ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਫ਼ਸਲੀ ਵਰ੍ਹੇ 2021-22 ਦੌਰਾਨ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) 72 ਰੁਪਏ ਵਧਾ ਕੇ 1,940 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸਰਕਾਰ ਵੱਲੋਂ ਦਾਲਾਂ, ਤੇਲ ਬੀਜਾਂ ਅਤੇ ਹੋਰ ਫ਼ਸਲਾਂ ਦੇ ਐੱਮਐੱਸਪੀ ’ਚ ਵੀ ਵਾਧਾ ਕੀਤਾ ਗਿਆ ਹੈ। ਵਪਾਰਕ ਫ਼ਸਲਾਂ ’ਚੋਂ ਕਪਾਹ ਦੇ ਦਰਮਿਆਨੀ ਰੇਸ਼ੇ ਵਾਲੀ ਕਿਸਮ ’ਤੇ ਐੱਮਐੱਸਪੀ 211 ਰੁਪਏ ਵਧਾ ਕੇ 5,726 ਰੁਪਏ ਅਤੇ ਲੰਬੇ ਰੇਸ਼ੇ ਵਾਲੀ ਕਿਸਮ ’ਤੇ ਘੱਟੋ ਘੱਟ ਸਮਰਥਨ ਮੁੱਲ 200 ਰੁਪੲੇ ਵਧਾ ਕੇ 6,025 ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕੈਬਨਿਟ ਨੇ 2021-22 ਫ਼ਸਲੀ ਵਰ੍ਹੇ (ਜੁਲਾਈ ਤੋਂ ਜੂਨ) ਲਈ ਸਾਉਣੀ ਦੀਆਂ 14 ਫ਼ਸਲਾਂ ਦੇ ਐੱਮਐੱਸਪੀ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਲਾਗਤ ’ਤੇ 50 ਤੋਂ 85 ਫ਼ੀਸਦ ਤੱਕ ਦਾ ਲਾਭ ਮਿਲੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਸੰਸਦ ਵੱਲੋਂ ਕੁਝ ਮਹੀਨੇ ਪਹਿਲਾਂ ਨਵੇਂ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ ਤਾਂ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਲੈ ਕੇ ਕੁਝ ਖ਼ਦਸ਼ੇ ਸਨ। ‘ਉਸ ਸਮੇਂ ਪ੍ਰਧਾਨ ਮੰਤਰੀ ਅਤੇ ਮੈਂ ਭਰੋਸਾ ਦਿੱਤਾ ਸੀ ਕਿ ਐੱਮਐੱਸਪੀ ਜਾਰੀ ਹੈ ਅਤੇ ਭਵਿੱਖ ’ਚ ਵੀ ਇਹ ਨੀਤੀ ਲਾਗੂ ਰਹੇਗੀ।’ ਉਨ੍ਹਾਂ ਕਿਹਾ ਕਿ ਸਰਕਾਰ ਹਾੜੀ ਅਤੇ ਸਾਉਣੀ ਦੀਆਂ ਫ਼ਸਲਾਂ ਲਈ ਐੱਮਐੱਸਪੀ ਨਿਯਮਤ ਤੌਰ ’ਤੇ ਤੈਅ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਐੱਮਐੱਸਪੀ ਬਾਰੇ ਕਿਸੇ ਤਰ੍ਹਾਂ ਦੇ ਸ਼ੰਕੇ ਦੀ ਲੋੜ ਨਹੀਂ ਹੈ। ਐੱਮਐੱਸਪੀ ਲਾਗੂ ਹੈ ਅਤੇ ਫ਼ਸਲਾਂ ਘੱਟੋ ਘੱਟ ਸਮਰਥਨ ਮੁੱਲ ’ਤੇ ਹੀ ਖ਼ਰੀਦੀਆਂ ਜਾ ਰਹੀਆਂ ਹਨ। ਐੱਮਐੱਸਪੀ ਵਧਾਈ ਜਾ ਰਹੀ ਹੈ ਅਤੇ ਇਹ ਭਵਿੱਖ ’ਚ ਵੀ ਜਾਰੀ ਰਹੇਗੀ।’’ ਸ੍ਰੀ ਤੋਮਰ ਨੇ ਕਿਹਾ ਕਿ ਸਰਕਾਰ ਨੇ ਝੋਨੇ ਦੀ ਆਮ ਕਿਸਮ ਦਾ ਭਾਅ 1,868 ਰੁਪਏ ਤੋਂ 72 ਰੁਪਏ ਵਧਾ ਕੇ 1,940 ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਝੋਨੇ ਦੀ ਗਰੇਡ ਏ ਕਿਸਮ ਦਾ ਭਾਅ ਵੀ ਵੱਧ ਕੇ 1,960 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਸਰਕਾਰ ਨੇ ਜਵਾਰ ਦੀ ਐੱਮਐੱਸਪੀ 118 ਰੁਪਏ ਵਧਾ ਦਿੱਤੀ ਹੈ। ਇਸ ਨਾਲ ਜਵਾਰ (ਹਾਈਬ੍ਰਿਡ) ਦੀ ਕੀਮਤ 2,738 ਰੁਪਏ ਅਤੇ ਜਵਾਰ (ਮਾਲਦਾਨੀ) ਦਾ ਭਾਅ 2,758 ਰੁਪੲੇ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ ਬਾਜਰੇ ਦਾ ਸਮਰਥਨ ਮੁੱਲ 100 ਰੁਪੲੇ ਵਧਾ ਕੇ 2,250 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਅਰਹਰ ਦਾ ਸਮਰਥਨ ਮੁੱਲ 82 ਰੁਪਏ ਵਧ ਕੇ 3,377 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਮੱਕੀ ਦੀ ਕੀਮਤ ’ਚ 20 ਰੁਪਏ ਦਾ ਮਾਮੂਲੀ ਵਾਧਾ ਕੀਤਾ ਗਿਆ ਹੈ। ਮੱਕੀ ਦੀ ਕੀਮਤ ਪਿਛਲੇ ਸਾਲ ਦੇ 1,850 ਰੁਪਏ ਦੇ ਮੁਕਾਬਲੇ ਵਧ ਕੇ 1,870 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਸਰਕਾਰ ਨੇ ਦਾਲਾਂ ਅਤੇ ਤੇਲ ਬੀਜਾਂ ਦੇ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਦਰਾਮਦ ’ਤੇ ਨਿਰਭਰਤਾ ਘਟਾਉਣ ਲਈ ਮਾਂਹ ਦੀ ਦਾਲ ਦਾ ਮੁੱਲ 300 ਰੁਪਏ ਵਧਾ ਕੇ 6,300 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਮੂੰਗੀ ਦਾ ਸਮਰਥਨ ਮੁੱਲ 79 ਰੁਪਏ ਤੋਂ ਵਧ ਕੇ 7,275 ਰੁਪਏ ਹੋ ਗਿਆ ਹੈ। ਤਿਲ ਦਾ ਰੇਟ 452 ਰੁਪੲੇ ਵਧਾਇਆ ਗਿਆ ਹੈ ਜੋ ਹੁਣ 7,307 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਮੂੰਗਫਲੀ ਦੀ ਸਮਰਥਨ ਕੀਮਤ 275 ਰੁਪਏ ਵਧਾ ਕੇ 5,550 ਰੁਪਏ ਕਰ ਦਿੱਤੀ ਗਈ ਹੈ। ਸੂਰਜਮੁਖੀ ਦੇ ਬੀਜਾਂ ’ਚ 130 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਇਸ ਦਾ ਰੇਟ 6,015 ਰੁਪਏ ’ਤੇ ਪਹੁੰਚ ਗਿਆ ਹੈ। ਸਾਉਣੀ ਦੇ ਵਿਸ਼ੇਸ਼ ਪ੍ਰੋਗਰਾਮ ਨਾਲ ਤੇਲ ਬੀਜਾਂ ਤਹਿਤ 6.37 ਲੱਖ ਹੈਕਟੇਅਰ ਵਾਧੂ ਰਕਬਾ ਲਿਆਂਦਾ ਜਾਵੇਗਾ ਜਿਸ ਨਾਲ 120.26 ਲੱਖ ਕੁਇੰਟਲ ਤੇਲ ਬੀਜ ਪੈਦਾ ਹੋਣ ਦੀ ਸੰਭਾਵਨਾ ਹੈ। -ਪੀਟੀਆਈ  

LEAVE A REPLY

Please enter your comment!
Please enter your name here