ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 22 ਅਪਰੈਲ

ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਦੇਸ਼ ਭਰ ਵਿੱਚ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਅੱਜ ਭਾਜਪਾ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਮੱਧ ਵਰਗ ਦੇ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ ਗਈ।

ਤਿਵਾੜੀ ਨੇ ਅੱਜ ਵਾਰਡ ਨੰਬਰ 13 ਵਿੱਚ ਸਨੇਹਆਂਚਲ ਚੈਰੀਟੇਬਲ ਸੁਸਾਇਟੀ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਨੂੰ ਸਵਾਲ ਕੀਤਾ ਕਿ ਭਾਜਪਾ ਨੇ ਕਿਹਾ ਹੈ ਕਿ ਲੋਕਾਂ ਦੇ ਅੱਛੇ ਦਿਨ ਆਉਣਗੇ ਅਤੇ ਦੇਸ਼ ਦਾ ਵਿਕਾਸ ਹੋਵੇਗਾ, ਪਰ ਉਹ ‘ਅੱਛੇ ਦਿਨ’ ਅਤੇ ‘ਵਿਕਾਸ’ ਦੇ ਵਾਅਦੇ ਕਿੱਥੇ ਹਨ? ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ’ਤੇ ਨੌਜਵਾਨਾਂ ਨੂੰ ‘ਪਹਿਲੀ ਨੌਕਰੀ ਪੱਕੀ’ ਸਕੀਮ ਤਹਿਤ ਇੱਕ ਸਾਲ ਦੀ ਗਾਰੰਟੀਸ਼ੁਦਾ ਅਪ੍ਰੈਂਟਿਸਸ਼ਿਪ ਦਿੱਤੀ ਜਾਵੇਗੀ। ਉਨ੍ਹਾਂ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਲਈ ਭਾਜਪਾ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਨੇ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਨਿਘਾਰ ਦੇ ਮੱਦੇਨਜ਼ਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਹੁੰਦੀ, ਤਾਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਆਪਣੇ-ਆਪ ਘੱਟ ਜਾਣੀਆਂ ਸਨ।

LEAVE A REPLY

Please enter your comment!
Please enter your name here