ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 5 ਜੂਨ 

ਜੂਨ 1984 ਵਿੱਚ ਹੋਏ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੇ ਸ਼ਹੀਦਾਂ ਦੀ ਯਾਦ ਵਿੱਚ 6 ਜੂਨ ਨੂੰ ਅਕਾਲ ਤਖ਼ਤ ਵਿਖੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇਸ ਦੇ ਮੱਦੇਨਜ਼ਰ ਪੁਲੀਸ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਅਤੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ’ਚ ਅਕਾਲ ਤਖ਼ਤ ਵਿਖੇ 4 ਜੂਨ ਨੂੰ ਅਖੰਡ ਪਾਠ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ 6 ਜੂਨ ਨੂੰ ਸਵੇਰ 7 ਵਜੇ ਪਾਏ ਜਾਣਗੇ। ਗੁਰਬਾਣੀ ਕੀਰਤਨ ਮਗਰੋਂ ਸ਼ਹੀਦਾਂ ਨੂੰ ਯਾਦ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੌਮ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸੇ ਤਰ੍ਹਾਂ ਸ਼ਹੀਦੀ ਯਾਦਗਾਰ ਵਿਖੇ ਆਰੰਭ ਕੀਤੇ ਗਏ ਅਖੰਡ ਪਾਠ ਦੇ ਭੋਗ ਵੀ ਪਾਏ ਜਾਣਗੇ। ਸਮਾਗਮ ’ਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰੀ ਲਵਾਉਣਗੇ। ਪ੍ਰਬੰਧਕਾਂ ਅਤੇ ਪੁਲੀਸ ਦਾ ਅਨੁਮਾਨ ਹੈ ਕਿ ਇਹ ਸ਼ਹੀਦੀ ਸਮਾਗਮ ਸ਼ਾਂਤਮਈ ਢੰਗ ਨਾਲ ਮੁਕੰਮਲ ਹੋ ਜਾਵੇਗਾ ਪਰ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਵੀ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ। ਸਮੂਹ ਮੁਲਾਜ਼ਮਾਂ ਅਤੇ ਟਾਸਕ ਫੋਰਸ ਦੀ ਡਿਊਟੀ ਲਾਈ ਗਈ ਹੈ। ਪੁਲੀਸ ਵੱਲੋਂ ਸਾਦੇ ਕੱਪੜਿਆਂ ’ਚ ਵੱਡੀ ਗਿਣਤੀ ਮੁਲਾਜ਼ਮ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਨਿਗ੍ਹਾ ਰੱਖਣ ਲਈ ਤਾਇਨਾਤ ਕੀਤੇ ਗਏ ਹਨ। ਸ੍ਰੀ ਦਰਬਾਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ’ਤੇ ਰੋਕਾਂ ਲਾਈਆਂ ਗਈਆਂ ਹਨ ਤੇ ਸ਼ੱਕੀ ਵਿਅਕਤੀਆਂ ’ਤੇ ਖਾਸ ਨਜ਼ਰ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ। ਇਸੇ ਤਰ੍ਹਾਂ ਸ਼ਹਿਰ ਵਿੱਚ ਆਉਣ ਵਾਲੇ ਰਸਤਿਆਂ ’ਤੇ ਵੀ ਨਾਕਾਬੰਦੀ ਕੀਤੀ ਗਈ ਹੈ। ਲਗਪਗ 7 ਹਜ਼ਾਰ ਪੁਲੀਸ ਮੁਲਾਜ਼ਮ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬਾਰਡਰ ਰੇਂਜ ਦੇ ਜ਼ਿਲ੍ਹਿਆਂ ਦੀ ਪੁਲੀਸ, ਕਮਾਂਡੋ ਤੇ ਸਵਾਤ ਦਸਤਿਆਂ ਤੋਂ ਇਲਾਵਾ ਪੀਏਪੀ ਦੇ ਜਵਾਨ ਸ਼ਾਮਲ ਹਨ। ਦੂੁਜੇ ਪਾਸੇ ਅੱਜ ਵੀ 37 ਵਰ੍ਹੇ ਪਹਿਲਾਂ ਫ਼ੌਜੀ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਗੋਲੀ ਲੱਗਣ ਨਾਲ ਨੁਕਸਾਨੇ ਗਏ ਪਾਵਨ ਸਰੂਪ ਦੇ ਦਰਸ਼ਨ ਸੰਗਤ ਨੂੰ ਕਰਵਾਏ ਗਏ। ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਗਏ ਫ਼ੈਸਲੇ ਮੁਤਾਬਕ ਫਿਲਹਾਲ ਇਸ ਸਰੂਪ ਨੂੰ ਤਿੰਨ ਦਿਨਾਂ ਲਈ ਹੀ ਇੱਥੇ ਅਕਾਲ ਤਖ਼ਤ ਦੇ ਪਿਛਲੇ ਪਾਸੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਸ਼ਹੀਦ ਵਿਖੇ ਰੱਖਿਆ ਗਿਆ ਸੀ, ਜਿਸ ਤਹਿਤ ਅੱਜ ਤੀਜੇ ਦਿਨ ਵੀ ਸੰਗਤ ਨੂੰ ਨੁਕਸਾਨੇ ਹੋਏ ਸਰੂਪ ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਉਹ ਗੋਲੀ ਵੀ ਦਿਖਾਈ ਗਈ, ਜੋ ਸਰੂਪ ਵਿੱਚ ਲੱਗੀ ਸੀ। ਜ਼ਿਕਰਯੋਗ ਹੈ ਕਿ ਗੋਲੀ ਲੱਗਣ ਕਾਰਨ ਸਰੂਪ ਦੇ ਲੱਗਪਗ 90 ਅੰਗ ਨੁਕਸਾਨੇ ਗਏ ਸਨ, ਜਿਸ ਦੀ ਮਾਹਿਰਾਂ ਦੀ ਮਦਦ ਨਾਲ ਸੇਵਾ ਸੰਭਾਲ ਕਰਵਾਈ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਗੋਲੀਆਂ ਨਾਲ ਛਲਣੀ ਹੋਏ ਸੋਨੇ ਦੇ ਪੱਤਰੇ ਵੀ ਸੰਗਤ ਨੂੰ ਦਿਖਾਉਣ ਵਾਸਤੇ ਰੱਖੇ ਜਾਣਗੇ।  

ਮੁਤਵਾਜ਼ੀ ਜਥੇਦਾਰ ਭਾਈ ਮੰਡ ਵੀ ਪੜ੍ਹਨਗੇ ਸੰਦੇਸ਼

ਜਾਣਕਾਰੀ ਮੁਤਾਬਕ ਸਰਬੱਤ ਖ਼ਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਵੀ ਅਕਾਲ ਤਖ਼ਤ ਤੋਂ ਖ਼ਾਲਸਾ ਪੰਥ ਦੇ ਨਾਂ ਸੰਦੇਸ਼ ਪੜ੍ਹਿਆ ਜਾਵੇਗਾ। ਉਨ੍ਹਾਂ ਦੇ ਸਹਿਯੋਗੀ ਭਾਈ ਜਰਨੈਲ ਸਿੰਘ ਸਖੀਰਾ ਨੇ ਦੱਸਿਆ ਕਿ ਭਾਈ ਮੰਡ ਇੱਥੇ ਪੁੱਜ ਗਏ ਹਨ ਅਤੇ ਉਹ ਸੰਦੇਸ਼ ਵੀ ਪੜ੍ਹਨਗੇ। 

LEAVE A REPLY

Please enter your comment!
Please enter your name here