ਪ੍ਰਿੰ. ਸਰਵਣ ਸਿੰਘ

ਕਿਰਪਾਲ ਸਿੰਘ ਪੰਨੂੰ ਦੀ ਕਥਾ ਬੜੀ ਨਿਵੇਕਲੀ ਅਤੇ ਨਿਰਾਲੀ ਹੈ ਰਿਟਾਇਰ ਹੋਣ ਵੇਲੇ ਉਹ ਬਾਰਡਰ ਸਕਿਉਰਿਟੀ ਫੋਰਸ ਦਾ ਕਮਾਂਡੈਂਟ ਸੀ। ਹੱਥ ਵਿਚ ਕਾਰਬਾਈਨ ਤੇ ਮੋਢਿਆਂ ’ਤੇ ਸਟਾਰ। ਉਹ ਖਿੱਦੋ ਖੂੰਡੀ ਤੋਂ ਹਾਕੀ, ਹਾਕੀ ਤੋਂ ਕਾਰਬਾਈਨ ਤੇ ਕਾਰਬਾਈਨ ਤੋਂ ਕੰਪਿਊਟਰ ਵੱਲ ਆਇਆ। ਉਸ ਨੇ ਖੇਡਾਂ ਖਿਡਾਰੀਆਂ ਤੇ ਕੰਪਿਊਟਰ ਬਾਰੇ ਕਲਮ ਵਾਹੀ ਅਤੇ ਖੇਡ ਸਾਹਿਤ ਵਿਚ ਯੋਗਦਾਨ ਪਾਇਆ। ਉਸ ਦੀਆਂ ਲਿਖਤਾਂ ਅਖ਼ਬਾਰਾਂ ’ਚ ਛਪਦੀਆਂ ਰਹੀਆਂ ਅਤੇ ਪੁਸਤਕ ਵੀ ਛਪਵਾਈ ‘ਆਓ ਕੰਪਿਊਟਰ ਸਿੱਖੀਏ’। ਉਹਨੇ ਕੈਨੇਡਾ ’ਚ ਕੰਪਿਊਟਰ ਦੇ ਪੰਜਾਬੀਕਰਨ ਦਾ ਲੰਗਰ ਲਾਇਆ ਹੋਇਆ ਹੈ।

ਕਿਰਪਾਲ ਸਿੰਘ ਪੰਨੂੰ ਦਾ ਜੀਵਨ ਸਫ਼ਰ ਹਾਕੀ ਤੋਂ ਕੰਪਿਊਟਰ ਤਕ ਦਾ ਹੈ। ਉਹ ਹਾਕੀ ਦਾ ਵੈਟਰਨ ਖਿਡਾਰੀ ਹੋਣ ਨਾਲ ਪੰਜਾਬੀ ਕੰਪਿਊਟਰ ਦਾ ਵੀ ਧਨੰਤਰ ਹੈ। 1956-66 ਦੌਰਾਨ ਉਹ ਓਲੰਪੀਅਨ ਬਲਬੀਰ ਸਿੰਘ, ਊਧਮ ਸਿੰਘ, ਗੁਰਦੇਵ ਸਿੰਘ ਤੇ ਪ੍ਰਿਥੀਪਾਲ ਸਿੰਘ ਹੋਰਾਂ ਨਾਲ ਪੁਲੀਸ ਵਿਚ ਹਾਕੀ ਖੇਡਿਆ। 1990 ਤੋਂ ਉਹ ਕੰਪਿਊਟਰ ਦਾ ਪੰਜਾਬੀਕਰਨ ਕਰ ਰਿਹੈ ਪਰ ਉਸ ਦੀ ਕੰਪਿਊਟਰੀ ਪ੍ਰਤਿਭਾ ਤੇ ਘਾਲਣਾ ਨੂੰ ਪੰਜਾਬੀ ਸੰਸਥਾਵਾਂ ਨੇ ਗੌਲਿਆ ਨਹੀਂ; ਐਨ ਉਵੇਂ ਜਿਵੇਂ ਵਣਜਾਰਾ ਬੇਦੀ ਪੰਜਾਬੀ ਲੋਕ ਧਾਰਾ ਦੇ ਪਹਾੜ ਨਾਲ ਮੱਥਾ ਮਾਰਦਾ ਰਿਹਾ ਪਰ ਕਿਸੇ ਪੰਜਾਬੀ ਸੰਸਥਾ ਨੇ ਉਸ ਵੱਲ ਧਿਆਨ ਨਾ ਦਿੱਤਾ। ਉਹਦੇ ਕੂਚ ਕਰ ਜਾਣ ਬਾਅਦ ਉਹਦਾ ਕੀਤਾ ਕੰਮ ਦੇਖ ਕੇ ਖੋਜੀ ਵਿਦਵਾਨ ਦੰਗ ਹਨ। ਜੇ ਖੋਜ ਸੰਸਥਾਵਾਂ ਉਸ ਨੂੰ ਜਿਊਂਦੇ ਜੀਅ ਸਹਿਯੋਗ ਦਿੰਦੀਆਂ ਤਾਂ ਲੋਕ ਧਾਰਾ ਦੇ ਉਸ ਫਰਿਹਾਦ ਤੋਂ ਕਿਤੇ ਵੱਧ ਕੰਮ ਕਰਵਾ ਲੈਂਦੀਆਂ।

ਪੰਨੂੰ ਨੇ ਕੈਨੇਡਾ ਵਿਚ ਕੰਪਿਊਟਰ ਦੇ ਪੰਜਾਬੀਕਰਨ ਦਾ ਲੰਗਰ ਲਾਇਆ ਹੋਇਆ ਹੈ। ਉਸ ਨੂੰ ਕੰਪਿਊਟਰ ਦਾ ਭਾਈ ਘਨੱਈਆ ਕਿਹਾ ਜਾਂਦਾ ਹੈ। ਰਿਟਾਇਰ ਹੋਣ ਵੇਲੇ ਉਹ ਬਾਰਡਰ ਸਕਿਉਰਿਟੀ ਫੋਰਸ ਦਾ ਕਮਾਂਡੈਂਟ ਸੀ। ਹੱਥ ਵਿਚ ਕਾਰਬਾਈਨ ਤੇ ਮੋਢਿਆਂ ’ਤੇ ਸਟਾਰ। ਉਹ ਖਿੱਦੋ ਖੂੰਡੀ ਤੋਂ ਹਾਕੀ, ਹਾਕੀ ਤੋਂ ਕਾਰਬਾਈਨ ਤੇ ਕਾਰਬਾਈਨ ਤੋਂ ਕੰਪਿਊਟਰ ਵੱਲ ਆਇਆ। ਉਸ ਨੇ ਖੇਡਾਂ ਖਿਡਾਰੀਆਂ ਤੇ ਕੰਪਿਊਟਰ ਬਾਰੇ ਕਲਮ ਵਾਹੀ ਤੇ ਖੇਡ ਸਾਹਿਤ ਵਿਚ ਯੋਗਦਾਨ ਪਾਇਆ। ਉਸ ਦੀਆਂ ਲਿਖਤਾਂ ਅਖ਼ਬਾਰਾਂ ਵਿਚ ਛਪਦੀਆਂ ਰਹੀਆਂ ਅਤੇ ਪੁਸਤਕ ਵੀ ਛਪਵਾਈ ‘ਆਓ ਕੰਪਿਊਟਰ ਸਿੱਖੀਏ’।

