ਰਮਨਦੀਪ ਸਿੰਘ

ਚਾਉਕੇ, 1 ਮਾਰਚ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਿਸਾਨ ਵਿੰਗ ਦੇ ਕੌਮੀ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਪਿੰਡ ਚਾਉਕੇ ਤੋਂ ਪਿੰਡ ਬੱਲ੍ਹੋ ਤੱਕ ਪੈਦਲ ਮਾਰਚ ਕੀਤਾ ਤੇ ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ’ਤੇ ਫੌਤ ਹੋਏ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਘਰ ਪਹੁੰਚੇ। ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪਾਰਟੀ ਦੇ ਵੱਡੀ ਗਿਣਤੀ ਵਰਕਰ ਪਿੰਡ ਚਾਉਕੇ ਦੀ ਅਨਾਜ ਮੰਡੀ ਵਿੱਚ ਇਕੱਠੇ ਹੋਏ ਜਿਥੇ ਰਾਜਾ ਵੜਿੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ ਜਿਸ ਕਾਰਨ ਖਨੌਰੀ ਹੱਦ ’ਤੇ ਹਰਿਆਣਾ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਦੇ ਕਾਤਲਾਂ ਖ਼ਿਲਾਫ਼ ਸਿੱਧਾ ਪਰਚਾ ਦਰਜ ਕਰਨ ਦੀ ਥਾਂ ਸਿਰਫ਼ ਅਣਪਛਾਤਿਆਂ ’ਤੇ ਹੀ ਕੀਤਾ ਗਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸ਼ੁਭਕਰਨ ਦੇ ਕਾਤਲਾਂ ਨੂੰ ਮਾਨ ਸਰਕਾਰ ਨੇ ਬਰਗਾੜੀ ਕਾਂਡ ਦੇ ਕਾਤਲਾਂ ਵਾਂਗ ਅਣਪਛਾਤੇ ਵਿਅਕਤੀ ਕਰਾਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ੁਭਕਰਨ ਦੇ ਅਸਲ ਕਾਤਲਾਂ ਨੂੰ ਸਾਹਮਣੇ ਲਿਆਉਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।

 

LEAVE A REPLY

Please enter your comment!
Please enter your name here