ਸਤਿ ਸ੍ਰੀ ਅਕਾਲ, ਸਰ!

0


ਅਵਤਾਰ ਐੱਸ. ਸੰਘਾ

ਪਿੱਛੇ ਜਿਹੇ ਮੈਂ ਪੰਜਾਬ ਤੋਂ ਆਏ ਦੋ ਜਾਣਕਾਰਾਂ ਨਾਲ ਬਲਿਊ ਮਾਊਂਟੇਨ ਵੱਲ ਘੁੰਮਣ ਗਿਆ। ਇਹ ਜਾਣਕਾਰ ਆਪਣੇ ਬੱਚਿਆਂ ਨੂੰ ਮਿਲਣ ਸਿਡਨੀ ਆਏ ਹੋਏ ਸਨ। ਵਾਪਸ ਪੰਜਾਬ ਜਾਣੋਂ ਖੁੰਝ ਗਏ ਕਿਉਂਕਿ ਕਰੋਨਾ ਆ ਗਿਆ। ਪਹਿਲਾਂ ਇਹ ਮੇਰੇ ਨੇੜੇ ਆਏ ਤੇ ਫਿਰ ਇਹ ਦੋਸਤਾਂ ਵਾਂਗ ਹੀ ਬਣ ਗਏ। ਆਖਰ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਗਿਆ। ਇਹ ਘੁੰਮਣਾ ਇੱਕ ਪ੍ਰਕਾਰ ਨਾਲ ਪਿਕਨਿਕ ਸੀ ਕਿਉਂਕਿ ਬਲਿਊ ਮਾਊਂਟੇਨ ਸਾਡੇ ਘਰਾਂ ਤੋਂ ਮਸਾਂ 50 ਕੁ ਕਿਲੋਮੀਟਰ ਹੀ ਦੂਰ ਸਨ। ਅਸਾਂ ਤਿੰਨਾਂ ਨੇ ਕੁਝ ਨਾ ਕੁਝ ਖਾਣ ਲਈ ਲੈ ਲਿਆ। ਪਹਾੜਾਂ ਵਿੱਚ ਜਾ ਕੇ ਦੋ ਤਿੰਨ ਜਗ੍ਹਾ ਬੈਠੇ। ਨਾਲੇ ਇਕੱਠੇ ਬੈਠ ਕੇ ਖਾਧਾ ਤੇ ਨਾਲੇ ਗੱਪਾਂ ਮਾਰੀਆਂ।

ਚੱਲਦੀਆਂ ਗੱਲਾਂ ਵਿੱਚ ਇੱਕ ਵਿਸ਼ਾ ਇਹ ਵੀ ਚੱਲਿਆ ਕਿ ਮੈਂ ਪੰਜਾਬ ਵਿੱਚ ਲੰਮਾ ਸਮਾਂ ਪ੍ਰੋਫ਼ੈਸਰੀ ਕੀਤੀ ਸੀ। ਮੇਰੀ ਘਰਵਾਲੀ ਨੇ ਸਕੂਲ ਚਲਾਇਆ ਸੀ। ਉਹ ਕਹਿਣ ਲੱਗੇ- ਸਕੂਲ ਦਾ ਥਾਂ ਆਪਣਾ ਸੀ ਜਾਂ ਸਭ ਕੁਝ ਕਿਰਾਏ ‘ਤੇ ਸੀ? ਪੁੱਛਣ ਲੱਗੇ- ‘ਆਪਣਾ ਸਭ ਕੁਝ ਕਿਵੇਂ ਬਣਾ ਲਿਆ?’ ਮੈਂ ਆਪਣਾ ਬਣਾਉਣ ਦੀ ਕਹਾਣੀ ਦੱਸਣ ਲੱਗ ਪਿਆ।

ਇਹ 1987 ਦੀ ਗੱਲ ਏ। ਮੇਰੀ ਡਿਊਟੀ ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਲੈਣ ਲਈ ਸੁਪਰਡੈਂਟ ਦੇ ਤੌਰ ‘ਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਲੱਗੀ ਸੀ। ਸ਼ੁਰੂ ਸ਼ੁਰੂ ਵਿੱਚ ਪਰਚੇ ਸਵੇਰੇ ਸ਼ਾਮ ਦੋਵੇਂ ਵੇਲੇ ਸਨ। ਇਸ ਲਈ ਮੈਨੂੰ ਸ਼ੁਰੂ ਸ਼ੁਰੂ ਵਿੱਚ ਕੁਝ ਦਿਨ ਉਸੇ ਸ਼ਹਿਰ ਵਿੱਚ ਠਹਿਰਨਾ ਪੈਣਾ ਸੀ। ਮੈਂ ਆਪਣੇ ਇੱਕ ਅਜਿਹੇ ਜਾਣਕਾਰ ਨਾਲ ਸੰਪਰਕ ਕੀਤਾ ਜਿਸ ਦੀ ਕੋਠੀ ਹੁਸ਼ਿਆਰਪੁਰ ਵਿੱਚ ਸੀ। ਕੋਠੀ ਦਾ ਇੱਕ ਹਿੱਸਾ ਕਿਰਾਏ ‘ਤੇ ਚੜ੍ਹਿਆ ਹੋਇਆ ਸੀ ਤੇ ਦੂਜੇ ਹਿੱਸੇ ਵਿੱਚੋਂ ਦੋ ਕੁ ਕਮਰੇ ਮਾਲਕ ਨੇ ਆਪਣੀ ਕਦੀ ਕਦਾਈਂ ਵਰਤੋਂ ਲਈ ਰੱਖੇ ਹੋਏ ਸਨ। ਮਾਲਕ ਨੇ ਮੈਨੂੰ ਇੱਕ ਕਮਰੇ ਦੀ ਚਾਬੀ ਦੇ ਦਿੱਤੀ ਤੇ ਕਹਿ ਦਿੱਤਾ ਜਿਸ ਦਿਨ ਮੈਨੂੰ ਲੋੜ ਹੋਵੇ, ਮੈਂ ਉਸ ਕਮਰੇ ਵਿੱਚ ਰਹਿ ਸਕਦਾ ਹਾਂ। ਉੱਥੇ ਉਨ੍ਹਾਂ ਦਾ ਬੈੱਡ ਲੱਗਾ ਹੋਇਆ ਸੀ।

ਪਰਚੇ ਸ਼ੁਰੂ ਹੋਏ। ਪਹਿਲੇ ਦਿਨ ਤਾਂ ਮੈਂ ਘਰੋਂ ਹੀ ਚਲਾ ਗਿਆ। ਜਾ ਕੇ ਪਰਚਾ ਸ਼ੁਰੂ ਕਰਵਾ ਦਿੱਤਾ। ਸ਼ਾਮ ਦਾ ਪਰਚਾ ਵੀ ਹੋ ਗਿਆ। ਪਰਚੇ ਤੋਂ ਬਾਅਦ ਸਾਢੇ ਕੁ ਪੰਜ ਵਜੇ ਮੈਂ ਆਪਣੇ ਕਮਰੇ ਵਿੱਚ ਪਹੁੰਚਣ ਲਈ ਜਾ ਕੇ ਕੋਠੀ ਦੇ ਦਰਵਾਜ਼ੇ ਅੱਗੇ ਲੱਗੀ ਘੰਟੀ ਦਾ ਬਟਨ ਦਬਾ ਦਿੱਤਾ। ਗੇਟ ਇੱਕ ਵਿਆਹੁਤਾ ਲੜਕੀ ਨੇ ਖੋਲ੍ਹਿਆ ਤੇ ਖੋਲ੍ਹਦੇ ਸਾਰ ਹੀ ਮੁਸਕਰਾਹਟ ਭਰੀ ਆਵਾਜ਼ ‘ਚ ਬੋਲੀ:

‘ਸਤਿ ਸ੍ਰੀ ਅਕਾਲ, ਸਰ!’

ਉਸ ਦੇ ਮੈਨੂੰ ਸਰ ਕਹਿਣ ‘ਤੇ ਮੈਨੂੰ ਹੈਰਾਨੀ ਜਿਹੀ ਹੋਈ। ਮੈਂ ਉਸ ਦੀ ਫਤਿਹ ਦਾ ਜਵਾਬ ਫਤਿਹ ਵਿੱਚ ਦੇ ਦਿੱਤਾ। ਮੈਂ ਹੈਰਾਨ ਜਿਹਾ ਹੋਇਆ ਅੱਗੇ ਨੂੰ ਵਧਣ ਲੱਗਾ ਹੀ ਸੀ ਕਿ ਉਹ ਬੋਲ ਪਈ, ‘ਸਰ, ਤੁਹਾਡੇ ਆਉਣ ‘ਤੇ ਬੜੀ ਖ਼ੁਸ਼ੀ ਹੋਈ। ਆਓ, ਬੈਠੋ। ਕੀ ਕੋਈ ਕੰਮ ਏ? ਸਰ, ਮੈਂ ਤਾਂ ਤੁਹਾਨੂੰ ਤਕਰੀਬਨ ਸੱਤ ਸਾਲਾਂ ਬਾਅਦ ਦੇਖਿਆ ਏ।’

‘ਕੀ ਤੁਸੀਂ ਮੈਨੂੰ ਜਾਣਦੇ ਹੋ?’

‘ਸਰ, ਹੱਦ ਹੋ ਗਈ? ਅਸੀਂ ਕਦੀ ਭੁੱਲ ਸਕਦੇ ਹਾਂ?’

‘ਮੈਂ ਤੁਹਾਨੂੰ ਪਹਿਚਾਣਿਆ ਨਹੀਂ?’

‘ਸਰ, ਮੇਰਾ ਨਾਮ ਮੰਜੁਲਾ ਏ। ਮੈਂ ਤੁਹਾਡੀ ਵਿਦਿਆਰਥਣ ਸਾਂ।’

‘ਇਹਦਾ ਮਤਲਬ ਇਹ ਕਿ ਤੁਸੀਂ ਮੇਰੇ ਇਲਾਕੇ ਦੇ ਹੀ ਹੋ?’

‘ਜੀ ਹਾਂ, ਸਰ ਮੇਰਾ ਪਿੰਡ ਨੂਰਪੁਰ ਏ। ਮੈਂ ਬਕਾਪੁਰ ਵਿਆਹੀ ਹੋਈ ਹਾਂ। ਮੇਰਾ ਘਰਵਾਲਾ ਇੱਥੇ ਬੈਂਕ ਵਿੱਚ ਲੋਨ ਅਫ਼ਸਰ ਏ। ਉਹ ਬੈਂਕ ਤੋਂ ਆਉਣ ਹੀ ਵਾਲੇ ਹਨ। ਉਨ੍ਹਾਂ ਦਾ ਨਾਮ ਰਾਜ ਕੁਮਾਰ ਏ। ਤੁਹਾਨੂੰ ਮਿਲ ਕੇ ਬਹੁਤ ਖ਼ੁਸ਼ ਹੋਣਗੇ। ਸਾਡੀ ਪੋਸਟਿੰਗ ਅੱਜਕੱਲ੍ਹ ਇੱਥੇ ਹੁਸ਼ਿਆਰਪੁਰ ਏ। ਅਸੀਂ ਇਸ ਕੋਠੀ ਵਿੱਚ ਕਿਰਾਏਦਾਰ ਹਾਂ। ਸਰ, ਤੁਹਾਡਾ ਇੱਥੇ ਆਉਣਾ ਕਿਵੇਂ ਹੋਇਆ? ਕੀ ਤੁਹਾਨੂੰ ਕੋਈ ਬੈਂਕ ਦਾ ਕੰਮ ਏ? ਮੈਨੂੰ ਹੈਰਾਨੀ ਏ ਕਿ ਏਨੀ ਦੂਰ ਤੁਹਾਨੂੰ ਬੈਂਕ ਦਾ ਕੰਮ ਵੀ ਕੀ ਹੋ ਸਕਦਾ ਏ?’

