ਚਰਨਜੀਤ ਭੁੱਲਰ
ਚੰਡੀਗੜ੍ਹ, 10 ਜੂਨ

ਪੰਜਾਬ ਕਾਂਗਰਸ ’ਚ ਗੁੱਟਬੰਦੀ ਦੇ ਖ਼ਾਤਮੇ ਲਈ ਬਣਾਈ ਗਈ ਖੜਗੇ ਕਮੇਟੀ ਨੇ ਕਰੀਬ ਦੋ ਹਫ਼ਤਿਆਂ ਦੇ ਮੰਥਨ ਮਗਰੋਂ ਅੱਜ ਆਪਣੀ ਅੰਤ੍ਰਿਮ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ। ਹੁਣ ਆਖਰੀ ਫੈਸਲਾ ਗਾਂਧੀ ਪਰਿਵਾਰ ਦੇ ਹੱਥ ’ਚ ਹੈ। ਬੀਤੇ ਚਾਰ ਦਿਨਾਂ ਤੋਂ ਤਿੰਨ ਮੈਂਬਰੀ ਕਮੇਟੀ ਲਗਾਤਾਰ ਮੀਟਿੰਗਾਂ ਕਰ ਰਹੀ ਸੀ। ਕਈ ਮੁੱਦਿਆਂ ’ਤੇ ਕਮੇਟੀ ਮੈਂਬਰਾਂ ’ਚ ਆਪਸੀ ਮੱਤਭੇਦ ਵੀ ਬਣੇ ਪ੍ਰੰਤੂ ਆਖਰੀ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਛੱਡ ਦਿੱਤਾ ਗਿਆ ਹੈ।

