ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 25 ਅਗਸਤ
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਖਰੀਂਡਵਾ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਲੀਲਾਵਾਂ ਦੇ ਦ੍ਰਿਸ਼ਾਂ ਸਣੇ ਮਹਾਭਾਰਤ ਤੇ ਅਧਾਰਿਤ ਕਈ ਪ੍ਰੇਰਕ ਪ੍ਰਸੰਗ ਪੇਸ਼ ਕੀਤੇ। ਪ੍ਰੋਗਰਾਮ ਵਿੱਚ ਬੱਚਿਆਂ ਨੇ ਰਾਧਾ ਕ੍ਰਿਸ਼ਨ, ਨੰਦ ਬਾਬਾ, ਯਸ਼ੋਧਾ ਮੈਯਾ ,ਦੇਵਕੀ ਮੈਯਾ, ਬਾਬਾ ਵਾਸੂਦੇਵ , ਪੰਜ ਪਾਂਡਵਾਂ ਤੇ ਗੋਪੀਆਂ ਦੀ ਵੇਸ਼ ਭੂਸ਼ਾ ਧਾਰਨ ਕਰ ਕੇ ਪ੍ਰੋਗਰਾਮ ਨੂੰ ਰੋਚਕ ਬਣਾਇਆ। ਸਕੂਲ ਦੇ ਮੈਦਾਨ ਨੂੰ ਮਟਕੀਆਂ, ਫੁੱਲਾਂ ,ਬੰਸਰੀਆਂ ਤੇ ਮਾਲਾਵਾਂ ਨਾਲ ਖੂਬ ਸਜਾਇਆ ਗਿਆ। ਮੰਚ ਦਾ ਸੰਚਾਲਨ ਡਾ. ਨਿਧੀ ਗੁਪਤਾ ਤੇ ਰੋਹਣੀ ਆਹੂਜਾ ਨੇ ਨਿਵੇਕਲੇ ਅੰਦਾਜ ਵਿਚ ਕੀਤਾ। ਵਿਦਿਆਰਥੀਆਂ ਨੇ ਦਿਲ ਟੁੰਬਵੇਂ ਸੰਸਕ੍ਰਿਤਕ ਪ੍ਰੋਗਰਾਮ ਪੇਸ਼ ਕੀਤੇ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਸ਼ਣੂ ਭਗਵਾਨ ਗੁਪਤਾ ਨੇ ਵਿਦਿਆਰਥੀਆਂ ਨੂੰ ਭਗਵਾਨ ਕ੍ਰਿਸ਼ਨ ਦੇ ਜਨਮ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਭ ਨੂੰ ਰਿਸ਼ੀਆਂ ਮੁਨੀਆਂ, ਰਾਮ ,ਕ੍ਰਿਸ਼ਨ ਆਦਿ ਮਹਾਪੁਰਸ਼ਾਂ ਦੇ ਦਿਖਾਏ ਰਾਹ ’ਤੇ ਚੱਲਣਾ ਚਾਹੀਦਾ ਹੈ। ਸਕੂਲ ਦੀ ਪ੍ਰਿੰਸੀਪਲ ਬੀਬਨਦੀਪ ਕੌਰ ਨੇ ਕਿਹਾ ਕਿ ਹਰ ਇਕ ਧਰਮ ਨਿਆਂ, ਸੱਚ ਤੇ ਧਰਮ ਦੀ ਸਥਾਪਨਾ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਧਰਮ ਦੀ ਪਾਲਣਾ ਸਦਭਾਵਨਾ ਨਾਲ ਕਰਨੀ ਚਾਹੀਦੀ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਰਾਮ ਲਾਲ ਗੁਪਤਾ, ਕੁਲਦੀਪ ਗੁਪਤਾ, ਮਹਿੰਦਰ ਕੁਮਾਰ ਕੰਸਲ ਤੋਂ ਇਲਾਵਾ ਸਕੂਲ ਦੀ ਮੀਤ ਪ੍ਰਿੰਸੀਪਲ ਮੋਨਿਕਾ ਅਨੰਦ, ਮਨੀਸ਼ਾ ਗਗਨ, ਗੁਲਸ਼ਨ ਮੀਨਾਕਸ਼ੀ, ਪ੍ਰਵੇਸ਼, ਨਿਸ਼ਾ, ਅੰਸ਼ਿਤਾ, ਅੰਜਲੀ, ਜਸਵਿੰਦਰ ਹਾਜ਼ਰ ਸਨ।
ਕਿਡਜ਼ੀ ਕਲਿਆਣ ਨਗਰ ਸਕੂਲ ਵਿੱਚ ਸਮਾਗਮ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਕਿਡਜ਼ੀ ਕਲਿਆਣ ਨਗਰ ਪ੍ਰੀ-ਸਕੂਲ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੀਆਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਛੋਟੇ-ਛੋਟੇ ਬੱਚਿਆਂ ਨੇ ਭਗਵਾਨ ਕ੍ਰਿਸ਼ਨ ਵਾਂਗ ਪਹਿਰਾਵਾ ਪਾ ਕੇ ਨਾਚ ਕੀਤਾ। ਵਿਦਿਆਰਥੀਆਂ ਨੇ ਸ੍ਰੀ ਕ੍ਰਿਸ਼ਨ ਨੂੰ ਯਾਦ ਕਰਦਿਆਂ ਧਾਰਮਿਕ ਗੀਤਾਂ ਤੇ ਦਿਲ ਖਿੱਚਵੇਂ ਨਾਚ ਪੇਸ਼ ਕੀਤੇ ਜਦ ਕਿ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਭਗਵਾਨ ਕ੍ਰਿਸ਼ਨ ਦੇ ਜਨਮ ਦੀ ਕਥਾ ਦਾ ਮੰਚਨ ਕੀਤਾ। ਪ੍ਰੋਗਰਾਮ ਵਿਚ ਬੱਚਿਆਂ ਦੀ ਊਰਜਾ ਤੇ ਉਤਸ਼ਾਹ ਦੇਖਣ ਨੂੰ ਮਿਲਿਆ। ਸਕੂਲ ਮੁਖੀ ਏਕਜੋਤ ਕੌਰ ਨੇ ਬੱਚਿਆਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਤੇ ਸਿਖਿਆਵਾਂ ਬਾਰੇ ਦੱਸਿਆ ਤੇ ਉਨਾਂ ਨੂੰ ਸੱਚ, ਇਨਸਾਫ ਤੇ ਪਿਆਰ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ।