ਨਵੀਂ ਦਿੱਲੀ, 20 ਜੁਲਾਈ

ਮੁੱਖ ਅੰਸ਼

  • ‘ਯੂਨੀਅਨਾਂ ਨੇ ਚਰਚਾ ਦੀ ਬਜਾਇ ਹਮੇਸ਼ਾਂ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕੀਤੀ’

ਕੇਂਦਰ ਸਰਕਾਰ ਨੇ ਅੱਜ ਕਿਹਾ ਕਿ ਸੰਸਦ ਵੱਲੋਂ ਪਿਛਲੇ ਵਰ੍ਹੇ ਸਤੰਬਰ ਮਹੀਨੇ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਸਬੰਧੀ ਮੁੱਦਿਆਂ ਦੇ ਹੱਲ ਲਈ ਮੁਜ਼ਾਹਰਾ ਕਰ ਰਹੀਆਂ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਲਈ ਸਰਕਾਰ ਹਮੇਸ਼ਾਂ ਤਿਆਰ ਰਹੇਗੀ। ਲੋਕ ਸਭਾ ਵਿੱਚ ਕਿਸਾਨਾਂ ਦੇ ਮੁਜ਼ਾਹਰੇ ਸਬੰਧੀ ਪੁੱਛੇ ਕਈ ਸੁਆਲਾਂ ਦੇ ਲਿਖਤੀ ਜੁਆਬ ਦਿੰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਰੋਸ ਪ੍ਰਗਟਾ ਰਹੀਆਂ ਕਿਸਾਨ ਯੂਨੀਅਨਾਂ ਨਾਲ ਸਰਕਾਰ ਨੇ ਹੁਣ ਤੱਕ 11 ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ,‘ਸਰਕਾਰ ਕਿਸਾਨ ਯੂਨੀਅਨਾਂ ਨਾਲ ਮੁੱਦਿਆਂ ਦੇ ਹੱਲ ਲਈ ਗੰਭੀਰ, ਸੰਵੇਦਨਸ਼ੀਲ ਤੇ ਭਖਵੀਂ ਗੱਲਬਾਤ ਕਰਦੀ ਰਹੀ ਹੈ। ਗੱਲਬਾਤ ਦੇ ਵੱਖ-ਵੱਖ ਦੌਰਾਂ ਦੌਰਾਨ ਸਰਕਾਰ ਨੇ ਲਗਾਤਾਰ ਕਿਸਾਨ ਯੂਨੀਅਨਾਂ ਨੂੰ ਖੇਤੀ ਕਾਨੂੰਨਾਂ ਦੀਆਂ ਵਿਵਸਥਾਵਾਂ ਬਾਰੇ ਗੱਲਬਾਤ ਕਰਨ ਦੀ ਬੇਨਤੀ ਕੀਤੀ ਤਾਂ ਕਿ ਜੇਕਰ ਕਿਸੇ ਵਿਵਸਥਾ ਸਬੰਧੀ ਕੋਈ ਇਤਰਾਜ਼ ਹੈ ਤਾਂ ਇਸ ਨੂੰ ਦੂਰ ਕਰਨ ਲਈ ਪਹਿਲ ਕੀਤੀ ਜਾ ਸਕੇ, ਪਰ ਯੂਨੀਅਨਾਂ ਨੇ ਹਮੇਸ਼ਾਂ ਖੇਤੀ ਕਾਨੂੰਨ ਵਾਪਸ ਕਰਨ ਦੀ ਮੰਗ ਕੀਤੀ ਹੈ। ਸਰਕਾਰ ਕਿਸਾਨ ਯੂਨੀਅਨਾਂ ਨਾਲ ਚਰਚਾ ਲਈ ਹਮੇਸ਼ਾ ਤਿਆਰ ਰਹੀ ਹੈ ਤੇ ਮਸਲੇ ਦੇ ਹੱਲ ਲਈ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਰਹੇਗੀ।’

ਖੇਤੀਬਾੜੀ ਮੰਤਰੀ ਸ੍ਰੀ ਤੋਮਰ ਨੇ ਕਿਹਾ,‘ਸਰਕਾਰ ਨੇ ਇੱਕ ਛੋਟਾ ਸਮੂਹ ਬਣਾਉਣ ਦੀ ਤਜਵੀਜ਼ ਵੀ ਦਿੱਤੀ ਜਿਸ ਵਿੱਚ ਕਿਸਾਨ ਯੂਨੀਅਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਣ, ਜੋ ਨਿਰਧਾਰਤ ਸਮੇਂ ਵਿੱਚ ਖੇਤੀ ਕਾਨੂੰਨਾਂ ਦੀਆਂ ਮੱਦਾਂ ਅਤੇ ਕਿਸਾਨਾਂ ਨਾਲ ਸਬੰਧਤ ਹੋਰ ਮਾਮਲਿਆਂ ’ਤੇ ਵੀ ਚਰਚਾ ਕਰ ਸਕਣ ਜਿਸ ਲਈ ਯੂਨੀਅਨਾਂ ਨੇ ਸਹਿਮਤੀ ਨਹੀਂ ਪ੍ਰਗਟਾਈ।’ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਅਜਿਹਾ ਮਾਹੌਲ ਸਿਰਜਣ ਲਈ ਬਣਾਏ ਗਏ ਹਨ ਜਿਸ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਦੀ ਆਜ਼ਾਦੀ ਮਿਲੇਗੀ ਜਿਸ ਨਾਲ ਮੁਕਾਬਲੇਬਾਜ਼ੀ ਰਾਹੀਂ ਉਨ੍ਹਾਂ ਨੂੰ ਚੰਗੀਆਂ ਕੀਮਤਾਂ ਵੀ ਮਿਲ ਸਕਣਗੀਆਂ। -ਪੀਟੀਆਈ