ਸੂਤਰਾਂ ਅਨੁਸਾਰ ਖੜਗੇ ਕਮੇਟੀ ਨੇ ਉੁੱਚ ਪੱਧਰ ’ਤੇ ਕੋਈ ਵੱਡੀ ਤਬਦੀਲੀ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਹੈ ਪ੍ਰੰਤੂ ਅਗਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦਾ ਪੁਨਰਗਠਨ ਕਰਨ ਦੀ ਸਿਫਾਰਿਸ਼ ਕੀਤੀ ਹੈ ਜਿਸ ਵਿਚ ਸਾਰੀਆਂ ਧਿਰਾਂ ਅਤੇ ਸਮਾਜਿਕ ਤੇ ਧਾਰਮਿਕ ਵਰਗਾਂ ਨੂੰ ਬਣਦੀ ਪ੍ਰਤੀਨਿਧਤਾ ਦੇਣ ਦੀ ਗੱਲ ਆਖੀ ਗਈ ਹੈ। ਰਿਪੋਰਟ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ ਅਤੇ ਅਗਲੀਆਂ ਚੋਣਾਂ ਵਿਚ ਪਾਰਟੀ ਦੀ ਅਗਵਾਈ ਕਰਨਗੇ। ਖੜਗੇ ਕਮੇਟੀ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਫੈਸਲਾ ਭਾਵੇਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਛੱਡ ਦਿੱਤਾ ਹੈ ਪਰ ਉਸ ਨੂੰ ਢੁੱਕਵੀਂ ਥਾਂ ਦੇਣ ਦੀ ਗੱਲ ਜ਼ਰੂਰ ਆਖੀ ਗਈ ਹੈ। ਪਤਾ ਲੱਗਾ ਹੈ ਕਿ ਕਮੇਟੀ ਨੇ ਨਵਜੋਤ ਸਿੱਧੂ ਨੂੰ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਦਾ ਸੁਝਾਅ ਵੀ ਦਿੱਤਾ ਹੈ। ਸੂਤਰਾਂ ਮੁਤਾਬਕ ਬਰਗਾੜੀ ਮੁੱਦੇ ਬਾਰੇ ਫੈਸਲਾ ਲੈਣ ਦਾ ਅਧਿਕਾਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਛੱਡ ਦਿੱਤਾ ਗਿਆ ਹੈ ਕਿਉਂਕਿ ਇਹ ਪ੍ਰਸ਼ਾਸਨਿਕ ਅਤੇ ਸੰਵੇਦਨਸ਼ੀਲ ਮੁੱਦਾ ਹੈ ਪ੍ਰੰਤੂ ਏਨਾ ਜ਼ਰੂਰ ਕਿਹਾ ਗਿਆ ਹੈ ਕਿ ਇਸ ਮਾਮਲੇ ਨੂੰ ਤਰਜੀਹੀ ਆਧਾਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਮੁੜ ਸੱਤਾ ਵਿਚ ਲਿਆਉਣ ਸਬੰਧੀ ਵੀ ਕਈ ਨੁਕਤੇ ਸੁਝਾਏ ਗਏ ਹਨ। ਚੇਤੇ ਰਹੇ ਕਿ ਪੰਜਾਬ ਕਾਂਗਰਸ ਵਿਚ ਬਗ਼ਾਵਤ ਮਗਰੋਂ ਕਾਂਗਰਸ ਹਾਈਕਮਾਨ ਨੇ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿਚ ਜੇ ਪੀ ਅਗਰਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਸ਼ਾਮਲ ਸਨ। ਸੂਤਰਾਂ ਅਨੁਸਾਰ ਰਿਪੋਰਟ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਤੌਰ ਤਰੀਕਿਆਂ ਅਤੇ ਕਾਰਜਸ਼ੈਲੀ ’ਤੇ ਵੀ ਉਂਗਲ ਉਠਾਈ ਗਈ ਹੈ। ਖਾਸ ਕਰਕੇ ਕੈਪਟਨ ਦਾ ਕਈ-ਕਈ ਮਹੀਨੇ ਪਾਰਟੀ ਆਗੂਆਂ ਅਤੇ ਵਿਧਾਇਕਾਂ ਨੂੰ ਨਾ ਮਿਲਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਪੁਨਰਗਠਨ ਸਮੇਂ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੂੰ ਢੁੱਕਵੀਂ ਨੁਮਾਇੰਦਗੀ ਦੇਣ ਦੀ ਗੱਲ ਆਖੀ ਗਈ ਹੈ। ਇਹ ਵੀ ਸਿਫਾਰਿਸ਼ ਕੀਤੀ ਗਈ ਹੈ ਕਿ ਸੂਬੇ ਵਿਚ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਖਾਲੀ ਪਏ ਅਹੁਦੇ ਵੀ ਭਰੇ ਜਾਣ। ਸੂਬੇ ਵਿਚ ਅਫ਼ਸਰਸ਼ਾਹੀ ਦੇ ਬੋਲਬਾਲੇ ’ਤੇ ਵੀ ਟਿੱਪਣੀ ਕੀਤੀ ਗਈ ਹੈ। ਆਉਂਦੇ ਦਿਨਾਂ ਵਿਚ ਹੁਣ ਪੰਜਾਬ ਕਾਂਗਰਸ ਅਤੇ ਸਰਕਾਰ ਵਿਚ ਅੰਦਰੂਨੀ ਰੱਦੋਬਦਲ ਦਾ ਮੁੱਢ ਬੱਝ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਹਾਈਕਮਾਨ ਕਿਵੇਂ ਦੋਵੇਂ ਧੜਿਆਂ ਵਿਚ ਸੰਤੁਲਨ ਕਾਇਮ ਰਖਦੀ ਹੈ ਅਤੇ ਸਾਰਿਆਂ ਨੂੰ ਖੁਸ਼ ਕਰਨ ਲਈ ਕੀ ਦਾਅ-ਪੇਚ ਲੜਾਉਂਦੀ ਹੈ। ਵੱਡਾ ਮਸਲਾ ਬਰਗਾੜੀ ਕਾਂਡ ਅਤੇ ਨਸ਼ਾ ਤਸਕਰੀ ਆਦਿ ਦਾ ਹੈ ਜਿਸ ਨੂੰ ਨਜਿੱਠਣ ਲਈ ਹਾਈਕਮਾਨ ਨੇ ਕੋਈ ਵਿਸ਼ੇਸ਼ ਫੈਸਲਾ ਨਾ ਲਿਆ ਤਾਂ ਆਮ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਵੇਗੀ। ਨਵਜੋਤ ਸਿੱਧੂ ਨੂੰ ਸੰਤੁਸ਼ਟ ਕਰਨਾ ਵੀ ਇੱਕ ਵੱਡੀ ਚੁਣੌਤੀ ਹੈ। ਪਤਾ ਲੱਗਾ ਹੈ ਕਿ ਉਹ ਉਪ ਮੁੱਖ ਮੰਤਰੀ ਦਾ ਅਹੁਦਾ ਲੈਣ ਦੇ ਇਛੁੱਕ ਨਹੀਂ ਹਨ।