‘ਅੱਛਾ! ਤਾਂ ਇਹ ਗੱਲ ਏ। ਮੇਰੇ ਬਾਰੇ ਸੁਣ ਲੈ। ਮੇਰੀ ਡਿਊਟੀ ਬਤੌਰ ਸੈਂਟਰ ਸੁਪਰਡੈਂਟ ਸਰਕਾਰੀ ਕਾਲਜ ਵਿੱਚ ਲੱਗੀ ਹੋਈ ਏ। ਮੈਂ ਪਰਚਾ ਖ਼ਤਮ ਕਰਕੇ ਆਇਆ ਹਾਂ। ਇਹ ਕੋਠੀ ਤਲਵੰਡੀ ਵਾਲੇ ਬਖਤਾਵਰ ਸਿੰਘ ਸਹੋਤਾ ਦੀ ਏ। ਉਨ੍ਹਾਂ ਦੇ ਘਰਾਂ ਵਿੱਚ ਮੇਰੀ ਭੈਣ ਵਿਆਹੀ ਹੋਈ ਏ। ਉਨ੍ਹਾਂ ਨੇ ਮੈਨੂੰ ਇੱਕ ਕਮਰੇ ਦੀ ਇਹ ਚਾਬੀ ਦਿੱਤੀ ਹੈ ਤਾਂ ਕਿ ਲੋੜ ਪੈਣ ‘ਤੇ ਮੈਂ ਇਨ੍ਹਾਂ ਯੂਨੀਵਰਸਿਟੀ ਦੇ ਇਮਤਿਹਾਨਾਂ ਦਰਮਿਆਨ ਇੱਥੇ ਕਦੀ ਕਦਾਈਂ ਰਾਤ ਰਹਿ ਸਕਾਂ। ਤੁਹਾਡੇ ਘਰਵਾਲੇ ਨੂੰ ਮਿਲ ਕੇ ਮੈਨੂੰ ਬੜੀ ਖ਼ੁਸ਼ੀ ਹੋਵੇਗੀ।’

ਮੈਂ ਤੇ ਮੇਰੇ ਦੋਵੇਂ ਸਾਥੀ ਹੁਣ ਲਾਅਸਨ (Lawson) ਪਹੁੰਚ ਗਏ ਸਾਂ। ਉੱਥੇ ਕਾਰ ਪਾਰਕ ਕਰਕੇ ਅਸੀਂ ਬੈਂਚਾਂ ‘ਤੇ ਬੈਠ ਗਏ। ਖਾਣਾ ਖਾਧਾ ਤੇ ਥਰਮਸ ਵਿੱਚੋਂ ਚਾਹ ਪਾ ਕੇ ਪੀ ਰਹੇ ਸਾਂ। ਇੰਨੇ ਨੂੰ ਸਾਡੇ ਨੇੜਿਓਂ ਲੰਘ ਰਹੇ ਇੱਕ 45 ਕੁ ਸਾਲਾ ਬੰਦੇ ਨੇ ਮੇਰੇ ਵੱਲ ਦੇਖਿਆ ਤੇ ਉੱਚੀ ਦੇਣੀ ਕਿਹਾ, ‘ਸਤਿ ਸ੍ਰੀ ਅਕਾਲ, ਸਰ!’

‘ਭਾਈ ਸਾਹਿਬ, ਆਓ। ਆਓ, ਚਾਹ ਪੀ ਕੇ ਜਾਇਓ।’ ਮੈਂ ਕਿਹਾ।

‘ਸਰ, ਬਹੁਤ ਮਿਹਰਬਾਨੀ। ਚਾਹ ਤੁਸੀਂ ਪੀਓ। ਅੱਜ ਇੱਧਰ ਆਉਣਾ ਕਿਵੇਂ ਹੋਇਆ? ਸਰ, ਤੁਹਾਨੂੰ ਮਿਲ ਕੇ ਬੜੀ ਖ਼ੁਸ਼ੀ ਹੋਈ।’

‘ਬਹੁਤ ਮਿਹਰਬਾਨੀ, ਵੀਰ ਜੀ। ਵੈਸੇ ਮੈਂ ਤੁਹਾਨੂੰ ਪਹਿਚਾਣਿਆ ਨਹੀਂ।’

‘ਸਰ ਜੀ, ਮੈਂ ਤੁਹਾਡੇ ਸਕੂਲ ਵਿੱਚ ਪੜ੍ਹਿਆ ਹਾਂ। ਤੁਸੀਂ ਕਾਲਜ ਪੜ੍ਹਾਉਂਦੇ ਸੀ ਤੇ ਮੈਡਮ ਸਕੂਲ ਚਲਾਉਂਦੇ ਸਨ। ਮੈਂ ਆਪਣੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਸਿਡਨੀ ਆ ਗਿਆ ਸੀ। ਹੁਣ ਤੋਂ 6 ਕੁ ਸਾਲ ਪਹਿਲਾਂ। ਫਿਰ ਮੈਂ ਇੱਧਰ ਬੈਂਕ ਵਿੱਚ ਟੈਲਰ ਦੀ ਨੌਕਰੀ ਕਰਨ ਲੱਗ ਪਿਆ। ਹੁਣ ਮੈਂ ਆਹ ਨੇੜੇ ਤੋਂ ਹੀ ਬੈਂਕ ਵਿੱਚੋਂ ਡਿਊਟੀ ਖ਼ਤਮ ਕਰਕੇ ਆਇਆ ਹਾਂ।’

‘ਕੀ ਨਾਮ ਏ, ਬੇਟੇ, ਤੁਹਾਡਾ?’