ਉਸ ਦਾ ਜਨਮ 25 ਮਾਰਚ 1936 ਨੂੰ ਰਾੜਾ ਸਾਹਿਬ ਨੇੜੇ ਪਿੰਡ ਕਟਾਹਰੀ ਵਿਚ ਪਿਤਾ ਪ੍ਰੇਮ ਸਿੰਘ ਅਤੇ ਮਾਤਾ ਰਤਨ ਕੌਰ ਦੇ ਘਰ ਹੋਇਆ। ਉਹ ਪੜ੍ਹਾਈ ਵਿਚ ਹੁਸ਼ਿਆਰ ਸੀ ਤੇ ਹਾਕੀ ਦਾ ਤਕੜਾ ਖਿਡਾਰੀ ਸੀ। ਗਿਆਨੀ ਕਰ ਕੇ ਬੀਏ ਕਰਨ ਨਾਲ ਗੁਰਮੁਖੀ, ਸ਼ਾਹਮੁਖੀ ਤੇ ਰੋਮਨ ਲਿਪੀਆਂ ਦਾ ਪੂਰਾ ਜਾਣੂ ਹੋ ਗਿਆ ਜੋ ਕੰਪਿਊਟਰ ਦੇ ਪੰਜਾਬੀਕਰਨ ਵਿਚ ਕੰਮ ਆਈਆਂ। ਬੀਐੱਸਐੱਫ ਵਿਚੋਂ ਅਗਾਊਂ ਰਿਟਾਇਰਮੈਂਟ ਲੈ ਕੇ 1988 ਵਿਚ ਉਹ ਕੈਨੇਡਾ ਪੁੱਜਾ। ਉਹਦੇ ਬੱਚਿਆਂ ਨੇ ਕੰਪਿਊਟਰ ਦੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੋਈ ਸੀ ਜਿਸ ਕਰਕੇ ਘਰ ਵਿਚ ਕੰਪਿਊਟਰ ਪਏ ਸਨ। ਘਰੋਂ ਹੀ ਉਸ ਨੂੰ ਕੰਪਿਊਟਰ ਸਿੱਖਣ ਦੀ ਜਾਗ ਲੱਗੀ। ਫਿਰ ਉਸ ਨੇ ਆਪਣੀ ਸਾਰੀ ਵਿਹਲ ਅਤੇ ਪ੍ਰਤਿਭਾ ਕੰਪਿਊਟਰ ਦੀ ਕਾਰੀਗਰੀ ਕਰਨ ਵਿਚ ਝੋਕ ਦਿੱਤੀ। ਕਿਸੇ ਦਾ ਕੰਪਿਊਟਰ ਬਿਮਾਰ ਹੋ ਜਾਵੇ ਤਾਂ ਉਹ ਵੈਦ ਬਣ ਕੇ ਬਹੁੜਦਾ ਹੈ। ਕਿਸੇ ਨੇ ਕੰਪਿਊਟਰ ਦੀ ਜਾਚ ਸਿੱਖਣੀ ਹੋਵੇ ਤਾਂ ਉਹ ਹਰ ਵੇਲੇ ਹਾਜ਼ਰ ਹੁੰਦਾ ਹੈ। ਉਸ ਤੋਂ ਕੰਪਿਊਟਰ ਸਿੱਖੇ ਸ਼ਗਿਰਦਾਂ ਦੀ ਗਿਣਤੀ ਵੀਹਾਂ ‘ਚ ਨਹੀਂ, ਸੈਂਕੜਿਆਂ ਵਿਚ ਹੈ ਜਿਨ੍ਹਾਂ ‘ਚ ਮੈਂ ਵੀ ਹਾਂ।

2011 ਵਿਚ ਮੈਂ ਪੰਨੂੰ ਬਾਰੇ ਪੁਸਤਕ ਸੰਪਾਦਿਤ ਕੀਤੀ ਸੀ ਜਿਸ ਦਾ ਨਾਂ ਪਹਿਲਾਂ ‘ਕੰਪਿਊਟਰ ਦਾ ਧੰਨਾ ਜੱਟ’ ਸੋਚਿਆ, ਫਿਰ ‘ਕੰਪਿਊਟਰ ਦਾ ਧਨੰਤਰ’ ਰੱਖਿਆ। ਉਸ ਵਿਚ ਪੰਜਾਹ ਕੁ ਲੇਖਕਾਂ ਨੇ ਆਪਣੀਆਂ ਲਿਖਤਾਂ ਨਾਲ ਯੋਗਦਾਨ ਪਾਇਆ ਜਿਨ੍ਹਾਂ ਦਾ ਮੁੱਢ ਵਰਿਆਮ ਸਿੰਘ ਸੰਧੂ ਨੇ ਨਾਟਕੀ ਢੰਗ ਨਾਲ ਬੱਧਾ:

ਦਰਿਆ ਦਿਲ ਪੰਨੂੰ

ਸਾਲ 1978, ਮੈਂ ਆਪਣੇ ਪਿੰਡ ਸੁਰ ਸਿੰਘ ਦੇ ਹਾਈ ਸਕੂਲ ਵਿਚ ਆਪਣੀ ਜਮਾਤ ਦਾ ਪੀਰਡ ਲਾ ਕੇ ਦਫ਼ਤਰ ਵਿਚ ਬੈਠਾ ਹੀ ਸਾਂ ਕਿ ਸਕੂਲ ਦੇ ਗੇਟ ਅੱਗੇ ਜੀਪ ਰੁਕੀ। ਉਸ ਵਿਚੋਂ ਖ਼ਾਕੀ ਵਰਦੀ ਵਾਲਾ ਅਫ਼ਸਰ, ਅੱਗੇ ਨੂੰ ਥੋੜ੍ਹੇ ਕੁ ਮੋਢੇ ਝੁਕਾ ਕੇ ਤੁਰਦਾ ਹੋਇਆ ਇੰਜ ਲੱਗਾ ਜਿਵੇਂ ਮੋਢਿਆਂ ‘ਤੇ ਲਿਸ਼ਕਦੇ ਸਟਾਰ ਵਿਖਾਉਣ ਲਈ ਉਚੇਚ ਕਰ ਰਿਹਾ ਹੋਵੇ। ਉਹਦੇ ਪਿੱਛੇ ਪਿੱਛੇ ਉਹਦਾ ਸਹਾਇਕ। ਉਹ ਦਫ਼ਤਰ ਵਿਚ ਆ ਵੜੇ। ਮੈਂ ਸੋਚਿਆ, “ਲੈ ਪੈ ਗਿਆ ਫੇਰ ਕੋਈ ਹੋਰ ਸਿਆਪਾ!”

ਅਫ਼ਸਰ ਨੇ ਪੁੱਛਦੀਆਂ ਨਜ਼ਰਾਂ ਨਾਲ ਸਾਹਮਣੀ ਕੁਰਸੀ ‘ਤੇ ਬੈਠੇ ਮੁੱਖ ਅਧਿਆਪਕ ਨੂੰ ਪੁੱਛਿਆ, “ਵਰਿਆਮ ਸਿੰਘ ਸੰਧੂ?”

ਮੁੱਖ ਅਧਿਆਪਕ ਨੂੰ ਮੇਰੇ ਵਾਲਾ ਫ਼ੁਰਨਾ ਹੀ ਫੁਰਿਆ ਹੋਣਾ ਏਂ। ਮੁਸਕਰਾ ਕੇ ਬੜੇ ਅਦਬ ਨਾਲ ਕਹਿੰਦਾ, “ਸਾਹਿਬ ਬਹਾਦਰ! ਤੁਸੀਂ ਬੈਠੋ ਤਾਂ ਸਹੀ ਕੁਰਸੀ ਲੈ ਕੇ। ਸੰਧੂ ਸਾਬ੍ਹ ਏਥੇ ਈ ਨੇ। ਆਹ ਵੇਖੋ। ਲਿਆ ਬਈ ਬੁੱਢਾ ਸਿਅ੍ਹਾਂ! ਪਾਣੀ ਦਾ ਗਿਲਾਸ ਸਰਦਾਰ ਸਾਬ੍ਹ ਲਈ।”

ਪਰ ‘ਸਾਹਿਬ ਬਹਾਦਰ’ ਕੁਰਸੀ ‘ਤੇ ਨਹੀਂ ਬੈਠਾ। ਮੇਰੀ ਕੁਰਸੀ ਵੱਲ ਵਧਿਆ। ਬੜੇ ਤਪਾਕ ਨਾਲ ਮੇਰੇ ਨਾਲ ਹੱਥ ਮਿਲਾਇਆ। ਉਸਦੇ ਮਿਲਣ ਵਿਚਲੀ ਗਰਮਜੋਸ਼ੀ ਨੇ ਮੇਰਾ ਸਾਹ ਸੌਖਾ ਜਿਹਾ ਕਰ ਦਿੱਤਾ। ਮੈਂ ਹੈਰਾਨ ਵੀ ਹੋਇਆ। ਪੁਲੀਸ ਵਿਚ ‘ਏਡਾ ਮੇਰਾ ਕਿਹੜਾ ਦਰਦੀ!’