ਕੈਪਟਨ ਨੇ ਪਰਗਟ ਵੱਲੋਂ ਲਾਏ ਦੋਸ਼ ਰੱਦ ਕੀਤੇ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਿਧਾਇਕ ਪਰਗਟ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਦੋਸ਼ ਲਾਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਧਾਇਕਾਂ ਖ਼ਿਲਾਫ਼ ਤਿੰਨ ਮੈਂਬਰੀ ਕਮੇਟੀ ਕੋਲ ਰੱਖਣ ਲਈ ਮਿਸਲ (ਡੋਜ਼ੀਅਰ) ਤਿਆਰ ਕੀਤੀ ਸੀ। ਅਮਰਿੰਦਰ ਸਿੰਘ ਨੇ ਅੱਜ ਸ਼ਾਮੀਂ ਇਕ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੌਰਾਨ ਅਜਿਹਾ ਕਦੇ ਨਹੀਂ ਕੀਤਾ ਅਤੇ ਉਹ ਭਰੋਸੇ ਤੇ ਪੂਰੀ ਪਾਰਦਰਸ਼ਤਾ ਨਾਲ ਹੀ ਸਰਕਾਰ ਚਲਾਉਂਦੇ ਹਨ।

ਬੇਅਦਬੀ ਕਾਂਡ ਦੇ ਦੋਸ਼ੀ ਬਚਾਏ ਜਾ ਰਹੇ ਹਨ: ਪਰਗਟ ਸਿੰਘ

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੜ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਸਾਫ ਆਖ ਦਿੱਤਾ ਹੈ ਕਿ ਮੁੱਖ ਮੰਤਰੀ ਨੂੰ ਬਦਲੇ ਬਿਨਾਂ ਅਗਲੀਆਂ ਚੋਣਾਂ ਜਿੱਤਣੀਆਂ ਮੁਸ਼ਕਲ ਹੋ ਜਾਣਗੀਆਂ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਖੜਗੇ ਕਮੇਟੀ ਨੇ ਅੱਜ ਆਪਣੀ ਰਿਪੋਰਟ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਮੁੱਦਿਆਂ ਦੀ ਲੜਾਈ ਲੜ ਰਹੇ ਹਨ ਅਤੇ ਜਿਥੇ ਵੀ ਜ਼ਰੂਰਤ ਪਈ, ਉਹ ਮੁੱਦੇ ਉਠਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਪਰਗਟ ਸਿੰਘ ਨੇ ਕਿਹਾ ਕਿ ਉਪ ਮੁੱਖ ਮੰਤਰੀ ਕੋਈ ਵੀ ਬਣ ਜਾਵੇ ਪਰ ਇਸ ਨਾਲ ਲੋਕਾਂ ਨੂੰ ਇਨਸਾਫ਼ ਨਹੀਂ ਮਿਲਣਾ ਸਗੋਂ ਮੁੱਦਿਆਂ ਨਾਲ ਨਜਿੱਠਣ ਦੀ ਲੋੜ ਹੈ। ਉਨ੍ਹਾਂ ਮੁੜ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ ਅਤੇ ਆਪਣਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਥੋਂ ਜਾਪਦਾ ਹੈ ਕਿ ਬੇਅਦਬੀ ਮਾਮਲੇ ਵਿਚ ਇਨਸਾਫ਼ ਦੇਣ ਦੀ ਨੀਅਤ ਨਹੀਂ ਹੈ। ਉਨ੍ਹਾਂ ਕਿਹਾ,‘‘ਜਿਨ੍ਹਾਂ ਵਿਧਾਇਕਾਂ ਦਾ ਡੋਜ਼ੀਅਰ ਤਿਆਰ ਕਰਕੇ ਹਾਈਕਮਾਨ ਨੂੰ ਦਿੱਤਾ ਗਿਆ ਹੈ, ਉਸ ਨੂੰ ਜਨਤਕ ਕੀਤਾ ਜਾਵੇ। ਜੇ ਤਿੰਨ ਮੈਂਬਰੀ ਕਮੇਟੀ ਨੂੰ ਲਿਖਤੀ ਰੂਪ ਵਿਚ ਅਜਿਹਾ ਡੋਜ਼ੀਅਰ ਦਿੱਤਾ ਗਿਆ ਹੈ ਤਾਂ ਮੁੱਖ ਮੰਤਰੀ ਨੇ ਕਬੂਲ ਕਰ ਲਿਆ ਹੈ ਕਿ ਭ੍ਰਿਸ਼ਟ ਲੋਕ ਸਰਕਾਰ ਚਲਾ ਰਹੇ ਹਨ।’’ ਵਿਧਾਇਕ ਪਰਗਟ ਸਿੰਘ ਪਹਿਲਾਂ ਵੀ ਸਮੇਂ ਸਮੇਂ ’ਤੇ ਸਰਕਾਰ ਦੀ ਕਾਰਜਸ਼ੈਲੀ ’ਤੇ ਸੁਆਲ ਖੜ੍ਹੇ ਕਰਦੇ ਰਹੇ ਹਨ। ਅੱਜ ਉਨ੍ਹਾਂ ਮੁੜ ਸਿੰਚਾਈ ਘੁਟਾਲੇ ਦਾ ਮਾਮਲਾ ਵੀ ਚੁੱਕਿਆ ਅਤੇ ਇੱਕ ਹੋਰ ਮੰਤਰੀ ’ਤੇ ਵੀ ਉਂਗਲ ਚੁੱਕੀ ਜਿਸ ਨੂੰ ਮੁਆਵਜ਼ੇ ਵਿਚ ਦੋਹਰਾ ਗੱਫਾ ਦਿੱਤਾ ਗਿਆ ਹੈ। ਪਰਗਟ ਸਿੰਘ ਨੇ ਸੁਖਪਾਲ ਖਹਿਰਾ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੇ ਫੈਸਲੇ ਨੂੰ ਗ਼ਲਤ ਦੱਸਿਆ ਹੈ। ਦੱਸਣਯੋਗ ਹੈ ਕਿ ਅੱਜ ਪਰਗਟ ਸਿੰਘ ਦੇ ਹਲਕੇ ਜਲੰਧਰ ਕੈਂਟ ਵਿਚ ‘ਸਾਡਾ ਸਾਂਝਾ ਨਾਅਰਾ, ਕੈਪਟਨ ਦੁਬਾਰਾ’ ਦੇ ਫਲੈਕਸ ਕਾਂਗਰਸ ਦੇ ਜਨਰਲ ਸਕੱਤਰ ਰਾਜਿੰਦਰਪਾਲ ਵੱਲੋਂ ਲਗਾਏ ਗਏ ਹਨ। ਫਲੈਕਸਾਂ ਬਾਰੇ ਪਰਗਟ ਸਿੰਘ ਨੇ ਕਿਹਾ ਕਿ ਇਹ ਕੋਈ ਬੱਚਿਆਂ ਦੀ ਲੜਾਈ ਨਹੀਂ ਹੈ।

LEAVE A REPLY

Please enter your comment!
Please enter your name here