‘ਸਰ, ਹਰੀਸ਼। ਮੇਰੇ ਪਿਤਾ ਦੀ ਸ਼ਹਿਰ ਵਿੱਚ ਪੇਂਟ ਦੀ ਦੁਕਾਨ ਹੁੰਦੀ ਸੀ।’

‘ਓਹ, ਮੈਂ ਹੁਣ ਸਮਝਿਆ। ਮੈਨੂੰ ਯਾਦ ਆ ਗਿਐ। ਤੂੰ ਤਾਂ ਬਹੁਤ ਬਦਲ ਗਿਆ ਏਂ, ਬੇਟੇ।’

‘ਸਰ, ਬਦਲੇ ਹੋਏ ਤਾਂ ਤੁਸੀਂ ਵੀ ਹੋ, ਪਰ ਮੈਂ ਫਿਰ ਵੀ ਤੁਹਾਨੂੰ ਪਹਿਚਾਣ ਲਿਆ। ਅੱਛਾ ਸਰ ਤੁਸੀਂ ਮਜ਼ੇ ਕਰੋ। ਮੈਂ ਹੁਣ ਟਰੇਨ ਫੜਨੀ ਏ।’

‘ਚੰਗਾ ਬਈ।’

ਉਹ ਸਟੇਸ਼ਨ ਵੱਲ ਨੂੰ ਚਲਾ ਗਿਆ। ਅਸੀਂ ਚਾਹ ਪੀਣ ਲੱਗ ਪਏ।

‘ਅੱਗੇ ਸੁਣਾਓ, ਫਿਰ ਉਨ੍ਹਾਂ ਬੈਂਕ ਵਾਲਿਆਂ ਨਾਲ ਕਿਵੇਂ ਹੋਇਆ? ਅੱਜ ਤਾਂ ਸਾਰੇ ਬੈਂਕ ਵਾਲੇ ਹੀ ‘ਸਰ, ਸਰ’ ਕਹੀ ਜਾ ਰਹੇ ਨੇ। ਤੁਹਾਡੇ ਵਿਦਿਆਰਥੀ ਦੁਨੀਆ ਭਰ ਵਿੱਚ ਫੈਲੇ ਹੋਏ ਨੇ।’ ਸਾਥੀ ਹਰਚਰਨ ਕਹਿਣ ਲੱਗਾ।

‘ਥੋੜ੍ਹੀ ਦੇਰ ਵਿੱਚ ਹੀ ਮੰਜੁਲਾ ਦਾ ਘਰਵਾਲਾ ਰਾਜ ਕੁਮਾਰ ਵੀ ਆ ਗਿਆ। ਮੈਨੂੰ ਮਿਲ ਕੇ ਉਹ ਵੀ ਬਹੁਤ ਖ਼ੁਸ਼ ਹੋਇਆ। ਹੋਰ ਸਰ, ਮੈਡਮ ਕੀ ਕਰਦੇ ਨੇ? ਉਹ ਵੀ ਕਿਧਰੇ ਪ੍ਰੋਫ਼ੈਸਰ ਨੇ?’ ਰਾਜ ਕੁਮਾਰ ਪੁੱਛਣ ਲੱਗਾ।

‘ਨਹੀਂ, ਰਾਜ ਕੁਮਾਰ। ਉਨ੍ਹਾਂ ਨੇ ਦੋ ਕੁ ਸਾਲ ਪਹਿਲਾਂ ਆਪਣਾ ਸਕੂਲ ਖੋਲ੍ਹਿਆ ਸੀ। ਅਜੇ ਸੁਸਾਇਟੀ ਦੇ ਤੌਰ ‘ਤੇ ਦਰਜ ਕਰਵਾਇਆ ਹੈ। ਅੱਗੇ ਜਾ ਕੇ ਮਾਨਤਾ ਪ੍ਰਾਪਤ ਕਰਵਾਵਾਂਗੇ। ਤੁਸੀਂ ਬੈਂਕ ਵਿੱਚ ਕਿਸ ਅਹੁਦੇ ‘ਤੇ ਹੋ?’

‘ਮੈਂ ਲੋਨ ਅਫ਼ਸਰ ਹਾਂ। ਸੱਚ ਇੱਕ ਗੱਲ ਦੱਸੋ ਕੀ ਕਿਸੇ ਨੂੰ ਕਰਜ਼ਾ ਤਾਂ ਨਹੀਂ ਚਾਹੀਦਾ? ਅਸੀਂ ਉਨ੍ਹਾਂ ਲੋਕਾਂ ਨੂੰ ਸਬਸਿਡੀ ‘ਤੇ ਲੋਨ ਦਿੰਦੇ ਹਾਂ ਜਿਹੜੇ ਆਪਣਾ ਕੰਮ ਖੋਲ੍ਹਦੇ ਹਨ। ਮੈਡਮ ਨੇ ਆਪਣਾ ਕੰਮ ਖੋਲ੍ਹਿਆ ਏ। ਤੁਸੀਂ ਕਰਜ਼ਾ ਲੈ ਸਕਦੇ ਹੋ। ਲੋਕ ਤਾਂ ਇਸ ਸਕੀਮ ਦਾ ਲਾਭ ਉਠਾਉਣ ਲਈ ਸਾਡੇ ਮਗਰ ਮਗਰ ਫਿਰਦੇ ਹਨ। ਕੀ ਖਿਆਲ ਏ?’

‘ਰਾਜ ਕੁਮਾਰ, ਮੈਨੂੰ ਬੈਂਕਿੰਗ ਅਤੇ ਫਾਇਨੈਂਸ ਬਾਰੇ ਬਹੁਤਾ ਪਤਾ ਨਹੀਂ। ਜੇਕਰ ਤੁਸੀਂ ਗਾਈਡ ਕਰੋ ਤਾਂ ਮੈਂ ਇੰਜ ਕਰ ਵੀ ਸਕਦਾ ਹਾਂ।’

‘ਸਾਡੇ ਪਾਸ ਪੰਜ ਸੌ ਅਰਜ਼ੀ ਆ ਚੁੱਕੀ ਏ, ਸਰ। ਤੁਸੀਂ ਵੀ ਫਾਰਮ ਭਰ ਦਿਓ। ਤੁਹਾਨੂੰ ਸਭ ਤੋਂ ਪਹਿਲਾਂ ਦੇਵਾਂਗੇ। ਮੈਡਮ ਦੇ ਬਸ ਦਸਤਖ਼ਤ ਚਾਹੀਦੇ ਹਨ। ਤੁਸੀਂ ਇਹ ਕਰਵਾ ਲਓ। ਚੈੱਕ ਲੈਣ ਵਾਲੇ ਦਿਨ ਇਕੱਲੇ ਹੀ ਆ ਜਾਣਾ।’