ਹੁਣ ਤੁਸੀਂ ਅੰਦਰੇ ਅੰਦਰ ਹੱਸਦੇ ਹੋਵੋਗੇ ਕਿ ਏਡਾ ਨਾਟਕੀ ਦ੍ਰਿਸ਼ ਸਿਰਜਣ ਦੀ ਭਲਾ ਕੀ ਲੋੜ ਸੀ! ਸਾਰੇ ਜਾਣਦੇ ਨੇ ਉਹ ‘ਸਾਹਿਬ ਬਹਾਦਰ’ ਆਪਣਾ ਕਿਰਪਾਲ ਸਿੰਘ ਪੰਨੂੰ ਹੀ ਸੀ।

ਮੈਂ ਕਦੋਂ ਮੁੱਕਰਦਾਂ। ਹੈ ਤਾਂ ਕਿਰਪਾਲ ਸਿੰਘ ਪੰਨੂੰ ਹੀ ਸੀ ਪਰ ਇੱਕ ਵਾਰ ਤਾਂ ਜਨਾਬ ਨੇ ਮੇਰਾ ਤ੍ਰਾਹ ਹੀ ਕੱਢ ਦਿੱਤਾ ਸੀ। ਅੱਜ ਤੱਕ ਪੁਲੀਸ ਮੈਨੂੰ ‘ਲੈਣ’ ਈ ਆਉਂਦੀ ਰਹੀ ਸੀ, ‘ਮਿਲਣ’ ਕਦੀ ਨਹੀਂ ਸੀ ਆਈ ਤੇ ਉਹ ਵੀ ਏਨੇ ਮੁਹੱਬਤੀ ਤੇ ਮਿਲਾਪੜੇ ਅੰਦਾਜ਼ ਵਿਚ! ਉਹਨੀਂ ਦਿਨੀਂ ਸਰਕਾਰ ਦਾ ਕੁਝ ਵਧੇਰੇ ਹੀ ‘ਚਹੇਤਾ’ ਹੋਣ ਕਰਕੇ ਪੁਲੀਸ ਦੇ ‘ਆਉਣ’ ਤੇ ਮੈਨੂੰ ‘ਲੈ ਜਾਣ’ ਦਾ ਮਾਣ ਅਕਸਰ ਹੀ ਮਿਲਦਾ ਰਹਿੰਦਾ ਸੀ। ਹੁਣ ਵੀ ਮੈਂ ਉਹਨਾਂ ਨੂੰ ਵੇਖ ਕੇ ਇਹੋ ਹੀ ਲੱਖਣ ਲਾਇਆ ਸੀ ਕਿ ‘ਲਾਲ ਪਗੜੀਆਂ ਵਾਲੇ ਆਲੋਚਕ’ ਮੇਰੇ ‘ਕੀਤੇ ਕੰਮਾਂ ਤੇ ਲਿਖਤਾਂ ਦੀ ਦਾਦ ਦੇਣ ਮੁੜ ਤੋਂ ਆਣ ਧਮਕੇ ਹਨ।’

ਕੁਰਸੀ ਉੱਤੇ ਬੈਠ ਕੇ ਪੰਨੂੰ ਮੇਰਾ ਵੱਜ ਬਣਾ ਰਿਹਾ ਸੀ। ਪਿਛਲੇ ਦਿਨੀਂ ਉਹ ਅੰਮ੍ਰਿਤਸਰ ਦੇ ਬੱਸ ਅੱਡੇ ‘ਤੇ ਕਿਤਾਬਾਂ ਰਿਸਾਲੇ ਵੇਖ ਰਿਹਾ ਸੀ ਤੇ ਕੁਝ ਵਿਸ਼ੇਸ਼ ਸਾਹਿਤਕਾਰਾਂ ਦੀਆਂ ਨਵੀਆਂ ਛਪੀਆਂ ਕਿਤਾਬਾਂ ਬਾਰੇ ਪੁੱਛ ਰਿਹਾ ਸੀ ਕਿ ਸਟਾਲ ‘ਤੇ ਖਲੋਤੇ ਮੇਰੇ ਕਿਸੇ ਜਾਣੂ ਪਾਠਕ ਨੇ ਪੁੱਛਿਆ, “ਤੁਸੀਂ ਸਾਡੇ ਇਲਾਕੇ ਦੇ ਲੇਖਕ ਵਰਿਆਮ ਸਿੰਘ ਸੰਧੂ ਨੂੰ ਪੜ੍ਹਿਆ ਏ?” ਤੇ ਫਿਰ ਮੇਰੀਆਂ ਗੱਲਾਂ ਚੱਲ ਪਈਆਂ। ਪੰਨੂੰ ਨੇ ਉਸ ਤੋਂ ਮੇਰੇ ਪਿੰਡ ਤੇ ਥਾਂ-ਟਿਕਾਣੇ ਬਾਰੇ ਪੁੱਛਿਆ। ਮੈਂ ਤਾਂ ਉਸਦੀ ਪਹੁੰਚ ਵਿਚ ਹੀ ਸਾਂ। ਪੰਨੂੰ ਉਦੋਂ ਮੇਰੇ ਪਿੰਡ ਤੋਂ ਸਵਾ-ਡੇਢ ਮੀਲ ਦੀ ਵਿੱਥ ‘ਤੇ ਬਣੀ ਬੀਐੱਸਐਫ਼ ਦੀ ਛਾਉਣੀ ਵਿਖੇ ਤਾਇਨਾਤ ਸੀ। ਅਗਲੇ ਦਿਨ ਛਾਉਣੀਓਂ ਨਿਕਲਦਿਆਂ ਉਸ ਨੇ ਡਰਾਈਵਰ ਨੂੰ ਜੀਪ ਮੇਰੇ ਪਿੰਡ ਵੱਲ ਮੋੜਨ ਲਈ ਕਿਹਾ ਤੇ ਹੁਣ ਅਸੀਂ ਆਹਮੋ-ਸਾਹਮਣੇ ਸਾਂ।

ਉਥੋਂ ਉੱਠ ਕੇ ਅਸੀਂ ਘਰ ਚਲੇ ਗਏ। ਜਲ-ਪਾਣੀ ਪੀਤਾ, ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਜਾਣ ਲੱਗਾ ਉਹ ਮੇਰੇ ਰੋਕਦਿਆਂ ਰੋਕਦਿਆਂ ਤੇ ਕਹਿੰਦਿਆਂ ਕਹਿੰਦਿਆਂ ਕਿ ‘ਇਹ ਮੇਰੇ ਕੰਮ ਦੀ ਚੀਜ਼ ਨਹੀਂ, ਉਹ ਉਚੇਚੇ ਤੌਰ ‘ਤੇ ਮੇਰੇ ਲਈ ਲਿਆਂਦੀ ਰੰਮ ਦੀ ਬੋਤਲ ਰੱਖ ਗਿਆ ਤੇ ਮੇਰੇ ਕੋਲੋਂ ਕੁਝ ਕਿਤਾਬਾਂ ਦੇ ਨਾਲ ਨਾਲ ਮੇਰਾ ਦਿਲ ਵੀ ਆਪਣੇ ਨਾਲ ਲੈ ਗਿਆ। ਨਾ ਉਸ ਨੇ ਮੁੜ ਕੇ ਮੇਰੀਆਂ ਕਿਤਾਬਾਂ ਮੋੜੀਆਂ ਤੇ ਨਾ ਦਿਲ ਹੀ। ਉਸਦੇ ਮਿਲਣ ਆਉਣ ਨਾਲ ਮੇਰੀ ਚੰਗੀ ਭੱਲ ਬਣੀ। ਸਕੂਲ ਦੇ ਮਾਸਟਰ ਤੇ ਪਿੰਡ ਦੇ ਲੋਕ ਸਮਝਣ ਲੱਗੇ ਕਿ ‘ਮੈਂ ਵੀ ਕੁਝ ਹਾਂ’ ਜਿਹਨੂੰ ਏਡੇ ਏਡੇ ਅਫ਼ਸਰ ‘ਸਲਾਮ’ ਕਰਨ ਆਉਂਦੇ ਨੇ!

ਪਰ ਸਾਡੀਆਂ ਮਿਲਣੀਆਂ ਦਾ ਨਿੱਕਾ ਜਿਹਾ ਸਿਲਸਿਲਾ ਚੱਲ ਕੇ ਛੇਤੀ ਹੀ ਬੰਦ ਹੋ ਗਿਆ। ਫਿਰ ਲੰਮਾ ਅਰਸਾ ਉਸ ਵੱਲੋਂ ਕੋਈ ਸੁਖ-ਸੁਨੇਹਾ ਨਾ ਪੁੱਜਾ। ਇੱਕ ਦਿਨ ਇੱਕ ਬੰਦਾ ਆਇਆ। ਕਹਿਣ ਲੱਗਾ, “ਪੰਨੂੰ ਸਾਹਿਬ ਦੀ ਬਦਲੀ ਜੰਮੂ ਕਸ਼ਮੀਰ ਵੱਲ ਹੋ ਗਈ ਏ ਤੇ ਉਹਨਾਂ ਤੁਹਾਡੇ ਲਈ ਕੁਝ ਸਮਾਨ ਭੇਜਿਆ ਏ।”

ਇਹ ਜੂਸ ਦੀਆਂ ਬੋਤਲਾਂ ਸਨ ਤੇ ਨਾਲ ਅਖ਼ਰੋਟਾਂ ਦੀ ਪੋਟਲੀ। ਪੰਨੂੰ ਦੂਰ ਜਾ ਕੇ ਵੀ ਮੇਰੇ ਨੇੜੇ ਸੀ। ਪਹਿਲਾਂ ‘ਰੰਮ’ ਦੇ ਰੂਪ ਵਿਚ ਤੇ ਫਿਰ ‘ਜੂਸ’ ਦੇ ਰੂਪ ਵਿਚ…।

