ਕੋਲਕਾਤਾ, 14 ਮਈ

ਕੋਲਕਾਤਾ ਹਾਈ ਕੋਰਟ ਨੇ ਸੰਦੇਸ਼ਖਲੀ ਮਾਮਲੇ ਵਿਚ ਅੱਜ ਭਾਜਪਾ ਆਗੂ ਗੰਗਾਧਰ ਕੋਇਲ ਦੀ ਪਟੀਸ਼ਨ ’ਤੇ ਸੁਣਵਾਈ 17 ਮਈ ਤੱਕ ਮੁਲਤਵੀ ਕਰ ਦਿੱਤੀ ਹੈ। ਭਾਜਪਾ ਆਗੂ ਨੇ ਸੰਦੇਸ਼ਖਲੀ ਵਿਚ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਕਥਿਤ ਸਟਿੰਗ ਵੀਡੀਓ ਦੀ ਜਾਂਚ ਸੀਬੀਆਈ ਨੂੰ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਸੀ। ਪੱਛਮੀ ਬੰਗਾਲ ਸਰਕਾਰ ਵੱਲੋਂ ਪੇਸ਼ ਹੋਏ ਐਡਵੋਕੇਟ ਜਨਰਲ ਕਿਸ਼ੋਰ ਦੱਤਾ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜਸਟਿਸ ਜੈ ਸੇਨਗੁਪਤਾ ਨੂੰ ਦੱਸਿਆ ਕਿ ਇੱਕ ਔਰਤ ਵੱਲੋਂ ਸੁਪਰੀਮ ਕੋਰਟ ਵਿੱਚ ਇਸ ਸਬੰਧ ਵਿਚ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ। ਇਸ ਤੋਂ ਬਾਅਦ ਜਸਟਿਸ ਸੇਨਗੁਪਤਾ ਨੇ ਨਿਰਦੇਸ਼ ਦਿੱਤਾ ਕਿ ਸੰਦੇਸ਼ਖਲੀ ਵਿੱਚ ਜਿਨਸੀ ਸੋਸ਼ਣ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਮੁੜ ਕੀਤੀ ਜਾਵੇਗੀ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਹਾਲ ਹੀ ਵਿੱਚ ਕੋਇਲ ਵਰਗੇ ਵਿਅਕਤੀ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ ਵਿਚ ਦੱਸਿਆ ਗਿਆ ਹੈ ਕਿ ਜਿਨਸੀ ਸੋਸ਼ਣ ਮਿੱਥ ਕੇ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਦਰਿਆਈ ਇਲਾਕੇ ਸੰਦੇਸ਼ਖਲੀ ਨਾਲ ਸਬੰਧਤ ਭਾਜਪਾ ਆਗੂ ਨੇ ਪਟੀਸ਼ਨ ਵਿਚ ਦਾਅਵਾ ਕੀਤਾ ਕਿ ਤਕਨਾਲੋਜੀ ਦੀ ਮਦਦ ਨਾਲ ਤਿਆਰ ਉਨ੍ਹਾਂ ਦੀ ਆਵਾਜ਼ ਦੀ ਨਕਲ ਵਾਲੀ ਵੀਡੀਓਜ਼ ਸਰਕੁਲੇਟ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ। -ਪੀਟੀਆਈ

LEAVE A REPLY

Please enter your comment!
Please enter your name here