ਮੁੰਬਈ, 3 ਮਈ

ਪੁਣੇ ਅਧਾਰਿਤ ਭਾਰਤੀ ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਕਿ ਵੈਕਸੀਨ ਉਤਪਾਦਨ ਅਜਿਹਾ ਅਮਲ ਹੈ, ਜਿਸ ਵਿੱਚ ਵਿਸ਼ੇਸ਼ ਮੁਹਾਰਤ ਦੀ ਲੋੜ ਹੈ ਤੇ ਇਸ ਨੂੰ ਰਾਤੋ ਰਾਤ ਨਹੀਂ ਵਧਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ ਤੇ ਸਾਰੇ ਬਾਲਗਾਂ ਲਈ ਖੁਰਾਕਾਂ ਦਾ ਉਤਪਾਦਨ ਕਰਨਾ ਸੌਖਾ ਕਾਰਜ ਨਹੀਂ ਹੈ। ਲੰਡਨ ਵਿੱਚ ਮੌਜੂਦ ਪੂਨਾਵਾਲਾ ਨੇ ਕਿਹਾ ਕਿ ਕੰਪਨੀ ਵੱਲੋਂ ਕੋਵੀਸ਼ੀਲਡ ਦਾ ਉਤਪਾਦਨ ਵਧਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਸਰਕਾਰ ਨੂੰ ਵੈਕਸੀਨ ਦੀਆਂ 11 ਕਰੋੜ ਖੁਰਾਕਾਂ ਸਪਲਾਈ ਕੀਤੀਆਂ ਜਾਣਗੀਆਂ।

ਇਸ ਦੌਰਾਨ ਪੂਨਾਵਾਲਾ ਵੱਲੋਂ ਧਮਕੀਆਂ ਮਿਲਣ ਦੇ ਕਥਿਤ ਦਾਅਵੇ ਦਰਮਿਆਨ ਮਹਾਰਾਸ਼ਟਰ ਦੇ ਮੰਤਰੀ ਨੇ ਅੱਜ ਕਿਹਾ ਕਿ ਪੂਨਾਵਾਲਾ ਨੂੰ ਇਨ੍ਹਾਂ ਕਥਿਤ ਧਮਕੀਆਂ ਖਿਲਾਫ਼ ਪੁਲੀਸ ਕੋਲ ਸ਼ਿਕਾਇਤ ਕਰਨੀ ਚਾਹੀਦੀ ਸੀ। ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਏਗੀ। ਚੇਤੇ ਰਹੇ ਕਿ ਪੂਨਾਵਾਲਾ ਇਸ ਵੇਲੇ ਆਪਣੇ ਪਰਿਵਾਰ ਸਮੇਤ ਯੂਕੇ ਵਿੱਚ ਹੈ। ਪੂਨਾਵਾਲਾ ਨੇ ਲੰਘੇ ਦਿਨ ‘ਦਿ ਟਾਈਮਜ਼’ ਨੂੰ ਦਿੱਤੀ ਇੰਟਰਵਿਊ ’ਚ ਦਾਅਵਾ ਕੀਤਾ ਸੀ ਕਿ ਭਾਰਤ ਵਿੱਚ ਮੌਜੂਦਾ ਕਰੋਨਾ ਸੰਕਟ ਦੇ ਮੱਦੇਨਜ਼ਰ ਕੋਵਿਡ-19 ਦੀਆਂ ਵੈਕਸੀਨਾਂ ਮੁਹੱਈਆ ਕੀਤੇ ਜਾਣ ਨੂੰ ਲੈ ਕੇ ਉਸ ਉੱਤੇ ਵੱਖ ਵੱਖ ਪਾਸਿਓਂ ਦਬਾਅ ਬਣਾਇਆ ਜਾ ਰਿਹਾ ਸੀ। ਇਹੀ ਨਹੀਂ ਕੁਝ ਨੇ ਤਾਂ ਨਤੀਜੇ ਭੁਗਤਣ ਦੀ ਵੀ ਧਮਕੀ ਦਿੱਤੀ ਸੀ। ਪੂਨਾਵਾਲਾ ਨੇ ਕਿਹਾ ਸੀ ਕਿ ਉਹ ਜਲਦੀ ਹੀ ਭਾਰਤ ਪਰਤ ਆਏਗਾ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਸ਼ੰਭੂਰਾਜੇ ਦੇਸਾਈ ਨੇ ਕਿਹਾ, ‘ਅਸੀਂ ਪੂਨਾਵਾਲਾ ਵੱਲੋਂ ਕੀਤੇ ਦਾਅਵੇ ਦੀ ਡੂੰਘਾਈ ਨਾਲ ਜਾਂਚ ਕਰਾਵਾਂਗੇ।’ ਉਧਰ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਪੂਨਾਵਾਲਾ ਨੂੰ ਭਾਰਤ ਵਾਪਸ ਆਉਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਕਾਂਗਰਸ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਏਗੀ। –ਪੀਟੀਆੀ

 

 

LEAVE A REPLY

Please enter your comment!
Please enter your name here