ਨਵਤੇਜ ਭਾਰਤੀ ਨੇ ਲਿਖਿਆ: ਮੈਂ ਕਿਰਪਾਲ ਸਿੰਘ ਪੰਨੂੰ ਨੂੰ ਜਿੰਨਾ ਕੁ ਜਾਣਦਾ ਹਾਂ, ਉਹ ਉਸ ਤੋਂ ਵੱਡਾ ਹੈ… ਜਿੰਨਾ ਕੁ ਜਾਣਦਾ ਹਾਂ, ਬਥੇਰਾ ਹੈ। ਕਿਰਪਾਲ ਵੀ ਆਪਣੇ ਆਪ ਨੂੰ ਜਣਾਉਂਦਾ ਨਹੀਂ।

ਕੰਪਿਊਟਰ ਮਾਹਿਰ ਡਾ. ਕੁਲਬੀਰ ਸਿੰਘ ਨੇ ਲਿਖਿਆ: 1999 ਵਿਚ ਉਹ ਪਹਿਲਾ ਵਿਅਕਤੀ ਸੀ ਜਿਸ ਨੇ ਸਫਲਤਾ ਨਾਲ ਗੁਰਮੁਖੀ ਤੋਂ ਸ਼ਾਹਮੁਖੀ ਅਤੇ ਸ਼ਾਹਮੁਖੀ ਤੋਂ ਗੁਰਮੁਖੀ ਦਾ ਪਰਿਵਰਤਨ ਤਿਆਰ ਕੀਤਾ। ਮੇਰੇ ਕਹਿਣ ਉੱਤੇ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿਚ ਕਨਵਰਟ ਕੀਤਾ ਜਿਸ ਨੂੰ ਸ੍ਰੀਗਰੰਥ ਡਾਟ ਆਰਗ ਉੱਤੇ ਦੇਖਿਆ ਜਾ ਸਕਦਾ ਹੈ।

ਡਾ. ਨਿਰਮਲ ਸਿੰਘ ਲਾਂਬੜਾ ਨੇ ਲਿਖਿਆ: ਪੰਨੂੰ ਨੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਆਦਿ ਮੁਲਕਾਂ ਵਿਚ ਵਸਦੇ ਹਮਵਤਨੀਆਂ ਨੂੰ ਤਾਂ ਪੰਜਾਬ ਨਾਲ ਜੋੜਨ ਦੀ ਕਾਮਯਾਬੀ ਹਾਸਲ ਕਰ ਲਈ ਪਰ ਲਾਹੌਰ, ਮੁਲਤਾਨ, ਰਾਵਲਪਿੰਡੀ ਅਜੇ ਵੀ ਸਾਥੋਂ ਹਜ਼ਾਰਾਂ ਕੋਹਾਂ ਦੂਰ ਜਾਪਦੇ ਸਨ। ਉਥੇ ਪੰਜਾਬੀ ਲਿਖਣ ਲਈ ‘ਸ਼ਾਹਮੁਖੀ’ ਲਿਪੀ ਵਰਤੀ ਜਾਂਦੀ ਹੈ। ਏਸ ਮੁੱਦੇ ਨੂੰ ਗੰਭੀਰਤਾ ਨਾਲ ਹੱਲ ਕਰਨ ਦੇ ਜਿਹੜੇ ਯਤਨ ਪੰਨੂੰ ਹੋਰਾਂ ਕੀਤੇ ਉਹ ਪੰਜਾਬੀਆਂ ਲਈ ਹੀ ਨਹੀਂ ਭਾਰਤ-ਪਾਕਿ ਦੇ ਆਮ ਲੋਕਾਂ ਲਈ ਵੀ ਬੇਹੱਦ ਲਾਹੇਵੰਦ ਸਾਬਤ ਹੋਏ।

ਗੁੱਜਰਾਂਵਾਲੇ ਦੇ ਜ਼ਾਹਿਦ ਇਕਬਾਲ ਨੇ ਫਰਮਾਇਆ: ਵਾਰਿਸ ਸ਼ਾਹ ਅੱਲਾ ਜਾਂ ਕਰਮ ਕਰਦਾ, ਹੁਕਮ ਹੁੰਦਾ ਏ ਨੇਕ ਸਤਾਰਿਆਂ ਨੂੰ। ਪੰਨੂੰ ਸਾਹਿਬ ਜਿਥੇ ਕੰਪਿਊਟਰ ਅਤੇ ਗੁਰਮੁਖੀ ਫੌਂਟਾਂ ਦੇ ਐਕਸਪਰਟ ਸਿਆਣੇ ਹਨ ਉਥੇ ਉਹ ਆਪਣੇ ਇਲਮ, ਗਿਆਨ, ਨਿੱਘੇ ਸੁਭਾਅ, ਦਰਵੇਸ਼ ਬਿਰਤੀ ਕਰਕੇ ਹਰ ਤਰ੍ਹਾਂ ਦੀਆਂ ਧਰਮੀ ਤੇ ਮੁਲਕੀ ਵੰਡਾਂ ਤੇ ਵਲਗਣਾਂ ਤੋਂਂ ਉਪਰ ਉੱਠ ਕੇ ਆਮ ਲੋਕਾਂ ਨਾਲ ਮੋਹ ਰੱਖਦੇ ਹਨ।

ਮੇਰਾ ਕੰਪਿਊਟਰ ਦੇ ਲੜ ਲੱਗਣਾ

ਪ੍ਰਿੰਸੀਪਲੀ ਤੋਂ ਰਿਟਾਇਰ ਹੋਣ ਪਿੱਛੋਂ ਮੈਨੂੰ ਕੰਪਿਊਟਰ ਦੇ ਲੜ ਲਾਉਣ ਵਾਲਾ ਕਿਰਪਾਲ ਸਿੰਘ ਪੰਨੂੰ ਹੀ ਸੀ। ਹਮੇਸ਼ਾਂ ਪੈੱਨ ਨਾਲ ਲਿਖਦਾ ਹੋਣ ਕਰਕੇ ਮੈਂ ਸਮਝਦਾ ਸਾਂ ਲਿਖਿਆ ਸਿਰਫ ਪੈੱਨ ਨਾਲ ਹੀ ਜਾ ਸਕਦੈ। 1960ਵਿਆਂ ‘ਚ ਜਸਵੰਤ ਸਿੰਘ ਕੰਵਲ ਕੋਲ ਢੁੱਡੀਕੇ ਆਏ ਬਲਰਾਜ ਸਾਹਨੀ ਦਾ ਖ਼ੁਦ ਆਪਣਾ ਸਫ਼ਰਨਾਮਾ ਸਿੱਧਾ ਟਾਈਪ ਕੀਤਾ ਸੁਣ ਕੇ ਮੈਂ ਹੈਰਾਨ ਹੋਇਆ ਸਾਂ ਕਿ ਲੇਖਕ ਆਪਣੀ ਰਚਨਾ ਸਿੱਧੀ ਹੀ ਟਾਈਪ ਕਿਵੇਂ ਕਰ ਲੈਂਦੇ ਨੇ? ਮੈਂ ਇਸ ਭੁਲੇਖੇ ਦਾ ਸ਼ਿਕਾਰ ਸਾਂ ਕਿ ਰਚਨਾ ਕਲਮ ਨਾਲ ਹੀ ਕਾਗਜ਼ ‘ਤੇ ਲਿਖੀ ਜਾ ਸਕਦੀ ਹੈ।

