ਹਰਿਆਣਾ ਦੇ ਕਿਸਾਨ ਫਸਲ ਵੇਚਣ ਤੋਂ ਰੋਕੇ

0


ਭੁਪਿੰਦਰ ਪੰਨੀਵਾਲੀਆ

ਕਾਲਾਂਵਾਲੀ, 8 ਅਕਤੂਬਰ

ਖੇਤਰ ਦੇ ਪਿੰਡ ਰੋੜੀ ਵਿੱਚ ਹਰਿਆਣਾ ਦੇ ਕਿਸਾਨਾਂ ਨੇ ਅੱਜ ਉਸ ਸਮੇਂ ਰੋੜੀ-ਸਰਦੂਲੇਵਾਲਾ ਮੁੱਖ ਮਾਰਗ ’ਤੇ ਜਾਮ ਲਗਾ ਦਿੱਤਾ ਜਦੋਂ ਉਨ੍ਹਾਂ ਦੀਆਂ ਝੋਨੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਨੂੰ ਪੰਜਾਬ ਦੀ ਮੰਡੀ ਸਰਦੂਲਗੜ੍ਹ ਜਾਣ ਤੋਂ ਹੱਦ ’ਤੇ ਲਾਏ ਨਾਕੇ ’ਤੇ ਤੈਨਾਤ ਪੰਜਾਬ ਪੁਲੀਸ ਵੱਲੋਂ ਰੋਕ ਦਿੱਤਾ ਗਿਆ। ਪਰ ਬਾਅਦ ਵਿੱਚ ਸੀਨੀਅਰ ਅਧਿਕਾਰੀਆਂ ਵੱਲੋਂ ਦੁਬਾਰਾ ਅਜਿਹਾ ਨਾ ਕਰਨ ਦਾ ਭਰੋਸਾ ਦਿੱਤੇ ਜਾਣ ’ਤੇ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਿਕੰਦਰ ਸਿੰਘ ਰੋੜੀ, ਮੇਜਰ ਸਿੰਘ, ਭਿੰਦਰ ਸਿੰਘ ਅਕਾਲੀ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਭਾਊ, ਬੱਗਾ ਸਿੰਘ, ਤਰਸੇਮ ਸਿੰਘ ਅਤੇ ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਹੱਦ ਨਾਲ ਲੱਗਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਰੋੜੀ, ਸੂਰਤੀਆ, ਰੋਹਣ, ਮਲੜੀ, ਮੱਤੜ ਤੇ ਲਹਿੰਗੇਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਨੂੰ ਅਨਾਜ ਵੇਚਣ ਲਈ ਸਿਰਸਾ ਅਤੇ ਕਾਲਾਂਵਾਲੀ ਮੰਡੀ ਕਾਫ਼ੀ ਦੂਰ ਪੈਂਦੀਆਂ ਹਨ ਜਿਸ ਕਰਕੇ ਲੰਬੇ ਸਮੇਂ ਤੋਂ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਆੜ੍ਹਤ ਸਰਦੂਲਗੜ੍ਹ ਵਿੱਚ ਹੈ। ਉਹ ਆਪਣੀਆਂ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਸਰਦੂਲਗੜ੍ਹ ਹੀ ਵੇਚਦੇ ਹਨ। ਇਸ ਤੋਂ ਪਹਿਲਾਂ ਕਦੇ ਵੀ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਇੱਧਰ-ਉੱਧਰ ਆਪਣੀਆਂ ਫਸਲਾਂ ਨੂੰ ਵੇਚਣ ਤੋਂ ਨਹੀਂ ਰੋਕਿਆ ਗਿਆ ਸੀ ਪਰ ਪਿਛਲੇ ਸਾਲ ਤੋਂ ਕਿਸਾਨਾਂ ਨੂੰ ਪਹਿਲਾਂ ਕਣਕ ਦੀ ਫਸਲ ਵੇਚਣ ਲਈ ਸਰਦੂਲਗੜ੍ਹ ਜਾਣ ਤੋਂ ਪੰਜਾਬ ਵੱਲੋਂ ਰੋਕ ਦਿੱਤਾ ਗਿਆ ਸੀ ਤੇ ਹੁਣ ਦੁਬਾਰਾ ਕਿਸਾਨਾਂ ਨੂੰ ਝੋਨੇ ਦੀ ਫਸਲ ਵੇਚਣ ਲਈ ਸਰਦੂਲਗੜ੍ਹ ਜਾਣ ਤੋਂ ਪੰਜਾਬ ਦੀ ਹੱਦ ’ਤੇ ਲੱਗੇ ਨਾਕੇ ਉੱਤੇ ਤੈਨਾਤ ਪੰਜਾਬ ਪੁਲੀਸ ਦੇ ਕਰਮਚਾਰੀਆਂ ਨੇ ਰੋਕਿਆ। ਇਸ ਤੋਂ ਰੋਹ ’ਚ ਆਏ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਨੂੰ ਸੜਕ ’ਤੇ ਵਿਚਕਾਰ ਖੜ੍ਹੇ ਕਰਕੇ ਕਰੀਬ ਡੇਢ ਘੰਟੇ ਤੱਕ ਜਾਮ ਲਗਾ ਦਿੱਤਾ ਜਿਸ ਨਾਲ ਦੋਵੇਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ।

ਇਸ ਜਾਮ ਦੀ ਸੂਚਨਾ ਮਿਲਣ ’ਤੇ ਆੜ੍ਹਤੀ ਐਸੋਸੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਸਾਹਿਲ ਚੌਧਰੀ, ਮਾਰਕੀਟ ਕਮੇਟੀ ਸਰਦੂਲਗੜ੍ਹ ਦੇ ਸਕੱਤਰ ਜਗਤਾਰ ਸਿੰਘ, ਐੱਸਐੱਚਓ ਸਰਦੂਲਗੜ੍ਹ ਸੰਦੀਪ ਭਾਟੀ ਮੌਕੇ ਉੱਤੇ ਪੁੱਜੇ। ਸੂਚਨਾ ਮਿਲਣ ’ਤੇ ਕਿਸਾਨ ਜਥੇਬੰਦੀਆਂ ਵੀ ਮੌਕੇ ’ਤੇ ਪਹੁੰਚ ਗਈਆਂ। ਕਿਸਾਨਾਂ ਨੇ ਉਨ੍ਹਾਂ ਨੂੰ ਸਰਦੂਲਗੜ੍ਹ ਜਾਣ ਤੋਂ ਨਾ ਰੋਕਣ ਦੀ ਮੰਗ ਕੀਤੀ। ਪੰਜਾਬ ਪ੍ਰਸ਼ਾਸਨ ਨੂੰ ਰੋੜੀ ਦੇ ਕਿਸਾਨਾਂ ਦੀ ਗੱਲ ਮੰਨਣੀ ਪਈ ਅਤੇ ਉਨ੍ਹਾਂ ਨੂੰ ਸਰਦੂਲਗੜ੍ਹ ਜਾਣ ਤੋਂ ਨਾ ਰੋਕਣ ਦਾ ਭਰੋਸਾ ਦਿੱਤਾ। ਬਾਅਦ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਇਸ ਮਸਲੇ ਬਾਰੇ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਭਲਕ ਤੱਕ ਪੱਕਾ ਹੱਲ ਕਰਨ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ।


Leave a Reply