ਸ੍ਰੀਲੰਕਾ, ਬੰਗਲਾਦੇਸ਼ ਦੀਆਂ ਟੀਮਾਂ ਵੀ ਪਾਕਿ ਦੇ ਦੌਰੇ ’ਤੇ ਨਹੀਂ ਆਉਣਗੀਆਂ

0


ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਨਿਊਜ਼ੀਲੈਂਡ ਵੱਲੋਂ ਦੌਰਾ ਰੱਦ ਕਰਨ ਤੋਂ ਬਾਅਦ ਆਪਣੇ ਮੁਲਕ ਵਿਚ ਸੰਖੇਪ ਲੜੀ ਲਈ ਸ੍ਰੀਲੰਕਾ ਦੇ ਬੰਗਲਾਦੇਸ਼ ਨਾਲ ਸੰਪਰਕ ਕੀਤਾ ਹੈ ਪਰ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਦੇ ਪਹਿਲਾਂ ਹੀ ਰੁੱਝੇ ਹੋਣ ਕਾਰਨ ਕਿਸੇ ਲੜੀ ਦੀ ਯੋਜਨਾ ਉਤੇ ਗੱਲ ਨਹੀਂ ਬਣ ਸਕੀ। ਪੀਸੀਬੀ ਦੇ ਸੀਈਓ ਵਸੀਮ ਖਾਨ ਨੇ ਕਿਹਾ ਕਿ ਸ੍ਰੀਲੰਕਾ ਕ੍ਰਿਕਟ ਤੇ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਪਾਕਿਸਤਾਨ ਵਿਚ ਖੇਡਣ ਦੀ ਇੱਛਾ ਜ਼ਾਹਿਰ ਕੀਤੀ ਸੀ, ਪਰ ਉਨ੍ਹਾਂ ਕੋਲ ਆਪਣੀ ਟੀਮ ਭੇਜਣ ਲਈ ਬਹੁਤ ਘੱਟ ਸਮਾਂ ਸੀ। ਉਨ੍ਹਾਂ ਕਿਹਾ ‘ਸਾਡੇ ਪ੍ਰਧਾਨ ਨੇ ਉਨ੍ਹਾਂ ਨਾਲ ਗੱਲ ਕੀਤੀ ਹੈ ਤੇ ਇਕ ਛੋਟੇ ਦੌਰੇ ਦੀ ਸੰਭਾਵਨਾ ਬਾਰੇ ਪੁੱਛਿਆ ਸੀ, ਜਿਸ ਉਤੇ ਉਨ੍ਹਾਂ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਸੀ। ਦੋਵਾਂ ਬੋਰਡਾਂ ਨੇ ਹਾਲਾਂਕਿ ਦੱਸਿਆ ਕਿ ਉਨ੍ਹਾਂ ਲਈ ਆਪਣੇ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮਾਂ ਨੂੰ ਬਦਲਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਤੇ ਉਨ੍ਹਾਂ ਦੇ ਕੁਝ ਖਿਡਾਰੀ ਵੀ ਦੇਸ਼ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਬੋਰਡਾਂ ਨੇ ਮਜ਼ਬੂਤ ਇੱਛਾ ਜਤਾਈ ਪਰ ਸਮੇਂ ਦੀ ਕਮੀ ਕਾਰਨ ਉਨ੍ਹਾਂ ਲਈ ਇਹ ਦੌਰਾ ਕਰਨਾ ਸੰਭਵ ਨਹੀਂ ਸੀ। ਉਨ੍ਹਾਂ ਵਿਸ਼ਵ ਕੱਪ (ਟੀ20) ਤੋਂ ਪਹਿਲਾਂ ਹੀ ਆਪਣੀਆਂ ਯੋਜਨਾਵਾਂ ਬਣਾਈਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਰਾਵਲਪਿੰਡੀ ਵਿਚ ਖੇਡੇ ਜਾਣ ਵਾਲੇ ਸ਼ੁਰੂਆਤੀ ਇਕ ਰੋਜ਼ਾ ਮੈਚ ਤੋਂ ਕੁਝ ਘੰਟੇ ਪਹਿਲਾਂ ਸੁਰੱਖਿਆ ਨੂੰ ਖ਼ਤਰਾ ਦਾ ਹਵਾਲਾ ਦਿੰਦਿਆਂ ਸ਼ੁੱਕਰਵਾਰ ਆਪਣਾ ਪਾਕਿਸਤਾਨ ਦੌਰਾ ਰੱਦ ਕਰ ਦਿੱਤਾ ਸੀ। ਇਸ ਫ਼ੈਸਲੇ ਤੋਂ ਨਾਰਾਜ਼ ਵਸੀਮ ਖਾਨ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਪਾਕਿਸਤਾਨ ਦਾ ਨਿਰਾਦਰ ਕੀਤਾ ਹੈ ਤੇ ਇਕਪਾਸੜ ਦੌਰੇ ਨੂੰ ਛੱਡਣਾ ਜ਼ਖ਼ਮ ਦੇਣ ਵਾਂਗ ਹੈ। -ਪੀਟੀਆਈ


Leave a Reply