‘ਯਾਸ’ ਕਾਰਨ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਨੇ ਕੀਤਾ ਉੜੀਸਾ ਦਾ ਦੌਰਾ

ਨਵੀਂ ਦਿੱਲੀ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਲੋਕ ਸਭਾ ਵਿੱਚ ਲਿਖਤੀ ਜੁਆਬ ’ਚ ਦੱਸਿਆ ਕਿ ਉੜੀਸਾ ਵਿੱਚ ਜੂਨ ’ਚ ਆਏ ਚੱਕਰਵਾਤੀ ਤੂਫ਼ਾਨ ‘ਯਾਸ’ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗ੍ਰਹਿ ਮੰਤਰਾਲੇ ਵੱਲੋਂ ਬਣਾਈ ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਸੂਬੇ ਦਾ ਦੌਰਾ ਕੀਤਾ ਸੀ। ਸੂਬਾ ਸਰਕਾਰ ਵੱਲੋਂ ਦਿੱਤੇ ਮੰਗ ਪੱਤਰ ਮੁਤਾਬਕ ਖੇਤੀਬਾੜੀ ਤੇ ਬਾਗ਼ਬਾਨੀ ਸਬੰਧੀ 2,197.34 ਹੈਕਟੇਅਰ ਰਕਬੇ ਵਿੱਚ ਬੀਜੀਆਂ ਫ਼ਸਲਾਂ ਦਾ 33 ਫ਼ੀਸਦੀ ਤੱਕ ਨੁਕਸਾਨ ਹੋਇਆ ਸੀ। -ਪੀਟੀਆਈ

ਅੰਦੋਲਨ ਦੌਰਾਨ ਕਿਸਾਨਾਂ ਦੀ ਮੌਤ ਹੋਣ ਬਾਰੇ ਸਾਡੇ ਕੋਲ ਕੋਈ ਰਿਕਾਰਡ ਨਹੀਂ ਅਤੇ ਨਾ ਹੀ ਹੈ ਕੋਈ ਮੁਆਵਜ਼ੇ ਦੀ ਤਜਵੀਜ਼: ਤੋਮਰ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ ): ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਸੰਸਦ ’ਚ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਮੁਜ਼ਾਹਰੇ ਦੌਰਾਨ ਕਿਸਾਨਾਂ ਦੀ ਮੌਤ ਜਾਂ ਬਿਮਾਰ ਹੋਣ ਸਬੰਧੀ ਭਾਰਤ ਸਰਕਾਰ ਕੋਲ ਕੋਈ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਕਿਸਾਨ ਯੂਨੀਅਨਾਂ ਨਾਲ ਵਿਚਾਰ-ਚਰਚਾ ਦੌਰਾਨ ਉਨ੍ਹਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਤੇ ਬਜ਼ੁਰਗਾਂ ਖ਼ਾਸ ਕਰਕੇ ਔਰਤਾਂ ਨੂੰ ਠੰਢ ਤੇ ਕਰੋਨਾ ਦੀ ਸਥਿਤੀ ਦੇ ਚੱਲਦਿਆਂ ਘਰ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਉਂਕਿ ਕੇਂਦਰ ਕੋਲ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦਾ ਕੋਈ ਰਿਕਾਰਡ ਨਹੀਂ ਹੈ, ਇਸ ਲਈ ਅਜਿਹੇ ਪਰਿਵਾਰਾਂ ਲਈ ਮੁਆਵਜ਼ੇ ਦੀ ਕੋਈ ਤਜਵੀਜ਼ ਨਹੀਂ ਹੈ।’ ਆਲ ਇੰਡੀਆ ਕਿਸਾਨ ਸਭਾ (ਏਆਈਕੇਐੱਸ) ਦੇ ਜਨਰਲ ਸਕੱਤਰ ਹਨਨ ਮੁੱਲਾ ਨੇ ਖੇਤੀ ਮੰਤਰੀ ਦੇ ਬਿਆਨ ‘ਤੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਤੱਕ ਚੱਲ ਰਹੇ ਸੰਘਰਸ਼ ਵਿੱਚ 582 ਕਿਸਾਨ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨਾਗਰਿਕਾਂ ਦਾ ਖਿਆਲ ਰੱਖਦੀ ਹੈ ਪਰ ਇਹ ਸਰਕਾਰ ਦੇਸ਼ ਦੀ 80 ਕਰੋੜ ਕਿਸਾਨੀ ਨੂੰ ਸਰਕਾਰ ਦਾ ਦੁਸ਼ਮਣ ਮੰਨ ਰਹੀ ਹੈ।

LEAVE A REPLY

Please enter your comment!
Please enter your name here