‘ਬੜੀ ਕਮਾਲ ਦੀ ਗੱਲ ਹੋਈ। ਇੱਕ ਬੰਦਾ ਕਰਜ਼ਾ ਲੈਣਾ ਵੀ ਨਹੀਂ ਚਾਹੁੰਦਾ। ਕਰਜ਼ਾ ਉਹਦੇ ਵੱਲ ਨੂੰ ਭੱਜ ਭੱਜ ਕੇ ਆ ਰਿਹਾ ਏ।’

ਹਰਸ਼ਰਨ ਕਹਿਣ ਲੱੱਗਾ, ‘ਫਿਰ ਕਿਵੇਂ ਹੋਇਆ?’

‘ਮੈਂ ਫਾਰਮ ਭਰ ਦਿੱਤਾ। 15 ਕੁ ਦਿਨਾਂ ਬਾਅਦ ਸੂਚਨਾ ਮਿਲਣ ‘ਤੇ ਚੈੱਕ ਲੈਣ ਚਲਾ ਗਿਆ। ਬੈਂਕ ਅੱਗੇ ਚਾਰ ਕੁ ਸੌ ਬੰਦਾ ਖੜ੍ਹਾ ਸੀ। ਆਪਣੀ ਵਾਰੀ ਉਡੀਕ ਰਹੇ ਸਨ। ਰਾਜ ਕੁਮਾਰ ਭੀੜ ਦੇ ਅੱਗੇ ਆ ਕੇ ਮੇਰੇ ਵੱਲ ਦੇਖ ਕੇ ਬੋਲਿਆ, ‘ਸਤਿ ਸ੍ਰੀ ਅਕਾਲ, ਸਰ! ਅੰਦਰ ਆ ਜਾਓ।’

ਮੈਂ ਭੀੜ ‘ਚੋਂ ਹੁੰਦਾ ਹੋਇਆ ਅੰਦਰ ਨੂੰ ਚਲਾ ਗਿਆ। ਲੋਕ ਮੇਰੇ ਵੱਲ ਦੇਖ ਰਹੇ ਸਨ। ਮੈਂ ਚੈੱਕ ਲਿਆ ਤੇ ਆਰਾਮ ਨਾਲ ਬਾਹਰ ਆ ਗਿਆ। ਘਰ ਪਹੁੰਚਿਆ। ਅਸੀਂ ਪਲਾਟ ਲੈਣ ਦੀ ਸਲਾਹ ਬਣਾ ਲਈ। ਉਸ ਵਿੱਚ ਕੁੱਝ ਹੋਰ ਪੈਸੇ ਪਾ ਕੇ ਇੱਕ ਕਨਾਲ ਦਾ ਪਲਾਟ ਲੈ ਲਿਆ। ਇਸ ਪ੍ਰਕਾਰ ਮੇਰੀ ਘਰਵਾਲੀ ਦੇ ਆਪਣੀ ਮਾਲਕੀ ਵਾਲੇ ਸਕੂਲ ਦੀ ਸ਼ੁਰੂਆਤ ਹੋਈ। ਫਿਰ ਇਸ ਸਕੂਲ ਦੀ ਕਮੇਟੀ ਬਣ ਗਈ। 3 ਕੁ ਸਾਲਾਂ ਵਿੱਚ ਹੋਰ ਥਾਂ ਲੈ ਕੇ ਕੁਝ ਇਮਾਰਤ ਬਣਾ ਕੇ ਇਸ ਦੀ ਮਾਨਤਾ ਲੈ ਲਈ। ਮੈਂ ਐਸੇ ਕਬੀਲੇ ‘ਚ ਪੈਦਾ ਹੋਇਆ ਹਾਂ ਜਿਹੜਾ ਖੇਤੀਬਾੜੀ ਕਰਨੀ ਤਾਂ ਜਾਣਦਾ ਸੀ, ਪਰ ਕਾਰੋਬਾਰ ਜਾਂ ਬਿਜ਼ਨਸ ਕਰਨ ਤੋਂ ਬਿਲਕੁਲ ਅਣਜਾਣ ਸੀ। ਸਬੱਬ ਐਸਾ ਬਣਿਆ ਕਿ ਮੈਂ ਕਾਰੋਬਾਰ ਕਰਨ ਵੀ ਲੱਗ ਪਿਆ। ਇਸ ਦਾ ਇੱਕ ਕਾਰਨ ਤਾਂ ਅਚਾਨਕ ਬੈਂਕ ਦੀ ਮਦਦ ਸੀ ਤੇ ਦੂਜਾ ਕਾਰਨ ਇਹ ਸੀ ਕਿ ਅਸਾਂ ਪੰਜਾਬ ਛੱਡ ਕੇ ਕਿਤੇ ਵੀ ਨਹੀਂ ਸੀ ਜਾਣਾ।’

‘ਇਸ ਦਾ ਕੀ ਭਾਵ? ਨਾਲੇ ਸਭ ਕੁਝ ਛੱਡ ਕੇ ਇੱਧਰ ਨੂੰ ਵੀ ਆ ਗਏ?’ ਹਰਚਰਨ ਬੋਲਿਆ।

‘ਇੱਧਰ ਵਾਸਤੇ ਵੀ ਮੈਨੂੰ ਹਾਲਾਤ ਨੇ ਹੀ ਅਰਜ਼ੀ ਦੇਣ ਲਈ ਮਜਬੂਰ ਕੀਤਾ ਸੀ। ਜਿੰਨੀ ਵੱਡੀ ਉਮਰ ‘ਚ ਮੈਂ ਇਹ ਅਰਜ਼ੀ ਪਾਈ ਓਨੀ ਵਿੱਚ ਕਿਸੇ ਦਾ ਬਾਹਰਲਾ ਘੱਟ ਹੀ ਬਣਦਾ ਏ। ਮੈਂ ਕਿਸੇ ਮਜਬੂਰੀ ਵੱਸ ਅਰਜ਼ੀ ਪਾ ਦਿੱਤੀ ਤੇ ਉਹ ਡੇਢ ਕੁ ਸਾਲ ਵਿੱਚ ਹੀ ਪਾਸ ਹੋ ਗਈ।’

