ਨਵੀਂ ਦਿੱਲੀ, 20 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ-19 ਪ੍ਰਬੰਧਨ ਸਬੰਧੀ ਅੱਜ ਸੱਦੀ ਸਰਬ-ਪਾਰਟੀ ਮੀਟਿੰਗ ਵਿੱਚ ਕਾਂਗਰਸ, ਅਕਾਲੀ ਦਲ ਅਤੇ ਖੱਬੇਪੱਖੀ ਧਿਰਾਂ ਨੇ ਹਿੱਸਾ ਨਹੀਂ ਲਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੇਂਦਰ ਅਤੇ ਸੂਬਿਆਂ ਨੂੰ ਮਿਲ ਕੇ ਇੱਕ ਟੀਮ ਵਜੋਂ ਅਤੇ ਸਿਆਸਤ ਤੋਂ ਉਪਰ ਉੱਠ ਕੇ ਕਰੋਨਾ ਖ਼ਿਲਾਫ਼ ਲੜਾਈ ਲੜਨ ਦਾ ਸੱਦਾ ਦਿੱਤਾ। ਕੇਂਦਰ ਸਰਕਾਰ ਵੱਲੋਂ ਸੱਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਵਧੀਆ ਸਥਿਤੀ ਹੈ, ਪਰ ਇਸ ਨੂੰ ਦੁਬਾਰਾ ਫੈਲਣ ਤੋਂ ਰੋਕਣ ਲਈ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਬਰਤਾਨੀਆ ਵਰਗੇ ਹੋਰਾਂ ਦੇਸ਼ਾਂ ਵਿੱਚ ਕਰੋਨਾ ਨੇ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਕੰਪਨੀਆਂ ਦੀ ਵੈਕਸੀਨ ਕੁੱਝ ਸਮੇਂ ਵਿੱਚ ਮਿਲਣ ਦੀ ਸੰਭਾਵਨਾ ਹੈ। ਇਸ ਲਈ ਸਰਕਾਰ ਦੇ ਟੀਕਾਕਰਨ ਨੂੰ ਅੱਗੇ ਵਧਾਇਆ ਜਾਵੇ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਤੋਂ ਸੁਝਾਅ ਲਏ ਗਏ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਸਰਬ-ਪਾਰਟੀ ਮੀਟਿੰਗ ਵਿੱਚ ਤ੍ਰਿਣਮੂਲ ਕਾਂਗਰਸ, ਨੈਸ਼ਨਲ ਕਾਂਗਰਸ ਪਾਰਟੀ, ਸਮਾਜਵਾਦੀ ਪਾਰਟੀ, ਬੀਜੇਡੀ, ਟੀਆਰਐੱਸ ਨੇ ਹਿੱਸਾ ਲਿਆ, ਜਦੋਂਕਿ ਮੁੱਖ ਵਿਰੋਧੀ ਧਿਰ ਕਾਂਗਰਸ ਬਾਹਰ ਰਹੀ। ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਪਿਊਸ਼ ਗੋਇਲ ਅਤੇ ਮੁਖਤਾਰ ਅੱਬਾਸ ਨਕਵੀ ਸਣੇ ਕਈ ਕੇਂਦਰੀ ਮੰਤਰੀ ਮੌਜੂਦ ਸਨ। ਹਾਲਾਂਕਿ ਮੀਟਿੰਗ ਵਿੱਚ ਕਈ ਖੇਤਰੀ ਪਾਰਟੀਆਂ ਮੌਜੂਦ ਸਨ, ਜਦੋਂਕਿ ਭਾਜਪਾ ਦੀ ਪੁਰਾਣੀ ਭਾਈਵਾਲ ਅਕਾਲੀ ਦਲ ਇਸ ਤੋਂ ਬਾਹਰ ਰਹੀ। ਖੱਬੇਪੱਖੀ ਪਾਰਟੀਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਨੇ ਮੀਟਿੰਗ ਦਾ ਬਾਈਕਾਟ ਨਹੀਂ ਕੀਤਾ। ਉਨ੍ਹਾਂ ਦੀ ਪਾਰਟੀ ਚਾਹੁੰਦੀ ਹੈ ਕਿ ਸਰਕਾਰ ਪਹਿਲਾਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਤੱਥ ਪੇਸ਼ ਕਰੇ। -ਪੀਟੀਆਈ 

LEAVE A REPLY

Please enter your comment!
Please enter your name here