ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 10 ਜੂਨ

ਕਾਂਗਰਸੀ ਵਿਧਾਇਕ ਨਵਜੋਤ ਸਿੰੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੀ ਅੰਦਰੂਨੀ ਜੰਗ ਦੌਰਾਨ ਕਾਂਗਰਸੀ ਆਗੂਆਂ ਨੇ ਇੱਥੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਹੋਰਡਿੰਗਜ਼ ਲਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਮਰਥਨ ਦਿੱਤਾ ਹੈ। ਉਧਰ, ਪਟਿਆਲਾ ਵਿੱਚ ਅਜਿਹੇ ਕੁਝ ਪੋਸਟਰ ਸਿੱਧੂ ਜੋੜੇ ਦੇ ਹੱਕ ਵਿੱਚ ਵੀ ਲੱਗੇ ਹਨ।

ਇੱਥੇ ਸ਼ਹਿਰ ਦੇ ਭੰਡਾਰੀ ਪੁਲ, ਕ੍ਰਿਸਟਲ ਚੌਕ, ਬੱਸ ਅੱਡੇ ਅਤੇ ਹੋਰ ਕਈ ਥਾਵਾਂ ’ਤੇ ਹੋਰਡਿੰਗਜ਼ ਲਾਏ ਗਏ ਹਨ, ਜਿਨ੍ਹਾਂ ’ਤੇ ‘ਪੰਜਾਬ ਦਾ ਇੱਕ ਹੀ ਕੈਪਟਨ’, ‘ਕੈਪਟਨ ਫਾਰ 2022’ ਆਦਿ ਲਿਖਿਆ ਹੋਇਆ ਹੈ। ਇਨ੍ਹਾਂ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਵੱਡੀ ਤਸਵੀਰ ਲੱਗੀ ਹੋਈ ਹੈ ਅਤੇ ਹੇਠਾਂ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਤਸਵੀਰ ਹੈ। ਕਰਮਜੀਤ ਸਿੰਘ ਰਿੰਟੂ ਨੇ ਆਖਿਆ ਕਿ ਇਹ ਪੋਸਟਰ ਲਾ ਕੇ ਕਾਂਗਰਸੀ ਵਰਕਰ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਅਪਣੱਤ ਦਰਸਾ ਰਹੇ ਹਨ।

ਦੂਜੇ ਪਾਸੇ ਸ੍ਰੀ ਸਿੱਧੂ ਨੇ ਆਪਣੀ ਪਤਨੀ ਸਣੇ ਪਟਿਆਲਾ ਵਿੱਚ ਡੇਰੇ ਲਾਏ ਹੋਏ ਹਨ। ਵੇਰਵਿਆਂ ਮੁਤਾਬਕ ਸ੍ਰੀ ਸਿੱੱਧੂ ਦੇ ਸਮਰਥਨ ਵਾਲੇ ਪੋਸਟਰ ਤੇ ਹੋਰਡਿੰਗ ਪਟਿਆਲਾ ਵਿੱਚ ਲੱਗੇ ਹਨ, ਜਿਨ੍ਹਾਂ ਵਿੱਚ ‘ਸਿੱਧੂ ਕਿਸਾਨਾਂ ਦੀ ਆਵਾਜ਼’ ਅਤੇ ‘ਸਾਰਾ ਪੰਜਾਬ ਸਿੱਧੂ ਦੇ ਨਾਲ’ ਲਿਖਿਆ ਹੋਇਆ ਹੈ।

ਪਰਗਟ ਸਿੰਘ ਦੇ ਹਲਕੇ ’ਚ ਲੱਗੇ ‘ਕੈਪਟਨ ਹੀ ਦੁਬਾਰਾ’ ਦੇ ਹੋਰਡਿੰਗ

ਜਲੰਧਰ (ਪਾਲ ਸਿੰਘ ਨੌਲੀ): ਪੰਜਾਬ ਕਾਂਗਰਸ ਵਿੱਚ ਛਿੜਿਆ ਕਾਟੋ-ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਕੈਪਟਨ ਦੇ ਸਮਰਥਕਾਂ ਨੇ ਜਲੰਧਰ ਛਾਉਣੀ ਦੇ ਵਿਧਾਇਕ ਤੇ ਨਵਜੋਤ ਸਿੰਘ ਸਿੱਧੂ ਦੇ ਦੋਸਤ ਪਰਗਟ ਸਿੰਘ ਦੇ ਹਲਕੇ ਵਿੱਚ ਕੈਪਟਨ ਦੇ ਹੱਕ ਵਿਚ ਹੋਰਡਿੰਗ ਲਗਾ ਕੇ ਇੱਕ ਵਾਰ ਮੁੜ ਪਾਰਟੀ ’ਚ ਚੱਲ ਰਹੀ ਧੜੇਬੰਦੀ ਨੂੰ ਤੂਲ ਦੇ ਦਿੱਤੀ ਹੈ। ਇਨ੍ਹਾਂ ਬੋਰਡਾਂ ’ਤੇ ‘ਸਾਡਾ ਸਾਂਝਾ ਨਾਅਰਾ-ਕੈਪਟਨ ਹੀ ਦੁਬਾਰਾ’ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ ਤੇ ਅੰਗਰੇਜ਼ੀ ਵਿੱਚ ‘ਕੈਪਟਨ ਫਾਰ-2022’ ਲਿਖਿਆ ਹੋਇਆ ਹੈ। ਜਲੰਧਰ ਛਾਉਣੀ ਹਲਕੇ ਵਿੱਚ ਇਹ ਬੋਰਡ ਕਈ ਥਾਵਾਂ ’ਤੇ ਲੱਗੇ ਹੋਏ ਹਨ। ਇਨ੍ਹਾਂ ਬੋਰਡਾਂ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਵੱਡੀ ਤਸਵੀਰ ਦੇ ਨਾਲ-ਨਾਲ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਸੁਨੀਲ ਜਾਖੜ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ। ਇਹ ਬੋਰਡ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਜਿੰਦਰਪਾਲ ਸਿੰਘ ਰਾਣਾ ਰੰਧਾਵਾ ਨੇ ਲਗਵਾਏ ਹਨ। ਜਲੰਧਰ ਛਾਉਣੀ ਤੋਂ ਟਿਕਟ ਲਈ ਉਹ ਦੋ ਵਾਰ ਪਹਿਲਾਂ ਵੀ ਦਾਅਵਾ ਕਰ ਚੁੱਕੇ ਸਨ।

LEAVE A REPLY

Please enter your comment!
Please enter your name here