ਸਪਨਾ ਜਿਊਲਰਜ਼ ਦੇ ਮਾਲਕ ਦੇ ਘਰ ਲੁੱਟ, ਇੱਕ ਹਲਾਕ

0


ਬੀਐੱਸ ਚਾਨਾ

ਕੀਰਤਪੁਰ ਸਾਹਿਬ , 19 ਸਤੰਬਰ

ਇੱਥੇ ਮਸ਼ਹੂਰ ਕੁੱਲੂ ਸੁਨਿਆਰੇ ਦੇ ਨਾਂ ਨਾਲ ਜਾਣੇ ਜਾਂਦੇ ਸਪਨਾ ਜਿਊਲਰਜ਼ ਦੇ ਮਾਲਕ ਰਾਜਿੰਦਰ ਕੁਮਾਰ ਸੋਨੀ ਦੇ ਘਰ ਅੱਜ ਦੇਰ ਰਾਤ ਚਾਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਰਾਜਿੰਦਰ ਸੋਨੀ ਦਾ ਪੁੱਤਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਗੋਲੀਆਂ ਚੱਲਣ ਦੀ ਆਵਾਜ਼ ਅਤੇ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਰਾਜਿੰਦਰ ਸੋਨੀ ਦੇ ਪੁੱਤਰ ਅੰਕਿਤ ਸੋਨੀ ਵੱਲੋਂ ਵੀ ਆਪਣੀ ਲਾਇਸੈਂਸੀ ਗੰਨ ਨਾਲ ਲੁਟੇਰਿਆਂ ’ਤੇ ਫਾਇਰ ਕੀਤਾ ਗਿਆ ਜਿਸ ਦੌਰਾਨ ਲੁਟੇਰੇ ਮੌਕੇ ਤੋਂ ਫ਼ਰਾਰ ਹੋਣ ਲੱਗੇ ਪਰ ਲੋਕਾਂ ਵੱਲੋਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ। ਅੰਕਿਤ ਸੋਨੀ ਦੀ ਪਤਨੀ ਨੈਨਸੀ ਸੋਨੀ ਨੇ ਦੱਸਿਆ ਕਿ ਕਰੀਬ ਪੌਣੇ ਨੌਂ ਵਜੇ ਤਿੰਨ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਗਏ ਜਿਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਸਨ ਅਤੇ ਉਨ੍ਹਾਂ ਉਨ੍ਹਾਂ ਦੇ ਬੱਚਿਆਂ ਅਤੇ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੇ ਮੂੰਹਾਂ ’ਤੇ ਟੇਪ ਲਾਉਣ ਦੀ ਕੋਸ਼ਿਸ਼ ਕੀਤੀ ਜਦਕਿ ਉਸ ਦੇ ਪਤੀ ਅੰਕਿਤ ਸੋਨੀ ਨੂੰ ਦੂਜੇ ਕਮਰੇ ਵਿੱਚ ਲੈ ਗਏ ਅਤੇ ਲੌਕਰ ਖੋਲ੍ਹ ਕੇ ਸਾਮਾਨ ਲੁੱਟਣ ਲੱਗੇ। ਇਸ ਦੌਰਾਨ ਅੰਕਿਤ ਸੋਨੀ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਲੁਟੇਰੇ ’ਤੇ ਹਮਲਾ ਕਰ ਦਿੱਤਾ ਅਤੇ ਲੁਟੇਰਿਆਂ ਵੱਲੋਂ ਵੀ ਅੰਕਿਤ ’ਤੇ ਫਾਇਰ ਕੀਤਾ ਗਿਆ ਜੋ ਉਸ ਦੇ ਪੱਟ ਵਿੱਚ ਲੱਗਾ। ਜ਼ਖ਼ਮੀ ਹੋਏ ਅੰਕਿਤ ਸੋਨੀ ਨੇ ਦੱਸਿਆ ਕਿ ਲੁਟੇਰੇ ਸੋਨਾ ਲੈ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਉਸ ਵੱਲੋਂ ਆਪਣੇ ਬਚਾਅ ਲਈ ਲੁਟੇਰਿਆਂ ਉੱਤੇ ਗੋਲੀ ਚਲਾਈ ਗਈ ਜਿਸ ਸਦਕਾ ਲੁਟੇਰੇ ਉੱਥੋਂ ਭੱਜਣ ਲਈ ਮਜਬੂਰ ਹੋਏ। ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਅੰਕਿਤ ਸੋਨੀ ਦੇ ਪੱਟ ਦੇ ਵਿੱਚ ਸੱਟ ਲੱਗੀ ਹੋਈ ਹੈ ਜੋ ਗੰਭੀਰ ਹੋਣ ਕਰਕੇ ਉਸਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ ਪਰ ਇੱਕ ਹੋਰ ਅਣਪਛਾਤਾ ਵਿਅਕਤੀ ਵੀ ਪੁਲੀਸ ਵੱਲੋਂ ਲਿਆਂਦਾ ਗਿਆ ਸੀ, ਜਿਸ ਦੀ ਕਿ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਦੇਰ ਰਾਤ ਐੱਸਐੱਸਪੀ ਵਿਵੇਕਸ਼ੀਲ ਸੋਨੀ ਵੱਲੋਂ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ। ਪੁਲੀਸ ਨੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। 


Leave a Reply