ਨਵੀਂ ਦਿੱਲੀ, 6 ਜੂਨ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਸਰਕਾਰ ’ਤੇ ਵਿਅੰਗ ਕਸਦਿਆਂ ਕਿਹਾ ਕਿ ਮੋਦੀ ਸਰਕਾਰ ਤਾਂ ‘ਬਲੂ ਟਿੱਕ’ ਲਈ ਲੜ ਰਹੀ ਹੈ, ਇਸ ਲਈ ਲੋਕਾਂ ਨੂੰ ਕੋਵਿਡ ਵੈਕਸੀਨ ਦੇ ਮਾਮਲੇ ਵਿਚ ਆਤਮਨਿਰਭਰ ਹੋਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਟਵਿੱਟਰ ਨੇ ਉਪ ਰਾਸ਼ਟਰਪਤੀ ਤੇ ਕੁਝ ਆਰਐੱਸਐੱਸ ਅਹੁਦੇਦਾਰਾਂ ਦੇ ਟਵਿੱਟਰ ਅਕਾਊਂਟ ਤੋਂ ‘ਬਲੂ ਟਿੱਕ’ ਹਟਾ ਲਿਆ ਸੀ ਜੋ ਖਾਤਿਆਂ ਨੂੰ ਵੈਰੀਫਾਈ ਕਰਦਾ ਹੈ। ਹਾਲਾਂਕਿ ਮਗਰੋਂ ਇਹ ਟਿੱਕ ਬਹਾਲ ਕਰ ਦਿੱਤੇ ਗਏ ਸਨ। ਰਾਹੁਲ ਨੇ ਟਵੀਟ ਕੀਤਾ ‘ਮੋਦੀ ਸਰਕਾਰ ਬਲੂ ਟਿੱਕ ਲਈ ਲੜ ਰਹੀ ਹੈ। ਜੇ ਤੁਹਾਨੂੰ ਕੋਵਿਡ ਵੈਕਸੀਨ ਚਾਹੀਦਾ ਹੈ ਤਾਂ ਇਸ ਬਾਰੇ ਆਪ ਹੀ ਸੋਚੋ।’ ਇਕ ਹੋਰ ਟਵੀਟ ਵਿਚ ਰਾਹੁਲ ਨੇ ਭਾਸ਼ਾ ਦੇ ਅਧਾਰ ਉਤੇ ਪੱਖਪਾਤ ਬੰਦ ਕਰਨ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਦਿੱਲੀ ਦੇ ਇਕ ਹਸਪਤਾਲ ਨੇ ਨਰਸਾਂ ਨੂੰ ਮਲਿਆਲਮ ਵਿਚ ਗੱਲਬਾਤ ਨਾ ਕਰਨ ਲਈ ਕਿਹਾ ਸੀ। ਹਾਲਾਂਕਿ ਮਗਰੋਂ ਹੁਕਮ ਵਾਪਸ ਲੈ ਲਿਆ ਗਿਆ। ਰਾਹੁਲ ਨੇ ਕਿਹਾ ਕਿ ‘ਮਲਿਆਲਮ ਵੀ ਬਾਕੀ ਭਾਸ਼ਾਵਾਂ ਵਾਂਗ ਭਾਰਤੀ ਭਾਸ਼ਾ ਹੈ। ਭਾਸ਼ਾ ਦੇ ਅਧਾਰ ਉਤੇ ਪੱਖਪਾਤ ਬੰਦ ਕਰੋ।’ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਇਕ ਟਵੀਟ ਰਾਹੀਂ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ‘ਸਤੰਬਰ 2020 ਤੋਂ ਜਨਵਰੀ 2021 ਵਿਚਾਲੇ ਆਕਸੀਜਨ, ਆਈਸੀਯੂ ਤੇ ਵੈਂਟੀਲੇਟਰ ਬੈੱਡਾਂ ਦੀ ਗਿਣਤੀ ਘਟਾ ਦਿੱਤੀ ਗਈ ਸੀ। ਕੀ ਭਾਰਤੀ ਨਾਗਰਿਕਾਂ ਦੀ ਸਿਹਤ ਨਾਲੋਂ ਸੈਂਟਰਲ ਵਿਸਟਾ ਪ੍ਰਾਜੈਕਟ ਜ਼ਿਆਦਾ ਮਹੱਤਵਪੂਰਨ ਹੈ।’

ਪ੍ਰਿਯੰਕਾ ਵੱਲੋਂ ਮਲਿਆਲਮ ਭਾਸ਼ਾ ਬਾਰੇ ਹਸਪਤਾਲ ਦਾ ਹੁਕਮ ਨਸਲੀ ਕਰਾਰ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਜੀਬੀ ਪੰਤ ਇੰਸਟੀਚਿਊਟ (ਦਿੱਲੀ) ਦੇ ਹੁਕਮਾਂ ਉਤੇ ਚਿੰਤਾ ਜ਼ਾਹਿਰ ਕੀਤੀ ਜਿੱਥੇ ਨਰਸਾਂ ਨੂੰ ਸਿਰਫ਼ ਹਿੰਦੀ ਤੇ ਅੰਗਰੇਜ਼ੀ ਵਿਚ ਗੱਲ ਕਰਨ ਲਈ ਕਿਹਾ ਗਿਆ ਸੀ। ਅਜਿਹਾ ਨਾ ਕਰਨ ’ਤੇ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਸੀ। ਪ੍ਰਿਯੰਕਾ ਨੇ ਇਸ ਹੁਕਮ ਨੂੰ ਨਸਲੀ ਕਰਾਰ ਦਿੰਦਿਆਂ ਕਿਹਾ ਸੀ ਕਿ ਇਹ ਦੇਸ਼ ਦੀਆਂ ਮੁੱਢਲੀਆਂ ਕਦਰਾਂ-ਕੀਮਤਾਂ ਦਾ ਘਾਣ ਹੈ। ਉਨ੍ਹਾਂ ਮਲਿਆਲੀ ਵਿਚ ਟਵੀਟ ਕਰਦਿਆਂ ਕਿਹਾ ਕਿ ਮਲਿਆਲੀ ਨਰਸਾਂ ਜਾਨ ਜੋਖ਼ਮ ਵਿਚ ਪਾ ਕੇ ਲੋਕਾਂ ਨੂੰ ਬਚਾ ਰਹੀਆਂ ਹਨ ਤੇ ਇਹ ਹੁਕਮ ਬੇਇੱਜ਼ਤੀ ਕਰਨ ਦੇ ਬਰਾਬਰ ਹੈ। -ਪੀਟੀਆਈ

LEAVE A REPLY

Please enter your comment!
Please enter your name here