ਮੁੰਬਈ, 10 ਜੂਨ

ਬੰਬੇ ਹਾਈ ਕੋਰਟ ਨੇ ਅੱਜ ਕਿਹਾ ਕਿ ਐਲਗਾਰ ਪ੍ਰੀਸ਼ਦ-ਮਾਓਵਾਦੀ ਸਬੰਧਾਂ ਕੇਸ ਵਿੱਚ ਗ੍ਰਿਫ਼ਤਾਰ ਈਸਾਈ ਪਾਦਰੀ ਤੇ ਕਾਰਕੁਨ ਸਟੈਨ ਸਵਾਮੀ 18 ਜੂਨ ਤੱਕ ਮੁੰਬਈ ਅਧਾਰਿਤ ਪ੍ਰਾਈਵੇਟ ਹਸਪਤਾਲ ਵਿੱਚ ਹੀ ਰਹੇਗਾ, ਕਿਉਂਕਿ ਉਹ ਕੋਵਿਡ-19 ਨਾਲ ਗ੍ਰਸਤ ਹੈ। ਮੈਡੀਕਲ ਆਧਾਰ ’ਤੇ ਦਾਇਰ ਅੰਤਰਿਮ ਜ਼ਮਾਨਤ ਅਰਜ਼ੀ ਮਗਰੋਂ ਸਵਾਮੀ (84) ਨੂੰ 28 ਮਈ ਨੂੰ ਤਾਲੋਜਾ ਜੇਲ੍ਹ ਤੋਂ ਨੇੜਲੇ ਨਵੀ ਮੁੰਬਈ ਸਥਿਤ ਹੋਲੀ ਫੈਮਿਲੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਹਸਪਤਾਲ ਵਿੱਚ ਦਾਖ਼ਲੇ ਮਗਰੋਂ ਸਵਾਮੀ ਜਾਂਚ ਦੌਰਾਨ ਕਰੋਨਾ ਪਾਜ਼ੇਟਿਵ ਨਿਕਲ ਆਇਆ ਸੀ। ਸਵਾਮੀ ਨੂੰ ਅਕਤੂਬਰ 2020 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਤੇ ਉਦੋਂ ਤੋਂ ਉਹ ਤਾਲੋਜਾ ਜੇਲ੍ਹ ਵਿੱਚ ਬੰਦ ਸੀ। ਸਵਾਮੀ ਦੇ ਵਕੀਲ ਮਿਹਿਰ ਦੇਸਾਈ ਨੇ ਜਸਟਿਸ ਐੱਸ.ਐੱਸ.ਸ਼ਿੰਦੇ ਤੇ ਜਸਟਿਸ ਐੱਨ.ਜੇ.ਜਾਮਦਾਰ ਦੇ ਡਿਵੀਜ਼ਨ ਬੈਂਚ ਨੂੰ ਦੱਸਿਆ ਕਿ ਸਵਾਮੀ ਕੋਵਿਡ ਪਾਜ਼ੇਟਿਵ ਹੈ, ਲਿਹਾਜ਼ਾ ਪ੍ਰਾਈਵੇਟ ਹਸਪਤਾਲ ਵਿੱਚ ਉਸ ਦੀ ਠਹਿਰ ਦੇ ਅਰਸੇ ਨੂੰ ਵਧਾ ਦਿੱਤਾ ਜਾਵੇ। ਬੈਂਚ ਨੇ ਕੇਸ ਦੀ ਅਗਲੀ ਸੁਣਵਾਈ 17 ਜੂਨ ਲਈ ਨਿਰਧਾਰਿਤ ਕਰਦਿਆਂ ਕਿਹਾ ਕਿ ਸਵਾਮੀ ਨੂੰ 18 ਜੂਨ ਤੱਕ ਨਿੱਜੀ ਹਸਪਤਾਲ ਵਿੱਚ ਹੀ ਦਾਖ਼ਲ ਰੱਖਿਆ ਜਾਵੇ। ਇਸ ਦੇ ਨਾਲ ਹੀ ਕੋਰਟ ਨੇ ਅਗਲੀ ਸੁਣਵਾਈ ਮੌਕੇ ਸਵਾਮੀ ਦੀ ਮੈਡੀਕਲ ਰਿਪੋਰਟ ਇਕ ਸੀਲਬੰਦ ਲਿਫਾਫੇ ਵਿੱਚ ਪੇਸ਼ ਕਰਨ ਲਈ ਵੀ ਕਿਹਾ ਹੈ। -ਪੀਟੀਆਈ 

LEAVE A REPLY

Please enter your comment!
Please enter your name here