ਪਰ ਪੰਨੂੰ ਦੇ ਸੰਪਰਕ ਵਿਚ ਆਉਣ ਪਿੱਛੋਂ ਮੈਂ ਆਪਣੀਆਂ ਚੌਵੀ ਪੱਚੀ ਕਿਤਾਬਾਂ ਖ਼ੁਦ ਕੰਪੋਜ਼ ਕੀਤੀਆਂ। ਪਿਛਲੀ ਉਮਰ ‘ਚ ਮੈਨੂੰ ਕੰਪਿਊਟਰ ਦਾ ਬੜਾ ਸੁਖ ਹੋ ਗਿਆ ਹੈ ਤੇ ਮੇਰਾ ਰਿਟਾਇਰ ਹੋਣਾ ਸਕਾਰਥੇ ਲੱਗ ਗਿਆ ਹੈ। ਕੰਪਿਊਟਰ ਦੇ ਸਾਥ ਵਿਚ ਲੱਗਦਾ ਹੀ ਨਹੀਂ ਕਿ ਮੈਂ ਬੁੱਢਾ ਹੋ ਰਿਹਾਂ ਜਾਂ ਕੋਈ ਆਹਰ ਨਹੀਂ ਰਿਹਾ। ਇੰਟਰਨੈੱਟ ਰਾਹੀਂ ਮੇਰੇ ਲਈ ਕੁਲ ਦੁਨੀਆ ਨੂੰ ਵੇਖਣ ਦੀ ਬਾਰੀ ਖੁੱਲ੍ਹ ਗਈ ਹੈ। ਈਮੇਲ ਸਾਰੀ ਦੁਨੀਆ ਦਾ ਸਾਂਝਾ ਡਾਕਖਾਨਾ ਹੈ ਜਿਥੇ ਦੇਸ਼ ਵਿਦੇਸ਼ ਦੀ ਲਿਖਤ ਪੜ੍ਹਤ ਪਲਾਂ ਵਿਚ ਆਉਂਦੀ ਜਾਂਦੀ ਹੈ। 1999 ਤੋਂ ਪੰਨੂੰ ਨੇ ਨਿਸ਼ਕਾਮ ਸੇਵਾ ਵਜੋਂ ਕੰਪਿਊਟਰ ਸਿਖਾਉਣ ਦਾ ਸਦਾਵਰਤ ਲਾ ਰੱਖਿਆ ਹੈ ਜਿਸ ਦਾ ਅਨੇਕਾਂ ਲੋੜਵੰਦਾਂ ਨੇ ਲਾਹਾ ਲਿਆ ਹੈ।

ਪੰਨੂੰ ਕੰਪਿਊਟਰ ਦਾ ਐਸਾ ਆਸ਼ਕ ਹੈ ਜਿਸ ਨੂੰ ਕੰਪਿਊਟਰ ਦੇ ਪਹਾੜ ਦਾ ਫਰਿਹਾਦ ਕਿਹਾ ਜਾ ਸਕਦੈ ਪਰ ਉਹ ਆਪਣੇ ਤੇਸੇ ਨਾਲ ਹੀ ਪਹਾੜ ਕੱਟਣ ਡਿਹੈ। ਧੰਨ ਹੈ ਉਸ ਦੀ ਲਗਨ ਤੇ ਸਲਾਮ ਹੈ ਉਸ ਦੇ ਸਿਰੜ ਨੂੰ ਕਿ ‘ਕੱਲਾ ਹੀ ਰਾਹ ਬਣਾਈ ਜਾ ਰਿਹੈ। ਉਂਜ ਡਰ ਹੈ ਉਹ ਅਧਵਾਟੇ ਨਾ ਰਹਿ ਜਾਵੇ। ਇਸ ਲਈ ਲੋੜ ਹੈ ਉਸ ਨੂੰ ਸੰਭਾਲਣ ਦੀ ਤੇ ਉਸ ਤੋਂ ਹੋਰ ਵੀ ਯਾਦਗਾਰੀ ਕਾਰਜ ਕਰਵਾਉਣ ਦੀ। ਪੇਸ਼ ਹਨ ਪੰਨੂੰ ਦੀਆਂ ਖੇਡ ਲਿਖਤਾਂ:

ਪ੍ਰਿਥੀਪਾਲ ਨਾਲ ਹਾਕੀ ਖੇਡਦਿਆਂ

ਮੈਂ ਸਮਝਦਾ ਹਾਂ ਜੀਵਨ ਵਿਚ ਖੇਡਾਂ ਦਾ ਬੜਾ ਮਹੱਤਵ ਹੈ। ਮੇਰੇ ਜੀਵਨ ਵਿਚ ਖੇਡਾਂ ਖੁਸ਼ਬੂ ਬਣ ਕੇ ਘੁਲੀਆਂ ਹੋਈਆਂ ਹਨ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਜ ਵੀ ਰੂਹ ਸੁਗੰਧੀਆਂ ਨਾਲ ਭਰ ਜਾਂਦੀ ਹੈ। ਕਈ ਵਾਰ ਸੋਚਦਾਂ, ਕੁਦਰਤ ਨੇ ਭਾਵੇਂ ਮੈਨੂੰ ਬਹੁਤਾ ਕੁਝ ਨਹੀਂ ਦਿੱਤਾ ਪਰ ਜੋ ਵੀ ਦਿੱਤਾ, ਆਪਣੇ ਆਪ ਉੱਤੇ ਮਾਣ ਕਰਨ ਲਈ ਓਹੋ ਹੀ ਬਹੁਤ ਹੈ। ਖੇਡਾਂ ਖੇਡਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਹੋਰ ਤਾਂ ਹੋਰ ਮੈਨੂੰ ਰੋਜ਼ੀ ਰੋਟੀ ਦੇਣ ਵਾਲੀਆਂ ਵੀ ਖੇਡਾਂ ਹੀ ਸਨ।

ਹੋਇਆ ਇਸ ਤਰ੍ਹਾਂ ਕਿ ਮੈਂ ਐੱਫਐੱਸਸੀ ਦੀ ਪੜ੍ਹਾਈ ਤੋਂ ਕਿਨਾਰਾ ਕਰਕੇ ਵਿਹਲਾ ਸਾਂ। ਮੇਰੇ ਨਾਲ ਕਬੱਡੀ ਖੇਡਣ ਵਾਲੇ ਮਹਿੰਦਰ ਸਿੰਘ ਪੰਨੂੰ ਤੇ ਮਿਹਰ ਸਿੰਘ ਪੰਨੂੰ ਜੋ ਪਹਿਲਾਂ ਹੀ ਪੁਲੀਸ ਵਿਚ ਭਰਤੀ ਸਨ, ਮੈਨੂੰ ਵੀ ਪੁਲੀਸ ਵਿਚ ਭਰਤੀ ਕਰਾਉਣ ਲਈ ਆਪਣੇ ਨਾਲ ਕਿਲਾ ਬਹਾਦਰਗੜ੍ਹ ਲੈ ਗਏ। ਸਾਰੇ ਹੀਲੇ ਵਸੀਲੇ ਹੋਣ ‘ਤੇ ਵੀ ਭਰਤੀ ਕਰਨ ਵਾਲਾ ਕਲਰਕ ਪਾਤਸ਼ਾਹ ਮੈਨੂੰ ਭਰਤੀ ਦੇ ਨੇੜੇ ਨਾ ਲੱਗਣ ਦੇਵੇ। ਇਕ ਦਿਨ ਮੈਂ ਹਾਕੀ ਦੀ ਗਰਾਊਂਡ ਵੱਲ ਚਲਾ ਗਿਆ ਜਿਥੇ ਕਿਲ੍ਹੇ ਦੀ ਹਾਕੀ ਟੀਮ ਪ੍ਰੈਕਟਿਸ ਕਰ ਰਹੀ ਸੀ। ਮੈਂ ਵੀ ਉਨ੍ਹਾਂ ਦੇ ਨਾਲ ਖੇਡਣ ਲੱਗ ਪਿਆ। ਅਗਲੇ ਦਿਨ ਏਐੱਸਆਈ ਬਲਵੰਤ ਸਿੰਘ ਸੰਸਾਰਪੁਰੀਏ ਨੇ ਭਰਤੀ ਕਲਰਕ ਦੀ ਪੂਛ ਜਾ ਮਰੋੜੀ। ਉਸੇ ਦਿਨ 8 ਅਗਸਤ 1956 ਨੂੰ ਮੈਂ ਆਰਮਡ ਪੁਲੀਸ ਬਟਾਲੀਅਨ ਵਿਚ ਸਿਲੈਕਸ਼ਨ ਗ੍ਰੇਡ ਸਿਪਾਹੀ ਭਰਤੀ ਹੋ ਗਿਆ।