ਇੰਨੀਆ ਕੁ ਗੱਲਾਂ ਕਰਕੇ ਅਸੀਂ ਅੱਗੇ ਕੁਟੰਭੇ ਵੱਲ ਨੂੰ ਚੱਲ ਪਏ। ਉੱਥੋਂ ਮੈਂ ਗੱਡੀ ਥ੍ਰੀ ਸਿਸਟਰਜ਼ ਵੱਲ ਨੂੰ ਮੋੜ ਲਈ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉੱਥੇ ਲੋਕਾਂ ਦਾ ਕਾਫ਼ੀ ਹਜੂਮ ਸੀ ਕਿਉਂਕਿ ਇਹ ਇਤਿਹਾਸਕ ਜਗ੍ਹਾ ਏ। ਉੱਥੇ ਜਾ ਕੇ ਅਸੀਂ ਇੱਕ ਖੋਖੇ ਅੱਗੇ ਖੜ੍ਹੇ ਕਾਫ਼ੀ ਪੀ ਰਹੇ ਸਾਂ। ਮੈਂ ਦੂਰ ਨਜ਼ਰ ਮਾਰੀ ਤਾਂ ਮੈਨੂੰ ਮੇਰਾ ਇੱਕ ਜਾਣਕਾਰ ਬੰਦਾ ਖੜ੍ਹਾ ਨਜ਼ਰ ਆ ਰਿਹਾ ਸੀ। ਮੈਂ ਇਸ ਬੰਦੇ ਨੂੰ ਦੇਖ ਲਿਆ,ਪਰ ਮੈਂ ਇਹਦੇ ਬਾਰੇ ਆਪਣੇ ਦੋਹਾਂ ਸਾਥੀਆਂ ਨੂੰ ਅਜੇ ਦੱਸਿਆ ਕੁਝ ਨਾ। ਇੰਨੇ ਨੂੰ ਮਨਮੋਹਨ ਕਹਿਣ ਲੱਗਾ, ‘ਭਾਈ ਸਾਹਬ, ਤੁਹਾਨੂੰ ਥਾਂ ਥਾਂ ‘ਤੇ ਤੁਹਾਡੇ ਵਿਦਿਆਰਥੀ ਮਿਲ ਪੈਂਦੇ ਹਨ। ਇੱਕ ਅਧਿਆਪਕ ਦੀ ਵੀ ਵਾਕਫ਼ੀਅਤ ਦਾ ਦਾਇਰਾ ਸੱਚਮੁੱਚ ਹੀ ਬੜਾ ਵਿਸ਼ਾਲ ਹੁੰਦਾ ਏ।’

‘ਤੁਸੀਂ ਵੀ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵਕੀਲ ਰਹੇ ਹੋ। ਤੁਹਾਡਾ ਦਾਇਰਾ ਵੀ ਬਹੁਤ ਲੰਬਾ ਹੋਵੇਗਾ। ਕੀ ਤੁਸੀਂ ਅੱਜ ਮੈਨੂੰ ਇੱਥੇ ਆਪਣਾ ਕੋਈ ਵਾਕਫ਼ ਬੰਦਾ ਮਿਲਾ ਸਕਦੇ ਹੋ?’

“ਤੁਸੀਂ ਤਾਂ ਮੈਨੂੰ ਚੈਲੰਜ ਕਰ ਦਿੱਤਾ। ਏਦਾਂ ਅਚਾਨਕ ਅਣਜਾਣ ਥਾਂ ‘ਤੇ ਸੱਤ ਸਮੁੰਦਰੋਂ ਪਾਰ ਵੀ ਕਦੀ ਕੋਈ ਵਾਕਫ਼ ਬੰਦਾ ਮਿਲਦਾ ਹੁੰਦਾ ਏ? ਅਸੰਭਵ! ਤੁਸੀਂ ਮੈਨੂੰ ਚੈਲੰਜ ਕਰ ਰਹੇ ਹੋ, ਮੰਨਦਾ ਹਾਂ ਕਿ ਤੁਹਾਨੂੰ ਲਾਅਸਨ (Lawson) ਵਿਖੇ ਇੱਕ ਵਿਦਿਆਰਥੀ ਮਿਲ ਗਿਆ। ਚਲੋ ਹੁਣ ਲੱਭ ਕੇ ਦੱਸੋ। ਜੇ ਲੱਭ ਲਓ ਤਾਂ ਫਿਰ ਤੁਹਾਨੂੰ ਮੰਨ ਜਾਵਾਂਗੇ। ਤੁਸੀਂ ਤਾਂ ਇੰਨੇ ਸ਼ੇਖੀ ਵਿੱਚ ਆ ਗਏ ਹੋ ਕਿ ਸਾਡੇ ‘ਤੇ ਰੋਅਬ ਝਾੜਨ ਲਈ ਕਹੀ ਜਾ ਰਹੇ ਹੋ ਕਿ ਤੁਹਾਨੂੰ ਹਰ ਥਾਂ ‘ਤੇ ਜਾਣਕਾਰ ਮਿਲ ਸਕਦਾ ਹੈ। ਤੁਸੀਂ ਪੂਰੀ ਸ਼ੇਖੀ ਵਿੱਚ ਆ ਗਏ ਹੋ ਤੇ ਸੋਚਦੇ ਹੋ ਕਿ ਇੱਕ ਅਧਿਆਪਕ ਦਾ ਜਾਣ ਪਛਾਣ ਦਾ ਦਾਇਰਾ ਬਹੁਤ ਵਿਸ਼ਾਲ ਹੁੰਦਾ ਏ। ਚਲੋ ਅੱਜ ਤੁਹਾਨੂੰ ਦੇਖਦੇ ਹਾਂ। ਇੱਕ ਹੋਰ ਰਿਆਇਤ ਵੀ ਦੇ ਦਿੰਦਾ ਹਾਂ। ਆਪਾਂ ਇੱਥੇ ਦੋ ਘੰਟੇ ਰਹਾਂਗੇ। ਲੋਕ ਆ ਵੀ ਰਹੇ ਹਨ ਤੇ ਜਾ ਵੀ ਰਹੇ ਹਨ। ਤੁਸੀਂ ਦੋ ਘੰਟਿਆਂ ਵਿੱਚ ਆਪਣਾ ਇੱਕ ਜਾਣਕਾਰ ਲੱਭ ਦਿਓ। ਮੰਨ ਜਾਵਾਂਗਾ। ਮੈਂ ਸ਼ਰਤ ਲਗਾਉਣ ਲਈ ਵੀ ਤਿਆਰ ਹਾਂ।’

