ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 1 ਮਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰੋਨਾ ਦੇ ਚੱਲਦਿਆਂ ਗੁਰੂ ਤੇਗ ਬਹਾਦਰ ਦਾ 400 ਸਾਲਾ ਪ੍ਰਕਾਸ਼ ਪੁਰਬ ਅੱਜ ਸੰਖੇਪ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਰਾਗੀ ਜਥਿਆਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਇਸ ਦੌਰਾਨ ਦਰਬਾਰ ਸਾਹਿਬ, ਅਕਾਲ ਤਖਤ ਅਤੇ ਗੁਰਦੁਆਰਾ ਬਾਬਾ ਅਟਲ ਸਾਹਿਬ ਵਿਖੇ ਜਲੌਅ ਸਜਾਏ ਗਏ।  ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਬੀਬੀ ਜਗੀਰ ਕੌਰ ਨੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਗੁਰੂ ਸਾਹਿਬ ਦੀ ਬਾਣੀ ਪੰਜ ਵੱਖ ਵੱਖ ਭਾਸ਼ਾਵਾਂ ਵਿਚ ਛਪਵਾਉਣ, ਗੁਰੂ ਸਾਹਿਬ ਦੇ ਜਨਮ ਅਸਥਾਨ ਤੋਂ ਲੈ ਕੇ ਸ਼ਹਾਦਤ ਤਕ ਦੇ ਸਫਰ ਦੀ ਦਸਤਾਵੇਜ਼ੀ ਫਿਲਮ ਤਿਆਰ ਕਰਵਾਉਣ ਅਤੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚ ਗੁਰੂ ਸਾਹਿਬ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਸ਼ਤਾਬਦੀ ਸਮਾਗਮ ਵਿਸ਼ਾਲ ਪੱਧਰ ’ਤੇ ਨਹੀਂ ਕੀਤੇ ਜਾ ਸਕੇ ਪਰ ਇਹ ਸਮਾਗਮ ਸਾਰਾ ਸਾਲ ਜਾਰੀ ਰਹਿਣਗੇ। ਮਾਹੌਲ ਠੀਕ ਹੋਣ ’ਤੇ ਇਸ ਸਬੰਧੀ ਵੱਡੇ ਸਮਾਗਮ ਵੀ ਕਰਵਾਏ ਜਾਣਗੇ। 

ਸਮਾਗਮ ਦੌਰਾਨ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ, ਅਵਤਾਰ ਸਿੰਘ ਸੁਰਸਿੰਘ ਤੇ ਹੋਰ ਹਾਜ਼ਰ ਸਨ। 

ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸੰਗਤ ਨੂੰ ਵਧਾਈ

ਅੰਮ੍ਰਿਤਸਰ: ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸੰਗਤ ਨੂੰ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮੌਜੂਦਾ ਕਰੋਨਾਕਾਲ ਦੌਰਾਨ ਸਿੱਖ ਕੌਮ ਨੂੰ ਇਕ ਅਜਿਹਾ ਆਧੁਨਿਕ ਹਸਪਤਾਲ ਸਥਾਪਤ ਕਰਨਾ ਚਾਹੀਦਾ ਹੈ, ਜਿਥੇ ਇਲਾਜ ਬਿਲਕੁਲ ਮੁਫਤ ਹੋਵੇ। ਇਸ ਕਾਰਜ ਲਈ ਕੋਈ ਇਕ ਸੰਸਥਾ ਨਹੀਂ ਸਗੋਂ ਸਮੁੱਚੀ ਸਿੱਖ ਕੌਮ ਅੱਗੇ ਆਵੇ। ਸਿੱਖ ਕੌਮ ਦੇ ਨੁਮਾਇੰਦੇ, ਚਿੰਤਕ ਅਤੇ ਸੰਗਤ ਇਸ ਬਾਰੇ ਆਪਣੇ ਸੁਝਾਅ ਅਕਾਲ ਤਖਤ ਨੂੰ ਭੇਜਣ। ਉਨ੍ਹਾਂ ਵਾਤਾਵਰਨ ਦੀ ਸ਼ੁੱਧਤਾ ਲਈ ਸੁਹਿਰਦ ਯਤਨਾਂ ’ਤੇ ਜ਼ੋਰ ਦਿੱਤਾ ਅਤੇ ਹਰ ਸਿੱਖ ਨੂੰ ਇੱਕ-ਇੱਕ ਪੌਦਾ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦਾ ਮਸਲਾ ਹੱਲ ਕਰਨ ਲਈ ਆਖਿਆ ਤਾਂ ਜੋ ਉਹ ਵੀ ਅਜਿਹੇ ਸੰਕਟ ਦੌਰਾਨ ਆਪਣੇ ਘਰ ਪਰਤ ਸਕਣ।

ਮੁੰਬਈ ਦੇ ਰੇਲਵੇ ਸਟੇਸ਼ਨ ’ਤੇ ਨੌਵੇਂ ਗੁਰੂ ਦੀ ਤਸਵੀਰ ਸਥਾਪਤ 

ਅੰਮ੍ਰਿਤਸਰ: ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਮੌਕੇ ਅੱਜ ਨਵੀਂ ਮੁੰਬਈ ਦੀ ਸਿੱਖ ਸੰਗਤ ਵੱਲੋਂ ਉਥੋਂ ਦੇ ਇਕ ਰੇਲਵੇ ਸਟੇਸ਼ਨ ’ਤੇ ਗੁਰੂ ਸਾਹਿਬ ਦੀ ਤਸਵੀਰ ਸਥਾਪਤ ਕੀਤੀ ਗਈ। ਇਹ ਸੇਵਾ ਗੁਰੂ ਗੋਬਿੰਦ ਸਿੰਘ ਸੇਵਕ ਜਥਾ ਟਰੱਸਟ ਦੇ ਪ੍ਰਧਾਨ ਜਸਵਿੰਦਰ ਸਿੰਘ ਸ਼ੈਂਟੀ ਨੇ ਸੁਪਰੀਮ ਕੌਸਲ ਨਵੀਂ ਮੁੰਬਈ ਗੁਰਦੁਆਰਾ ਦੇ ਆਗੂ ਭਾਈ ਜਸਪਾਲ ਸਿੰਘ ਸਿੱਧੂ  ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਹਾਰਾਸ਼ਟਰ ਸਰਕਾਰ ਦੀ ਪ੍ਰਵਾਨਗੀ ਮਗਰੋਂ ਕੀਤੀ। ਇਸ ਮੌਕੇ ਗੁਰਪੁਰਬ ਮਨਾਉਂਦਿਆਂ ਗੁਰਦੁਆਰਾ ਸੀਬੀਡੀ ਬੇਲਾਪੁਰ, ਗੁਰਦੁਆਰ ਪਨਵੇਲ, ਗੁਰਦੁਆਰਾ ਨਰੂਲਾ, ਗੁਰਦੁਆਰਾ ਅਰੌਲੀ ਅਤੇ ਗੁਰਦੁਆਰ ਖਾਰਗੜ੍ਹ ਵਿਖੇ ਲੋੜਵੰਦਾਂ ਨੂੰ ਆਕਸੀਜਨ ਸਿਲੰਡਰ ਵੀ ਵੰਡੇ ਗਏ।  

LEAVE A REPLY

Please enter your comment!
Please enter your name here