ਜਿਸ ਬਟਾਲੀਅਨ ਵਿਚ ਮੈਂ ਭਰਤੀ ਹੋਇਆ, ਉਸੇ ਵਿਚ ਪ੍ਰਿਥੀਪਾਲ ਸਿੰਘ ਵੀ ਏਐੱਸਆਈ ਵਜੋਂ ਭਰਤੀ ਸੀ। ਉਸ ਨੂੰ ਪੁਲੀਸ ਵਿਚ ਭਰਤੀ ਕਰਨ ਤੋਂ ’ਕੇਰਾਂ ਨਾਂਹ ਹੋ ਗਈ ਸੀ। ਪੈਪਸੂ ਦਾ ਆਈਜੀ ਕਹਿੰਦਾ ਸੀ, “ਐੱਮਐੱਸਸੀ ਪੜ੍ਹਿਆ ਚੰਗਾ ਪੁਲੀਸ ਅਫਸਰ ਨਹੀਂ ਬਣ ਸਕਦਾ।” ਕੇਵਲ ਹਾਕੀ ਦੇ ਖਿਡਾਰੀ ਵਜੋਂ ਹੀ ਉਸ ਨੂੰ ਪੁਲੀਸ ਵਿਚ ਲਿਆ ਗਿਆ ਸੀ। ਉਸ ਨੇ ਜਿੰਨੇ ਸਾਲ ਪੁਲੀਸ ਦੀ ਨੌਕਰੀ ਕੀਤੀ, ਹਾਕੀ ਹੀ ਖੇਡੀ। ਪੁਲੀਸ ਵਿਚ ਇੱਕੋ ਬਟਾਲੀਅਨ ‘ਚ ਹੋਣ ਕਰਕੇ ਮੈਂ ਵੀ ਪ੍ਰਿਥੀਪਾਲ ਨਾਲ ਇਕੋ ਟੀਮ ਵਿਚ ਖੇਡਦਾ ਰਿਹਾ। ਪ੍ਰਿਥੀਪਾਲ ਚੁੱਪ-ਚਾਪ ਰਹਿਣ ਵਾਲਾ ਖਿਡਾਰੀ ਸੀ। ਹੋਰਨਾਂ ਖਿਡਾਰੀਆਂ ਵਾਂਗ ਨਾ ਮੈਂ ਉਸ ਨੂੰ ਕਦੀ ਠੱਠਾ ਮਖੌਲ ਕਰਦਿਆਂ ਦੇਖਿਆ ਅਤੇ ਨਾ ਹੀ ਕਿਸੇ ਦੇ ਠੱਠੇ ਮਖੌਲ ਉੱਤੇ ਖੁੱਲ੍ਹ ਕੇ ਠਹਾਕਾ ਮਾਰਦਿਆਂ ਦੇਖਿਆ। ਉਹ ਮਾਣਮੱਤਾ ਖਿਡਾਰੀ ਸੀ। ਸਾਰੇ ਹਾਕੀ ਖਿਡਾਰੀ ਉਸ ਦੀ ਸਰਦਾਰੀ ਮੰਨਦੇ ਸਨ ਤੇ ਉਸ ਦਾ ਮਾਣ ਵੀ ਕਰਦੇ ਸਨ।

ਖੇਡ ਵਿਚ ਉਹ ਘੱਟ ਹੀ ਡਾਜ ਖਾਂਦਾ ਸੀ। ਆਪਣੀ ਹਾਕੀ ਉਦੋਂ ਹੀ ਡਾਹੁੰਦਾ ਜਦੋਂ ਵਿਰੋਧੀ ਡਾਜ ਮਾਰਨ ਦਾ ਯਤਨ ਕਰੇ। ਉਹਦੀ ਹਿੱਟ ਤੋਂ ਵਿਰੋਧੀ ਖਿਡਾਰੀ ਕਾਂ ਦੇ ਗੁਲੇਲੇ ਵਾਂਗ ਭੈਅ ਖਾਂਦੇ ਸਨ। 1956-57 ਵਿਚ ਅੰਬਾਲੇ ਏਅਰ ਫੋਰਸ ਨਾਲ ਇਕ ਦੋਸਤਾਨਾ ਮੈਚ ਵਿਚ ਪ੍ਰਿਥੀਪਾਲ ਨੇ ਅਜਿਹਾ ਸ਼ਾਰਟ ਕਾਰਨਰ ਮਾਰਿਆ ਕਿ ਬਾਲ ਵਿਰੋਧੀ ਦੀ ਹਾਕੀ ਤੋਂ ਤਿਲ੍ਹਕ ਕੇ ਦੂਜੇ ਸਾਥੀ ਦੇ ਮੱਥੇ ‘ਚ ਲੱਗੀ ਤੇ ਉਹ ਓਥੇ ਹੀ ਢੇਰੀ ਹੋ ਗਿਆ। ਜੰਮੂ ਕਸ਼ਮੀਰ ਵਿਚ ਅਸੀਂ ਆਰਮੀ ਵਿਰੁੱਧ ਖੇਡਦਿਆਂ ਬੜੇ ਫਸਵੇਂ ਮੈਚ ਜਿੱਤੇ। ਵੈਸੇ ਵੀ ਸਾਡੀ ਟੀਮ ਤਕੜੀ ਸੀ ਪਰ ਪ੍ਰਿਥੀਪਾਲ ਦੇ ਹੁੰਦਿਆਂ ਤਾਂ ਹਾਰਨ ਦਾ ਸਵਾਲ ਹੀ ਪੈਦਾ ਹੀ ਨਹੀਂ ਸੀ ਹੁੰਦਾ।

ਸਾਡੀ ਟੀਮ ਵਿਚ ਹੁਸ਼ਿਆਰਪੁਰੀਆ ਖੁਸ਼ਦੇਵ ਸਿੰਘ ਗੋਲਕੀਪਰ, ਹਰਬੰਸ ਸਿੰਘ ਦਾਖਾ ਤੇ ਪ੍ਰਿਥੀਪਾਲ ਸਿੰਘ ਫੁੱਲ ਬੈਕ, ਪ੍ਰੀਤਮ ਸਿੰਘ ਨਾਭਾ, ਮੇਜਰ ਸਿੰਘ, ਪਰਭਾਤੀ ਰਾਮ, ਦਲੀਪ ਸਿੰਘ ਕਿਲਾ ਰਾਏਪੁਰ, ਬਲਵੰਤ ਸਕੂਟੀ, ਗੁਰਦੇਵ ਸਿੰਘ ਕੁਲਾਰ, ਗੁਰਦੇਵ ਸਿੰਘ ਖੱਬੂ ਆਦਿ ਹੁੰਦੇ ਸਨ। ਪ੍ਰਿਥੀਪਾਲ ਸਦਾ ਜੇਤੂ ਰਹਿਣ ਕਾਰਨ ਉਸ ਵਿਚ ਵਿਰੋਧੀ ਵਿਚਾਰਾਂ ਨਾਲ ਸਮਝੌਤਾ ਕਰਨ ਦੀ ਕੋਈ ਥਾਂ ਨਹੀਂ ਸੀ ਹੁੰਦੀ। ਉਹ ਕਿਸੇ ਦੀ ਧੌਂਸ ਨਹੀਂ ਸੀ ਮੰਨਦਾ। ਉਸ ਦੀ ਆਪਣੇ ਬੌਸ ਆਈਜੀ ਅਸਵਨੀ ਕੁਮਾਰ ਨਾਲ ਨਾ ਬਣੀ ਤੇ ਉਹਦੇ ਉੱਤੇ ਮਾਣਹਾਨੀ ਦਾ ਕੇਸ ਕਰ ਦਿੱਤਾ। ਫਿਰ ਪੁਲੀਸ ਵਿਚੋਂ ਅਸਤੀਫਾ ਦੇ ਕੇ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਵਿਚ ਵਿਦਿਆਰਥੀ ਭਲਾਈ ਅਫਸਰ ਲੱਗ ਗਿਆ। ਉਥੇ ਵੀ ਉਸ ਦਾ ਵਿਹਾਰ ਜੇਤੂਆਂ ਵਾਲਾ ਰਿਹਾ। ਵਿਦਿਆਰਥੀਆਂ ਦਾ ਇਕ ਗਰੁੱਪ ਉਹਦੇ ਵਿਰੁੱਧ ਹੋ ਗਿਆ ਜਿਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ।

ਪ੍ਰਿਥੀਪਾਲ ਸਿੰਘ ਹਾਕੀ ਦਾ ਹੀਰਾ ਖਿਡਾਰੀ ਸੀ। ਉਸ ਨੂੰ ਵਿਸ਼ਵ ਦਾ ਬਿਹਤਰੀਨ ਫੁੱਲ ਬੈਕ ਖਿਡਾਰੀ ਮੰਨਦਿਆਂ ‘ਪੈਨਲਟੀ ਕਿੰਗ’ ਕਿਹਾ ਜਾਂਦਾ ਸੀ। ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਉਸ ਨੇ ਸਭ ਤੋਂ ਵੱਧ ਗੋਲ ਕੀਤੇ। ਉਸ ਦੀ ਖ਼ਤਰਨਾਕ ਹਿੱਟ ‘ਤੇ ਕਾਬੂ ਪਾਉਣ ਲਈ ਐੱਫਆਈਐੱਚ ਨੂੰ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲਣੇ ਪਏ ਸਨ! ਨਿਊਜ਼ੀਲੈਂਡ ਦੇ ਇਕ ਅਖ਼ਬਾਰ ਨੇ ਪ੍ਰਿਥੀਪਾਲ ਨੂੰ ਭਾਰਤੀ ਹਾਕੀ ਟੀਮ ਦਾ ਬੰਬ ਲਿਖਿਆ ਸੀ। ਉਸ ਨੇ ਗੋਲਕੀਪਰਾਂ ਨੂੰ ਸਲਾਹ ਦਿੱਤੀ ਸੀ ਕਿ ਉਸ ਦੀ ਖ਼ਤਰਨਾਕ ਹਿੱਟ ਮੂਹਰੇ ਖੜ੍ਹ ਕੇ ਜਾਨ ਖ਼ਤਰੇ ‘ਚ ਪਾਉਣ ਦੀ ਥਾਂ ਬਿਹਤਰ ਹੋਵੇਗਾ ਉਹ ਗੋਲ ਹੀ ਖਾਲੀ ਛੱਡ ਦੇਣ…।

ਹਾਕੀ ਖਿਡਾਰੀ ਗੁਰਵਿੰਦਰ ਸਿੰਘ ਸੰਧੂ।

ਹਾਕੀ ਦਾ ਥੰਮ੍ਹ ਗੁਰਵਿੰਦਰ ਸੰਧੂ

ਜਦੋਂ ਕਿਸੇ ਨੌਜੁਆਨ ਖਿਡਾਰੀ ਦੀਆਂ ਪ੍ਰਾਪਤੀਆਂ ਦੀ ਸੁਗੰਧੀ ਚੁਫੇਰੇ ਪਸਰਦੀ ਹੈ ਤਾਂ ਉਸ ਉੱਤੇ ਰਸ਼ਕ ਆਉਂਦੈ। ਜੇ ਹੋਵੇ ਵੀ ਸਰਵਣ ਪੁੱਤਰ ਤਾਂ ਅਨੰਦ ਵਰਨਣੋਂ ਬਾਹਰਾ ਹੋ ਜਾਂਦੈ। ਕੁੱਝ ਇਸੇ ਤਰ੍ਹਾਂ ਦਾ ਅਕਹਿ ਅਨੰਦ, ਬਰੈਂਪਟਨ ਸਪੋਰਟਸ ਕਲੱਬ ਦੀ ਹਾਕੀ ਟੀਮ ਦੇ ਗੋਲ਼ਕੀਪਰ ਗੁਰਵਿੰਦਰ ਸੰਧੂ ਦੀ ਖੇਡ ਵੇਖ ਕੇ ਆਇਆ। ਉਨ੍ਹਾਂ ਦੀ ਟੀਮ ਦੋ ਵਾਰ ਕੈਨੇਡਾ ਦੀ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਜਿੱਤੀ। ਦੂਜੀ ਵਾਰ ਫਾਈਨਲ ਮੈਚ ਪੈਨਲਟੀ ਸਟਰੋਕਾਂ ‘ਤੇ ਚਲਾ ਗਿਆ ਸੀ ਜੋ ਗੁਰਵਿੰਦਰ ਨੇ ਸਾਰੇ ਸਟਰੋਕ ਰੋਕ ਕੇ ਨੈਸ਼ਨਲ ਕੱਪ ਆਪਣੀ ਟੀਮ ਦੀ ਝੋਲੀ ਵਿਚ ਪਾਇਆ ਜਿਸ ਦਾ ਉਹ ਕਪਤਾਨ ਸੀ।

ਉਸ ਦੀ ਇਹ ਪ੍ਰਾਪਤੀ ਰਾਤੋ-ਰਾਤ ਨਸੀਬ ਨਹੀਂ ਹੋਈ। ਇਸ ਦੇ ਪਿੱਛੇ ਲੰਬੀ ਘਾਲਣਾ, ਇੱਛਾ ਸ਼ਕਤੀ ਤੇ ਕੁਦਰਤ ਵੱਲੋਂ ਵਰੋਸਾਈ ਪ੍ਰਤਿਭਾ ਦਾ ਸੁਮੇਲ ਸੀ। ਉਸ ਦੀ ਬੋਲਬਾਣੀ ਵਿਚ ਮਿਠਾਸ ਹੈ ਤੇ ਸੁਭਾਅ ‘ਚ ਸਬਰ ਦਾ ਬੇਮਿਸਾਲ ਠਰ੍ਹੰਮਾ। ਗੁਰਵਿੰਦਰ ਸੰਧੂ ਉਰਫ ਸੋਨੂ ਦਾ ਜਨਮ 2 ਅਪਰੈਲ 1976 ਨੂੰ ਪਿੰਡ ਢੁੱਡੀਕੇ ਵਿਚ ਹੋਇਆ। ਉਸ ਦਾ ਜੱਦੀ ਪਿੰਡ ਚਕਰ ਹੈ ਪਰ ਉਸ ਦੇ ਮਾਤਾ ਪਿਤਾ ਢੁੱਡੀਕੇ ਪੜ੍ਹਾਉਂਦੇ ਤੇ ਉੱਥੇ ਹੀ ਰਹਿੰਦੇ ਸਨ। ਉਸ ਨੂੰ ਬਚਪਨ ਤੋਂ ਹੀ ਘਰ ਵਿਚ ਖੇਡਾਂ ਦਾ ਵਾਤਾਵਰਨ ਮਿਲਿਆ ਜੋ ਉਹਦੀ ਰੂਹ ਵਿਚ ਰਚ ਗਿਆ।

ਸੋਨੂ ਦਾ ਵੱਡਾ ਵੀਰ ਪ੍ਰੋ. ਜਗਵਿੰਦਰ ਸਿੰਘ ਪਹਿਲਾਂ ਹਾਕੀ ਖੇਡਦਾ ਸੀ, ਫਿਰ ਅਥਲੈਟਿਕਸ ਕਰਨ ਲੱਗਾ। ਉਹ ਦੋ ਸਾਲ ਡਕੈੱਥਲਿਨ ਦਾ ਜੂਨੀਅਰ ਨੈਸ਼ਨਲ ਚੈਂਪੀਅਨ ਰਿਹਾ। ਪੰਜਾਬ ਯੂਨੀਵਰਸਿਟੀ ਵਿਚ ਉਸ ਦਾ ਰਿਕਾਰਡ ਦਸ ਸਾਲ ਨਾ ਟੁੱਟਾ ਪਰ ਗੋਡੇ ਦੀ ਸੱਟ ਕਾਰਨ ਉਹਦਾ ਖੇਡ ਕਰੀਅਰ ਅਧੂਰਾ ਰਹਿ ਗਿਆ। ਉਹ ਜਦੋਂ ਹਾਕੀ ਫੜ ਕੇ ਖੇਡ ਮੈਦਾਨ ਦਾ ਰੁਖ਼ ਕਰਦਾ ਸੀ ਤਾਂ ਛੋਟਾ ਸੋਨੂ ਵੀ ਹਾਕੀ ਲੈ ਕੇ ਨਾਲ਼ ਹੀ ਹੋ ਤੁਰਦਾ ਸੀ। ਉਹ ਅਜੇ ਸੱਤਵੀਂ ਕਲਾਸ ‘ਚ ਸੀ ਕਿ ਆਪਣੇ ਸਕੂਲ ਦੀ ਹਾਕੀ ਟੀਮ ਦਾ ਸੈਂਟਰ ਹਾਫ ਚੁਣ ਲਿਆ ਗਿਆ। ਸਕੂਲ ਦੇ ਕੋਚ ਦਰਸ਼ਨ ਸਿੰਘ ਗਿੱਲ ਨੂੰ ਟੀਮ ਲਈ ਤਕੜੇ ਗੋਲ਼ਕੀਪਰ ਦੀ ਲੋੜ ਅਨੁਭਵ ਹੋਈ। ਉਸ ਨੇ ਹਰ ਖਿਡਾਰੀ ਨੂੰ ਗੋਲ਼ਕੀਪਰ ਵਜੋਂ ਪਰਖਿਆ ਤਾਂ ਉਹਦੀ ਅੱਖ ਗੁਰਵਿੰਦਰ ਦੀ ਪ੍ਰਤਿਭਾ ਉੱਤੇ ਜਾ ਟਿਕੀ। ਉਸ ਨੇ ਭਵਿੱਖਬਾਣੀ ਕੀਤੀ ਕਿ ਸੋਨੂੰ ਕਿਸੇ ਦਿਨ ਹਾਕੀ ਦਾ ਨਾਮੀ ਗੋਲ਼ਕੀਪਰ ਬਣੇਗਾ।