‘ਮਨਮੋਹਨ, ਮੈਨੂੰ ਦੋ ਕੁ ਮਿੰਟ ਸੋਚ ਲੈਣ ਦਿਓ।’

‘ਚੱਲ ਸੋਚ ਲੈ।’

ਇੰਨੇ ਚਿਰ ਵਿੱਚ ਮੈਂ ਚੋਰੀ ਚੋਰੀ ਦੂਰ ਫਿਰ ਉਸ ਬੰਦੇ ਵੱਲ ਦੇਖਿਆ ਜਿਹੜਾ ਮੈਨੂੰ ਮੇਰਾ ਜਾਣਕਾਰ ਲੱਗਦਾ ਸੀ।

ਫਿਰ ਮੈਂ ਕਿਹਾ, ‘ਚੱਲ ਲਗਾ ਲੈ ਸ਼ਰਤ, ਮਨਮੋਹਨ। ਸਮਾਂ ਵੀ ਦੋ ਘੰਟੇ ਦਾ ਏ। ਤੁਸੀਂ ਆਪ ਹੀ ਮੰਨਿਆ ਏ।’

‘ਭਾਜੀ, ਹੋਰ ਸੋਚ ਲਓ। ਨਮਾਜ਼ਾਂ ਬਖਸ਼ਾਉਂਦੇ ਬਖਸ਼ਾਉਂਦੇ ਕਿਤੇ ਰੋਜ਼ੇ ਗਲ਼ ਨਾ ਪਾ ਲਿਓ।’ ਹਰਚਰਨ ਨੇ ਮਨਮੋਹਨ ਨੂੰ ਚੁਕੰਨਾ ਕਰਨ ਦੀ ਕੋਸ਼ਿਸ਼ ਕੀਤੀ।

‘ਲੱਗ ਗਈ ਸੌ ਡਾਲਰ ਦੀ ਸ਼ਰਤ।’ ਮਨਮੋਹਨ ਹੁੱਬ ਕੇ ਬੋਲਿਆ। ‘ਇਸ ਸ਼ੇਖੀਬਾਜ਼ ਨੂੰ ਅੱਜ ਦੇਖ ਹੀ ਲੈਂਦੇ ਹਾਂ।’

‘ਡਨ।’ ਮੈਂ ਕਿਹਾ, ‘ਆਓ, ਫਿਰੀਏ ਤੁਰੀਏ।’

ਅਸੀਂ ਥ੍ਰੀ ਸਿਸਟਰਜ਼ ਵੱਲ ਨੂੰ ਚੱਲ ਪਏ। ਲੋਕ ਇੱਧਰ ਉੱਧਰ ਘੁੰਮ ਰਹੇ ਸਨ। ਮੈਂ ਜਿੱਧਰ ਨੂੰ ਵੀ ਜਾਂਦਾ ਸਾਂ, ਉਹ ਮੇਰੇ ਨਾਲ ਨਾਲ ਹੀ ਸਨ। ਪਹਾੜਾਂ ਅਤੇ ਵਾਦੀਆਂ ਦਾ ਨਜ਼ਾਰਾ ਸੱਚਮੁੱਚ ਹੀ ਬੜਾ ਮਨਮੋਹਣਾ ਸੀ। ਮੌਸਮ ਵੀ ਬੜਾ ਸੁਹਾਵਣਾ ਸੀ। ਕਈ ਸਾਰੀਆਂ ਸੈਲਾਨੀ ਬੱਸਾਂ ਵੀ ਆਈਆਂ ਹੋਈਆਂ ਸਨ। ਅਸੀਂ ਅਜੇ 50 ਕੁ ਕਦਮ ਹੀ ਤੁਰੇ ਸਾਂ ਕਿ ਸਾਹਮਣਿਓਂ ਇੱਕ 35 ਕੁ ਸਾਲਾ ਪੰਜਾਬੀ ਮੁੰਡਾ ਮੇਰੇ ਵੱਲ ਨੂੰ ਤੇਜ਼ ਤੇਜ਼ ਆਇਆ ਤੇ ਬੋਲਿਆ, ‘ਸਤਿ ਸ੍ਰੀ ਅਕਾਲ, ਸਰ!’

‘ਓਏ ਪਰਮਾਰ, ਅੱਜ ਇੱਥੇ ਕਿਵੇਂ?’

‘ਜਿਵੇਂ ਤੁਸੀਂ ਸਰ, ਓਵੇਂ ਹੀ ਮੈਂ! ਮੈਂ ਟੂਰ ਨਾਲ ਆਇਆ ਸਾਂ ਘੁੰਮਣ ਫਿਰਨ।’

‘ਤੁਸੀਂ ਮੈਨੂੰ ਪਹਿਲਾਂ ਵੀ ਇੱਕ ਵਾਰ ਗੁਰਦੁਆਰਾ ਸਾਹਿਬ ਵਿਖੇ ਮਿਲੇ ਸੀ। ਤੁਸੀਂ ਕਿਹੜੇ ਸਾਲ ਕਾਲਜ ਵਿੱਚ ਪੜ੍ਹਦੇ ਹੁੰਦੇ ਸੀ?’

