ਨਵੀਂ ਦਿੱਲੀ, 9 ਜੂਨ

ਸੁਪਰੀਮ ਕੋਰਟ ਨੇ ਖੁਰਾਕੀ ਵਸਤਾਂ ’ਚ ਮਿਲਾਵਟ ਦੇ ਇਕ ਮਾਮਲੇ ’ਚ ਮੱਧ ਪ੍ਰਦੇਸ਼ ਦੇ ਦੋ ਕਾਰੋਬਾਰੀਆਂ ਦੀ ਪੇਸ਼ਗੀ ਜ਼ਮਾਨਤ ਅਰਜ਼ੀਆਂ ’ਤੇ ਵਿਚਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ‘ਸਿਰਫ਼ ਭਾਰਤ ’ਚ ਅਸੀਂ ਸਿਹਤ ਸਬੰਧੀ ਫਿਕਰਾਂ ਨੂੰ ਲੈ ਕੇ ਗੰਭੀਰ ਨਹੀਂ ਹਾਂ।’ ਜਸਟਿਸ ਇੰਦਰਾ ਬੈਨਰਜੀ ਅਤੇ ਐੱਮ ਆਰ ਸ਼ਾਹ ਦੇ ਵੈਕੇਸ਼ਨ ਬੈਂਚ ਵੱਲੋਂ ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਵਸਨੀਕਾਂ ਪ੍ਰਵਰ ਗੋਇਲ ਅਤੇ ਵਿਨੀਤ ਗੋਇਲ ਦੀਆਂ ਅਗਾਊਂ ਜ਼ਮਾਨਤ ਅਰਜ਼ੀਆਂ ’ਤੇ ਸੁਣਵਾਈ ਕੀਤੀ ਗਈ। ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਸੀ ਜਿਸ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਗਈ ਸੀ। ਸੁਣਵਾਈ ਦੌਰਾਨ ਵਕੀਲ ਪੁਨੀਤ ਜੈਨ ਨੇ ਬੈਂਚ ਨੂੰ ਕਿਹਾ ਕਿ ਕਾਨੂੰਨਨ ਖੁਰਾਕੀ ਵਸਤਾਂ ’ਚ ਮਿਲਾਵਟ ਦੇ ਜੁਰਮ ’ਚ ਉਨ੍ਹਾਂ ਦੇ ਮੁਵੱਕਿਲਾਂ ਨੂੰ ਜ਼ਮਾਨਤ ਜ਼ਮਾਨਤ ਮਿਲਣੀ ਚਾਹੀਦੀ ਹੈ। ਜਸਟਿਸ ਸ਼ਾਹ ਨੇ ਕਿਹਾ,‘‘ਸਿਰਫ਼ ਭਾਰਤ ’ਚ ਸਿਹਤ ਸਬੰਧੀ ਫਿਕਰਾਂ ਨੂੰ ਲੈ ਕੇ ਗੰਭੀਰਤਾ ਨਹੀਂ ਹੈ। ਮਿਸਟਰ ਜੈਨ, ਤੁਸੀਂ ਇਸ ਦਾ ਜਵਾਬ ਦਿਓ। ਕੀ ਤੁਸੀਂ ਇਹ ਮਿਲਾਵਟੀ ਕਣਕ ਖਾਓਗੇ।’’ ਜਦੋਂ ਬੈਂਚ ਨੇ ਅਗਾਊਂ ਜ਼ਮਾਨਤ ’ਤੇ ਵਿਚਾਰ ਕਰਨ ’ਤੇ ਦਿਲਚਸਪੀ ਨਾ ਦਿਖਾਈ ਤਾਂ ਵਕੀਲ ਨੇ ਅਰਜ਼ੀ ਵਾਪਸ ਲੈਣ ਦਾ ਫ਼ੈਸਲਾ ਲਿਆ ਜਿਸ ਨੂੰ ਬੈਂਚ ਨੇ ਮਨਜ਼ੂਰੀ ਦੇ ਦਿੱਤੀ। ਖੁਰਾਕ ਸੁਰੱਖਿਆ ਵਿਭਾਗ ਵੱਲੋਂ ਦਰਜ ਐੱਫਆਈਆਰ ਮੁਤਾਬਕ ਕਾਰੋਬਾਰੀਆਂ ’ਤੇ ਨੀਮਚ ਦੇ ਕਨਾਵਤੀ ਪਿੰਡ ’ਚ ਪੈਂਦੀ ਦਰਸ਼ੀਲ ਐਗਰੋ ਇੰਡਸਟਰੀਜ਼ ’ਚ ਕਣਕ ਦੀ ਪੋਲਿਸ਼ ਲਈ ਨਾ ਖਾਣਯੋਗ ਗੋਲਡਨ ਆਫ਼ਸੈੱਟ ਰੰਗ ਦੀ ਵਰਤੋਂ ਕਰਨ ਦਾ ਦੋਸ਼ ਹੈ। ਅਧਿਕਾਰੀ ਨੇ ਪਿਛਲੇ ਸਾਲ 3 ਦਸੰਬਰ ਨੂੰ ਛਾਪਾ ਮਾਰ ਕੇ 1.20 ਲੱਖ ਕਿਲੋ ਤੋਂ ਜ਼ਿਆਦਾ ਖ਼ਰਾਬ ਅਤੇ ਘਟੀਆ ਪਾਲਿਸ਼ ਵਾਲੀ ਕਣਕ ਜ਼ਬਤ ਕੀਤੀ ਸੀ ਜਿਸ ਦੀ ਕੀਮਤ 27.74 ਲੱਖ ਰੁਪਏ ਸੀ। -ਪੀਟੀਆਈ

LEAVE A REPLY

Please enter your comment!
Please enter your name here