ਟ੍ਰਿਬਿਊਨ ਨਿਊਜ਼ ਸਰਵਿਸ

ਕੋਟਕਪੂਰਾ, 20 ਜੁਲਾਈ

ਪਿਛਲੇ ਪੰਜ ਮਹੀਨੇ ਤੋਂ ਲਟਕਦੀ ਆ ਰਹੀ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਚੋਣ ਆਖਰ ਅੱਜ ਸਿਰੇ ਚੜ੍ਹ ਗਈ। ਹਾਈ ਕੋਰਟ ਦੇ ਨਿਰਦੇਸ਼ ’ਤੇ ਕੌਂਸਲ ਦੇ ਹਾਊਸ ਨੇ ਅਜ਼ਰਬਰ ਡਾ. ਨਿਰਮਲ (ਐੱਸਡੀਐੱਮ ਕੋਟਕਪੂਰਾ) ਦੀ ਨਿਗਰਾਨੀ ਹੇਠ ਭੁਪਿੰਦਰ ਸਿੰਘ ਸੱਗੂ ਨੂੰ 20 ਵੋਟਾਂ ਨਾਲ ਪ੍ਰਧਾਨ ਚੁਣ ਲਿਆ। ਹਾਲਾਂਕਿ ਚੋਣ ਤੋਂ ਪਹਿਲਾਂ ਤਿੰਨ ਕੌਂਸਲਰ ਡਾ. ਮਹਾਂਵੀਰ ਸਿੰਘ, ਪਰਮਜੀਤ ਕੌਰ ਅਤੇ ਸ਼ਮਸ਼ੇਰ ਸਿੰਘ ਨੇ ਇਸ ਚੋਣ ਦਾ ਵਿਰੋਧ ਕੀਤਾ ਅਤੇ ਉਹ ਬਾਈਕਾਟ ਕਰਕੇ ਹਾਊਸ ’ਚੋਂ ਬਾਹਰ ਆ ਗਏ। ਉਨ੍ਹਾਂ ਚੋਣ ਵਿੱਚ ਧਾਂਦਲੀ ਹੋਣ ਦੇ ਦੋਸ਼ ਲਾਏ ਪ੍ਰੰਤੂ ਪੁਲੀਸ ਵੱਲੋਂ ਸਮਝਾਉਣ ’ਤੇ ਉਹ ਮੁੜ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹੋਏ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਆਪਸੀ ਵਿਵਾਦ ਕਾਰਨ ਨਵੇਂ ਪ੍ਰਧਾਨ ਦੀ ਚੋਣ ਕਰ ਲਈ ਗਈ। ਚੋਣ ਪ੍ਰਕਿਰਿਆ ਦੌਰਾਨ ਫ਼ਰੀਦਕੋਟ ਤੋਂ ਵਿਧਾਇਕ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਵੀ ਪਹੁੰਚੇ। ਸੀਨੀਅਰ ਵਾਈਸ ਪ੍ਰਧਾਨ ਸਵਤੰਤਰ ਕੁਮਾਰ ਜੋਸ਼ੀ ਨੇ ਉਨ੍ਹਾਂ ਦੇ ਚੋਣ ਪ੍ਰਕਿਰਿਆ ਵਿੱਚ ਆਉਣ ’ਤੇ ਇਤਰਾਜ਼ ਜਤਾਇਆ। ਧਾਰਾ 144 ਲਾਗੂ ਹੋਣ ਦੇ ਬਾਵਜੂਦ ਚੋਣ ਕੇਂਦਰ ਦੇ ਆਲੇ-ਦੁਆਲੇ ਵੱਡੀ ਗਿਣਤੀ ਲੋਕ ਇਕੱਠੇ ਵੇਖੇ ਗਏ। ਕਾਂਗਰਸੀ ਨੱਚਦੇ ਵਿਖਾਈ ਦਿੱਤੇ ਤੇ ਪਟਾਕੇ ਚਲਾਏ ਗਏ। ਕਾਂਗਰਸੀਆਂ ਨੇ ਨਗਰ ਕੌਂਸਲ ਦਫ਼ਤਰ ਤੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਯਾਤਰਾ ਕੱਢੀ। ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਪੁਰਾਣੇ ਪਾਰਟੀ ਵਰਕਰ ਨੂੰ ਵਧਾਈ ਦੇਣ ਪਹੁੰਚੇ ਹਨ। ਐੱਸਪੀ ਬਾਲ ਕਿਸ਼ਨ ਸਿੰਗਲਾ ਨੇ ਦੱਸਿਆ ਕਿ ਚੋਣ ਦੌਰਾਨ ਹਾਈ ਕੋਰਟ ਦੇ ਨਿਰਦੇਸ਼ਾਂ ਦਾ ਧਿਆਨ ਰੱਖਿਆ ਤੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪ੍ਰਧਾਨ ਭੁਪਿੰਦਰ ਸੱਗੂ ਨੇ ਆਖਿਆ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।

LEAVE A REPLY

Please enter your comment!
Please enter your name here