‘ਸਰ, 1998 ਵਿੱਚ ਮੈਂ ਬੀਐੱਸ.ਸੀ. ਕੀਤੀ ਸੀ।’

‘ਓ, ਆਈ ਰੀਮੈਂਬਰ!’

‘ਸਰ, ਉਸ ਸਾਲ ਤੁਸੀਂ ਕਾਲਜ ਵਿੱਚ ਯੁਵਕ ਮੇਲੇ ਲਈ ਸਫਦਰ ਹਾਸ਼ਮੀ ਦਾ ਲਿਖਿਆ ਨਾਟਕ ‘ਹੱਲਾ ਬੋਲ!’ ਖਿਡਾਇਆ ਸੀ।’

‘ਪਰਮਾਰ ਹੁਣ ਕਿੱਥੇ ਰਹਿੰਦੇ ਹੋ?’

‘ਸਿਡਨੀ ਦੇ ਓਰਾਨ ਪਾਰਕ ਵਿਖੇ।’

‘ਬੜੀ ਖ਼ੁਸ਼ੀ ਹੋਈ ਮਿਲ ਕੇ! ਕਰੋ ਇਨਜੁਆਏ।’

ਪਰਮਾਰ ਚਲਾ ਗਿਆ। ਇੱਧਰ ਮਨਮੋਹਨ ਹੈਰਾਨ ਪਰੇਸ਼ਾਨ! ਉਹ ਸ਼ਰਤ ਹਾਰ ਗਿਆ ਸੀ।

‘ਭਰਾਵਾ, ਇੱਕ ਅਧਿਆਪਕ, ਖ਼ਾਸ ਕਰਕੇ ਕਾਲਜ ਅਧਿਆਪਕ ਦਾ ਜਾਣ ਪਛਾਣ ਦਾ ਦਾਇਰਾ ਸੱਚਮੁੱਚ ਹੀ ਬੜਾ ਵਿਸ਼ਾਲ ਹੁੰਦਾ ਏ। ਮੰਨ ਗਏ ਤੈਨੂੰ। ਜਿਹਨੇ ਕਾਲਜ ਵਿੱਚ 30-35 ਸਾਲ ਪੜ੍ਹਾਇਆ ਹੋਵੇ, ਉਹਨੂੰ ਉਹ ਵਿਦਿਆਰਥੀ ਵੀ ਪਹਿਚਾਣਦੇ ਹੁੰਦੇ ਨੇ ਜਿਹੜੇ ਉਹਦੀ ਜਮਾਤ ਵਿੱਚ ਨਹੀਂ ਪੜ੍ਹੇ ਹੁੰਦੇ। ਜਵਾਨ ਤਬਕੇ ਦੀ ਯਾਦਾਸ਼ਤ ਵੀ ਬੜੀ ਤੇਜ਼ ਹੁੰਦੀ ਏ। ਆਹ ਫੜ ਸੌ ਦਾ ਨੋਟ। ਮੈਂ ਸ਼ਰਤ ਹਾਰ ਗਿਆ!’

‘ਨਹੀਂ ਮਨਮੋਹਨ, ਮੈਂ ਪੈਸੇ ਨਹੀਂ ਲੈਣੇ। ਆਪਾਂ ਤਾਂ ਹੱਸਦੇ ਸੀ। ਤੁਹਾਨੂੰ ਇੱਕ ਸਲਾਹ ਦਿੰਦਾ ਹਾਂ। ਮੂਹਰੇ ਨਵਾਂ ਸਾਲ ਚੜ੍ਹ ਰਿਹਾ ਏ। ਆਪਾਂ ਇਕੱਠੇ ਬੈਠ ਕੇ ਕੁਝ ਖਾ ਪੀ ਲਵਾਂਗੇ। ਤੇਰੇ ਇਹ 100 ਵੀ ਵਿੱਚ ਹੀ ਖ਼ਰਚ ਕਰ ਲਵਾਂਗੇ।’

ਉਹ ਮੇਰੇ ਨਾਲ ਸਹਿਮਤ ਹੋ ਗਏ। ਸਫ਼ਰ ਚੰਗਾ ਰਿਹਾ। ਮੇਰੀ ਚੋਰੀ ਚੋਰੀ ਆਪਣੇ ਵਿਦਿਆਰਥੀ ਨੂੰ ਪਛਾਣਨ ਦੀ ਸਕੀਮ ਕਾਮਯਾਬ ਰਹੀ। ਮੇਰੇ ਸਾਥੀਆਂ ਨੂੰ ਮੇਰੀ ਇਸ ਚਲਾਕੀ ਦਾ ਪਤਾ ਹੀ ਨਾ ਲੱਗਾ। ਫਿਰ ਅਸੀਂ ਆਪਣੀ ਕਾਰ ਵੱਲ ਨੂੰ ਆ ਗਏ ਤੇ ਮਜ਼ੇ ਕਰਦੇ ਕਰਦੇ ਸਿਡਨੀ ਵਾਪਸ ਪਹੁੰਚ ਗਏ। ਇੱਕ ਦੂਜੇ ਤੋਂ ਵਿੱਛੜਨ ਲੱਗਿਆਂ ਮਨਮੋਹਨ ਨੇ ਮੇਰੇ ਵਿਦਿਆਰਥੀਆਂ ਦੀ ਰੀਸ ਲਗਾਉਂਦਿਆਂ ਹੱਸਦੇ ਹੋਏ ਐਨ ਓਵੇਂ ਹੀ ਉੱਚੀ ਦੇਣੀ ਕਿਹਾ, ਜਿਵੇਂ ਵਿਦਿਆਰਥੀ ਅਕਸਰ ਮੁਖਾਤਿਬ ਹੁੰਦੇ ਹਨ:

‘ਸਤਿ ਸ੍ਰੀ ਅਕਾਲ, ਸਰ!’


Leave a Reply