇ ਹੋਣ (ਹੋਂਦ) ਦੀ ਰਾਖੀ ਕੀਤੀ ਜਾ ਸਕੇ। ਅੱਜ ਜੇ ਕਹਿਣਾ ਹੋਵੇ ਤਾਂ ਪਿਛਲੇ ਸੱਤ ਮਹੀਨਿਆਂ ਤੋਂ ਭਾਰਤ ਦੀ ਧਰਤੀ ’ਤੇ ਆਪਣੀਆਂ ਮੰਗਾਂ ਲਈ ਅਤੇ ਆਪਣੀ ਹੋਂਦ ਬਚਾਉਣ ਲਈ ਕਿਸਾਨਾਂ ਵੱਲੋਂ ਲੜਿਆ ਜਾ ਰਿਹਾ ਅਣਖੀ ਸੰਘਰਸ਼ ਹੀ ਵੇਲੇ ਦਾ ਰਾਗ ਕਿਹਾ ਜਾ ਸਕਦਾ ਹੈ। ਇਹ ਭੁੱਲਣਾ ਨਹੀਂ ਚਾਹੀਦਾ ਕਿ ਸਮਿਆਂ ਨੇ ਕਦੇ ਵੀ ਆਪਣੇ ਆਪ ਕਰਵਟ ਨਹੀਂ ਬਦਲੀ, ਇਸ ਤਬਦੀਲੀ ਦੀ ਚਾਲਕ ਸ਼ਕਤੀ ਹਮੇਸ਼ਾਂ ਸਮਿਆਂ ਤੋਂ ਅੱਗੇ ਹੋ ਕੇ ਤੁਰਨ ਵਾਲਾ ਜਾਗਰੂਕ, ਸੰਘਰਸ਼ਸ਼ੀਲ ਮਨੁੱਖ ਹੀ ਰਿਹਾ ਹੈ।
ਸੰਪਰਕ : +491733546050

LEAVE A REPLY

Please enter your comment!
Please enter your name here