ਹਰਪ੍ਰੀਤ ਕੌਰ
ਹੁਸ਼ਿਆਰਪੁਰ, 6 ਮਈ

ਅੱਜ ਬਾਅਦ ਦੁਪਹਿਰ ਹੁਸ਼ਿਆਰਪੁਰ-ਚੰਡੀਗੜ੍ਹ ਸੜਕ ’ਤੇ ਪਿੰਡ ਜੈਤਪੁਰ ਦੇ ਅੱਡੇ ’ਚ ਸੜਕ ਹਾਦਸੇ ’ਚ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਪਤੀ-ਪਤਨੀ ਤੇ ਉਨ੍ਹਾਂ ਦੇ ਤਿੰਨ ਛੋਟੇ ਬੱਚੇ ਸ਼ਾਮਲ ਸਨ। ਬਾਅਦ ਦੁਪਹਿਰ ਕਰੀਬ ਢਾਈ ਵਜੇ ਲਿੰਕ ਸੜਕ ਤੋਂ ਹਾਈਵੇ ’ਤੇ ਚੜ੍ਹ ਰਹੇ ਮੋਟਰਸਾਈਕਲ ਦੀ ਹਾਈਵੇ ’ਤੇ ਜਾ ਰਹੀ ਕਾਰ ਨਾਲ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਪੂਰੇ ਪਰਿਵਾਰ ਦੀ ਥਾਂ ’ਤੇ ਮੌਤ ਹੋ ਗਈ। ਮੋਟਰਸਾਈਕਲ ਪਿੰਡ ਬਾੜੀਆਂ ਕਲਾਂ ਵਲੋਂ ਆ ਰਿਹਾ ਸੀ, ਜਦੋਂ ਪਿੰਡ ਜੈਤਪੁਰ ਦੇ ਅੱਡੇ ’ਤੇ ਪਹੁੰਚਿਆ ਤਾਂ ਟਰੈਕਟਰ ਟਰਾਲੀ ਤੋਂ ਅੱਗੇ ਲੰਘਦਾ ਹੋਇਆ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਟਕਰਾਅ ਗਿਆ। ਮੋਟਰਸਾਈਕਲ ਸਵਾਰ ਕਈ ਫ਼ੁੱਟ ਦੂਰ ਸੜਕ ’ਤੇ ਜਾ ਡਿੱਗੇ ਅਤੇ ਸਾਰਿਆਂ ਨੇ ਦਮ ਤੋੜ ਦਿੱਤਾ। ਕਾਰ ਵੀ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ ਅਤੇ ਕਾਰ ’ਚ ਸਵਾਰ ਦੋਵੇਂ ਵਿਅਕਤੀ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖਲ ਕਰਵਾ ਦਿੱਤਾ ਗਿਆ ਹੈ।

ਮੋਟਰਸਾਈਕਲ ਚਾਲਕ ਦੀ ਪਛਾਣ ਰਾਜੇਸ਼ ਕੁਮਾਰ (29) ਵਾਸੀ ਰਾਜਸਥਾਨ ਹਾਲ ਵਾਸੀ ਨੰਗਲ ਚੋਰਾਂ, ਉਸ ਦੀ ਪਤਨੀ ਕਮਲਦੀਪ ਕੌਰ, ਬੱਚਿਆਂ ਈਸ਼ਿਕਾ, ਅਨਾਨਿਆ ਤੇ ਮਿਸ਼ੂ ਵਜੋਂ ਹੋਈ ਹੈ। ਉਸ ਦੇ ਬੱਚਿਆਂ ਦੀ ਉਮਰ 8, 6 ਅਤੇ 5 ਸਾਲ ਦੀ ਸੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ। ਥਾਣਾ ਚੱਬੇਵਾਲ ਦੇ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਕਾਰ ਚਾਲਕ ਖਿਲਾਫ਼ ਧਾਰਾ 279/304/427 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ।

LEAVE A REPLY

Please enter your comment!
Please enter your name here