ਸੋਨੂੰ 9ਵੀਂ ਤੇ 10ਵੀਂ ਕਲਾਸ ਵਿਚ ਢੁੱਡੀਕੇ ਸਕੂਲ ਦੇ ਸਪੋਰਟਸ ਵਿੰਗ ਵਿਚ ਗੋਲ਼ਕੀਪਰ ਵਜੋਂ ਖੇਡਦਾ ਰਿਹਾ ਤੇ ਟੀਮ ਦਾ ਕੈਪਟਨ ਬਣਿਆ। ਉਸ ਦੀ ਅਗਲੀ ਪੜ੍ਹਾਈ ਸਪੋਰਟਸ ਸਕੂਲ ਜਲੰਧਰ ਵਿਚ ਹੋਈ। ਸਪੋਰਟਸ ਸਕੂਲ ਜਲੰਧਰ ਦੇ ਕੋਚ ਗੁਰਦੀਪ ਸਿੰਘ ਨੇ ਉਸ ਨੂੰ ਹੋਰ ਪਰਪੱਕ ਕੀਤਾ। ਜਲੰਧਰ ਵਿਚਲੇ ਸਾਲ ਗੁਰਵਿੰਦਰ ਲਈ ਸੰਘਰਸ਼ਮਈ ਸਾਲ ਸਨ। ਉਹਦੇ ਕਦਮ ਆਪਣੇ ਟੀਚੇ ਵੱਲ ਅੱਗੇ ਵਧਦੇ ਗਏ ਅਤੇ ਉਨ੍ਹਾਂ ਦੀ ਟੀਮ ਸਕੂਲਾਂ ਦੀ ਨੈਸ਼ਨਲ ਚੈਂਪੀਅਨ ਬਣ ਗਈ।

ਫਿਰ ਡੀਏਵੀ ਕਾਲਜ ਜਲੰਧਰ ਨੇ ਗੁਰਵਿੰਦਰ ਨੂੰ ਆਪਣੀ ਸਰਪ੍ਰਸਤੀ ਵਿਚ ਲੈ ਲਿਆ ਜਿਥੇ ਉਹ ਕੰਬਾਈਂਡ ਯੂਨੀਵਰਸਿਟੀ ਦਾ ਗੋਲ਼ਕੀਪਰ ਖੇਡਿਆ। ਇਸੇ ਸਮੇਂ ਪੰਜਾਬ ਐਂਡ ਸਿੰਧ ਬੈਂਕ ਨੇ ਉਸ ਨੂੰ 1500 ਰੁਪਏ ਮਹੀਨੇ ਦਾ ਵਜ਼ੀਫਾ ਲਾ ਦਿੱਤਾ। ਉਹ ਬੈਂਕ ਦੀ 19 ਸਾਲਾ ਜੂਨੀਅਰ ਹਾਕੀ ਟੀਮ ਦਾ ਕੈਪਟਨ ਬਣਿਆ ਅਤੇ ‘ਸੰਜੇ ਗਾਂਧੀ ਮੈਮੋਰੀਅਲ’ ਵਰਗੇ ਏ ਗਰੇਡ ਦੇ ਕਈ ਟੂਰਨਾਮੈਂਟ ਉਸ ਦੀ ਟੀਮ ਨੇ ਬੈਂਕ ਦੇ ਖਾਤੇ ਵਿਚ ਜੋੜੇ। ਫਿਰ ਪੰਜਾਬ ਐਂਡ ਸਿੰਧ ਬੈਂਕ ਨੇ 1995 ਵਿਚ ਉਸ ਨੂੰ ਆਪਣੀ ਪੱਕੀ ਜੌਬ ‘ਤੇ ਰੱਖ ਲਿਆ। 1995 ਵਿਚ ‘ਜੂਨੀਅਰ ਹਾਕੀ ਟੀਮ ਪੰਜਾਬ’ ਦਾ ਮੈਂਬਰ ਬਣ ਕੇ ਉਹ ਕੈਨੇਡਾ ਟੂਰ ਉੱਤੇ ਆਇਆ। ਇੱਥੇ ਉਨ੍ਹਾਂ ਨੇ ‘ਆਟਵਾ ਕੈਪੀਟਲ ਕੱਪ’ ਅਤੇ ‘ਮਾਂਟਰੀਅਲ ਕੱਪ’ ਦੇ ਮੈਚ ਖੇਡੇ। ਟੋਰਾਂਟੋ ਵਿਚ ਵੀ ਪੰਜਾਬ ਦੀ ਇਸ ਟੀਮ ਨੇ ਸ਼ੋਅ ਮੈਚ ਖੇਡਿਆ। ਸਾਰੇ ਮੈਚਾਂ ਵਿਚ ਇਸ ਟੀਮ ਦੀ ਗੋਲਕੀਪਰੀ ਉੱਤਮ ਰਹੀ।

ਅਗਸਤ 1995 ਵਿਚ ਜੂਨੀਅਰ ਨੈਸ਼ਨਲ ਹਾਕੀ ਟੀਮ ਦਾ ਕੋਚਿੰਗ ਕੈਂਪ ਲੱਗਾ ਜਿਸ ਵਿਚ ਸੋਨੂੰ ਸਮੇਤ ਪੰਜਾਬ ਦੇ 8 ਖਿਡਾਰੀ ਸ਼ਾਮਲ ਸਨ। ਪਾਕਿਸਤਾਨ ਵਿਚ ਜੂਨੀਅਰ ਵਿਸ਼ਵ ਹਾਕੀ ਕੱਪ ਖੇਡਣ ਦੇ ਸਾਰੇ ਪ੍ਰਬੰਧ ਹੋ ਚੁੱਕੇ ਸਨ ਕਿ ਐਨ ਅਖ਼ੀਰਲੇ ਪਲ ਪਾਕਿਸਤਾਨ ਇਹ ਕਹਿ ਕੇ ਪਿੱਛੇ ਹਟ ਗਿਆ ਕਿ ਉਹ ਭਾਰਤੀ ਖਿਡਾਰੀਆਂ ਦੀ ਸੁਰੱਖਿਆ ਦਾ ਰਿਸਕ ਨਹੀਂ ਲੈ ਸਕਦਾ। ਉਸ ਪਿੱਛੋਂ ਫਿਰ 20 ਖਿਡਾਰੀਆਂ ਦਾ ਖੇਡ ਕੈਂਪ ਆਸਟਰੇਲੀਆ ਦੇ ਟੈਸਟ ਮੈਚ ਲਈ ਲੱਗਿਆ। ਉੱਥੇ ਫਿਰ ਖੇਡਾਂ ਦੀ ਕੂਟਨੀਤੀ ਆਪਣੀ ਬਦਨੀਤੀ ਦਿਖਾ ਗਈ ਤੇ ਜੂਨੀਅਰ ਟੀਮ ਦੀ ਥਾਂ ਸੀਨੀਅਰ ਟੀਮ ਘੱਲ ਦਿੱਤੀ ਗਈ। ਫਿਰ ਇੰਡੀਅਨ ਹਾਕੀ ਫੈਡਰੇਸ਼ਨ ਨੇ ਆਪਣੀ ਪੂਰੀ ਤਿਆਰੀ ਵਾਲ਼ੀ ਜੂਨੀਅਰ ਟੀਮ ਨੂੰ ਸਿੰਘਾਪੁਰ, ਮਲੇਸ਼ੀਆ ਦੇ ਟੂਰ ਲਈ ਤਿਆਰ ਕੀਤਾ। ਗੁਰਵਿੰਦਰ 1996 ਵਿਚ ਇੰਡੀਅਨ ਏਅਰ ਲਾਈਨਜ਼ ਵੱਲੋਂ ਦੁਬਈ ਵਿਚ ਟੂਰਨਾਮੈਂਟ ਖੇਡਿਆ ਤੇ ਫਾਈਨਲ ਵਿਚ ਪਾਕਿਸਤਾਨ ਏਅਰਲਾਈਨਜ਼ ਨਾਲ਼ ਤਕੜਾ ਲੋਹਾ ਲਿਆ। ਫਿਰ ਉਹ ਪੱਕੇ ਪਰਵਾਸੀ ਵਜੋਂ ਕੈਨੇਡਾ ਆ ਗਿਆ। ਉਸ ਦਾ ਕਹਿਣਾ ਹੈ ਕਿ ਖੇਡਾਂ ਸਿਹਤ ਨੂੰ ਹਰ ਪੱਖੋਂ ਸੰਤੁਲਤ ਰੱਖਦੀਆਂ ਹਨ ਅਤੇ ਜੀਵਨ ਦੀਆਂ ਚੰਗੀਆਂ ਬੁਰੀਆਂ ਸਥਿਤੀਆਂ ਨਾਲ਼ ਸਿੱਝਣ ਦਾ ਢੰਗ ਤਰੀਕਾ ਸਿਖਾਉਂਦੀਆਂ ਹਨ। ਹਾਲੇ ਵੀ ਉਹ ਹਾਕੀ ਨਾਲ ਜੁੜਿਆ ਹੋਇਆ ਹੈ।

ਸੰਪਰਕ: [email protected]

LEAVE A REPLY

Please enter your comment!
Please enter your name here