ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਤੋਂ ਸ਼ੁਰੂ

0


ਟ੍ਰਿਬਿਊਨ ਨਿਊਜ਼ ਸਰਵਿਸ 

ਅੰਮ੍ਰਿਤਸਰ, 17 ਸਤੰਬਰ 

ਕਰੋਨਾ ਦਾ ਪ੍ਰਭਾਵ ਕੁਝ ਘਟਣ ਮਗਰੋਂ ਉਤਰਾਖੰਡ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਸਾਲਾਨਾ ਯਾਤਰਾ 18 ਸਤੰਬਰ ਤੋਂ ਸ਼ੁਰੂ ਕਰਨ ਦਾ ਫੈ਼ਸਲਾ ਲਿਆ ਹੈ। ਇਸ ਯਾਤਰਾ ਦੌਰਾਨ ਇਕ ਦਿਨ ਵਿੱਚ ਸਿਰਫ ਇਕ ਹਜ਼ਾਰ ਸ਼ਰਧਾਲੂ ਹੀ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ। ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਉਤਰਾਖੰਡ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਚਾਰ ਧਾਮ ਦੀ ਯਾਤਰਾ ਖੋਲ੍ਹਣ  ਦੇ ਲਏ ਫੈ਼ਸਲੇ ਤਹਿਤ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ। ਸਰਕਾਰ ਦੇ ਇਸ ਫੈ਼ਸਲੇ ਮਗਰੋਂ ਟਰੱਸਟ ਦੀ ਮੀਟਿੰਗ  ਵਿੱਚ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਕਰਨ ਦਾ ਫੈ਼ਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਕਰਨ ਵਾਲਿਆਂ ਲਈ ਕਰੋਨਾ ਸਬੰਧੀ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹੋਣਗੀਆਂ। 

ਯਾਤਰੂਆਂ ਦੇ ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਸੂਬੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਬੰਧਤ ਵੈੱਬਸਾਈਟ ਅਤੇ ਪੋਰਟਲ ’ਤੇ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਵੈਕਸੀਨ ਨਾ ਲੱਗੀ ਹੋਣ ਦੀ ਸੂਰਤ ਵਿੱਚ 72 ਘੰਟੇ ਪਹਿਲਾਂ ਦੀ ਆਰਟੀ ਪੀਸੀਆਰ ਕਰੋਨਾ ਟੈਸਟ ਰਿਪੋਰਟ ਲਿਆਉਣੀ ਜ਼ਰੂਰੀ ਹੋਵੇਗੀ। ਯਾਤਰੂਆਂ ਲਈ ਰਿਸ਼ੀਕੇਸ਼ ਸਥਿਤ ਗੁਰਦੁਆਰਾ ਟਰੱਸਟ ਦੇ ਦਫ਼ਤਰ ਤੋਂ ਪ੍ਰਮਾਣ ਪੱਤਰ ਲੈਣਾ ਲਾਜ਼ਮੀ ਹੋਵੇਗਾ।  ਇਹ ਯਾਤਰਾ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। 

60 ਸਾਲ ਤੋਂ ਵੱਧ ਉਮਰ ਦੇ ਯਾਤਰੂਆਂ ਨੂੰ ਨਾਲ ਨਾ ਲਿਆਉਣ ਦੀ ਅਪੀਲ 

ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ 60 ਸਾਲ ਤੋਂ ਵੱਧ ਅਤੇ 10 ਸਾਲ ਤੋਂ ਘੱਟ ਉਮਰ ਦੇ ਯਾਤਰੂਆਂ ਨੂੰ ਨਾਲ ਨਾ ਲਿਆਉਣ ਦੀ ਅਪੀਲ ਕੀਤੀ ਹੈ। ਇਸੇ ਤਰ੍ਹਾਂ ਸਾਹ ਤੇ ਦਿਲ ਦੇ ਰੋਗੀਆਂ, ਦਮਾ, ਸ਼ੂਗਰ, ਕੈਂਸਰ, ਲਿਵਰ ਤੇ ਗੁਰਦਾ ਰੋਗ ਤੋਂ ਪੀੜਤ ਵਿਅਕਤੀਆਂ ਦੇ ਆਉਣ ’ਤੇ ਵੀ ਰੋਕ ਲਗਾਈ ਗਈ ਹੈ। ਸਰੋਵਰ ਵਿੱਚ ਇਸ਼ਨਾਨ ਕਰਨ ਦੀ  ਆਗਿਆ ਨਹੀਂ ਹੋਵੇਗੀ। 


Leave a Reply