ਗੁਰਦੀਪ ਸਿੰਘ ਲਾਲੀ

ਸੰਗਰੂਰ, 5 ਜੂਨ

ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਅੱਜ ਸਥਾਨਕ ਰੈਸਟ ਹਾਊਸ ਅੱਗੇ ਸਿੱਖਿਆ ਮੰਤਰੀ ਦਾ ਵਿਰੋਧ ਕਰਨ ਪੁੱਜੇ ਬੇਰੁਜ਼ਗਾਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਕਰੀਬ ਸਵਾ ਪੰਜ ਮਹੀਨਿਆਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਈ ਬੈਠੇ ਹਨ ਪਰ ਉਨ੍ਹਾਂ ਦੀ ਕੋਈ  ਸੁਣਵਾਈ ਨਹੀਂ ਹੋ ਰਹੀ। 

ਅੱਜ ਸਥਾਨਕ ਰੈਸਟ ਹਾਊਸ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਮੌਜੂਦ ਹੋਣ ਕਾਰਨ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਤ ਕੀਤੀ ਗਈ ਸੀ। ਬਾਅਦ ਦੁਪਹਿਰ ਜਿਉਂ ਹੀ ਕਰੀਬ ਦਰਜਨ ਬੇਰੁਜ਼ਗਾਰ ਅਧਿਆਪਕ ਨਾਅਰੇਬਾਜ਼ੀ ਕਰਦੇ ਹੋਏ ਰੈਸਟ ਹਾਊਸ ਅੱਗੇ ਪੁੱਜੇ ਤਾਂ ਪੁਲੀਸ ਉਨ੍ਹਾਂ ਨੂੰ ਬੱਸ ਵਿਚ ਬਿਠਾ ਕੇ ਥਾਣਾ ਸਿਟੀ ਲੈ ਗਈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਉਨ੍ਹਾਂ ਗੁਪਤ ਤਰੀਕੇ ਨਾਲ ਰੈਸਟ ਹਾਊਸ ਅੱਗੇ ਪੁੱਜ ਕੇ ਵਿਰੋਧ ਕਰਨ ਦਾ ਪ੍ਰੋਗਰਾਮ ਉਲਕਿਆ ਸੀ। ਇਸ ਬਾਰੇ ਜਿਉਂ ਹੀ ਪ੍ਰਸ਼ਾਸਨ ਨੂੰ ਸੂਹ ਮਿਲੀ ਤਾਂ ਪੁਲੀਸ ਨੇ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਹੀ ਨਾਕਾ ਲਾ ਲਿਆ, ਤਾਂ ਜੋ ਬੇਰੁਜ਼ਗਾਰ ਪੱਕੇ ਮੋਰਚੇ ਵਾਲੇ ਸਥਾਨ ਤੋਂ ਬਾਹਰ ਨਾ ਜਾ ਸਕਣ। ਇਸ ਮਗਰੋਂ ਉਨ੍ਹਾਂ ਆਪਣੇ ਹੋਰ ਬੇਰੁਜ਼ਗਾਰ ਸਾਥੀਆਂ ਨੂੰ ਰੈਸਟ ਹਾਊਸ ਵੱਲ ਭੇਜਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸੰਦੀਪ ਗਿੱਲ, ਰਣਬੀਰ ਸਿੰਘ ਨਦਾਮਪੁਰ, ਸੰਦੀਪ ਨਾਭਾ, ਗੁਰਪ੍ਰੀਤ ਸਿੰਘ, ਤਜਿੰਦਰ ਬਠਿੰਡਾ, ਪਰਮਿੰਦਰ ਸਿੰਘ ਸ਼ੇਰਪੁਰ, ਗਗਨਦੀਪ ਕੌਰ, ਕਿਰਨ ਕੌਰ ਈਸੜਾ ਅਤੇ ਕੁਲਵੰਤ ਸਿੰਘ ਕੋਟ ਸ਼ਮੀਰ ਨੂੰ ਹਿਰਾਸਤ ਵਿੱਚ ਲਿਆ ਹੈ।

ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀਆਂ ਨੂੰ ਐੱਸਡੀਐੱਮ ਅੱਗੇ ਕੀਤਾ ਪੇਸ਼

ਡੀਐੱਸਪੀ ਸੱਤਪਾਲ ਸ਼ਰਮਾ ਨੇ ਦੱਸਿਆ ਕਿ ਹਿਰਾਸਤ ’ਚ ਲਏ ਪ੍ਰਦਰਸ਼ਨਕਾਰੀਆਂ ਖ਼ਿਲਾਫ਼ 107/151 ਤਹਿਤ ਕਾਰਵਾਈ ਕੀਤੀ ਗਈ ਹੈ। ਥਾਣਾ ਸਿਟੀ ਇੰਚਾਰਜ ਗੁਰਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੋ ਲੜਕੀਆਂ ਸਮੇਤ ਨੌਂ ਜਣਿਆਂ ਨੂੰ ਸੰਗਰੂਰ ਦੇ ਐੱਸਡੀਐੱਮ ਅੱਗੇ ਪੇਸ਼ ਕੀਤਾ ਸੀ, ਜਿਨ੍ਹਾਂ ਨੇ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਹੈ। 

LEAVE A REPLY

Please enter your comment!
Please enter your name here