ਨਵੀਂ ਦਿੱਲੀ/ਸ਼ਿਮਲਾ, 6 ਮਾਰਚ

ਕਾਂਗਰਸ ਨੇ ਹਿਮਾਚਲ ਪ੍ਰਦੇਸ਼ ’ਚ ਸਿਆਸੀ ਸੰਕਟ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਜਿਸ ਤਹਿਤ ਪਾਰਟੀ ਨੇ ਇਕ ਵੱਡਾ ਕਦਮ ਚੁੱਕਦਿਆਂ ਬੁੱਧਵਾਰ ਨੂੰ ਸਾਬਕਾ ਮੰਤਰੀ ਸੁਧੀਰ ਸ਼ਰਮਾ ਨੂੰ ਤੁਰੰਤ ਪ੍ਰਭਾਵ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਜੋ ਉਨ੍ਹਾਂ ਛੇ ਬਾਗੀ ਵਿਧਾਇਕਾਂ ਵਿੱਚੋਂ ਸਨ ਜਿਨ੍ਹਾਂ ਦੀ ਕਰਾਸ ਵੋਟਿੰਗ ਸਦਕਾ ਕਾਂਗਰਸ ਨੇ ਹਿਮਾਚਲ ਦੀ ਰਾਜ ਸਭਾ ਦੀ ਸੀਟ ਗੁਆ ਲਈ ਸੀ। ਇਸ ਕਾਰਨ ਰਾਜ ’ਚ ਸਿਆਸੀ ਸੰਕਟ ਪੈਦਾ ਹੋ ਗਿਆ ਸੀ। ਮਗਰੋਂ ਰਾਜ ਦੇ ਬਜਟ ’ਤੇ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਲਈ ਇਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਸ਼ਰਮਾ ਧਰਮਸ਼ਾਲਾ ਤੋਂ ਸੀਨੀਅਰ ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਹਨ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸ਼ਰਮਾ ਨੇ ਇਕ ਫੇਸਬੁੱਕ ਪੋਸਟ ‘ਤੇ ਜਵਾਬ ਦਿੰਦਿਆਂ ਕਿਹਾ, ‘‘ਭਾਰ ਮੁਕਤ ਤਾਂ ਇੰਜ ਕੀਤਾ ਹੈ ਜਿਵੇਂ ਸਾਰਾ ਬੋਝ ਮੇਰੇ ਮੋਢਿਆਂ ’ਤੇ ਹੀ ਹੋਵੇ। ਚਿੰਤਾ ਮਿਟੀ, ਚਾਹਤ ਗਈ, ਮਨ ਬੇਪਰਵਾਹ, ਜਿਸ ਨੂੰ ਕੁਝ ਨਹੀਂ ਚਾਹੀਦਾ ਉਹ ਹੀ ਸ਼ਹਿਨਸ਼ਾਹ।’’

ਇਸੇ ਦੌਰਾਨ ਪਾਰਟੀ ਦੇ ਸੀਨੀਅਰ ਵਿਧਾਇਕ ਰਜਿੰਦਰ ਰਾਣਾ ਨੇ ਵੀ ਹਿਮਾਚਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਰਾਣਾ ਨੇ ਖੜਗੇ ਨੂੰ ਦਿੱਤੇ ਆਪਣੇ ਅਸਤੀਫ਼ੇ ਵਿੱਚ ਕਿਹਾ, ‘‘ਮੈਂ ਤੁਰੰਤ ਪ੍ਰਭਾਵ ਨਾਲ ਐਚਪੀਸੀਸੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।’’ ਉਨ੍ਹਾਂ ਹਿਮਾਚਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਫੇਸਬੁੱਕ ਪੇਜ ’ਤੇ ਕਿਹਾ, ‘‘ਹਿਮਾਚਲ ਪ੍ਰਦੇਸ਼ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵੱਲੋਂ ਕੀਤੇ ਵਾਅਦਿਆਂ ਦੀ ਪੂਰਤੀ ਲਈ ਹੱਥ ਜੋੜ ਕੇ ਸੁਜਾਨਪੁਰ ਤੋਂ ਸ਼ਿਮਲਾ ਅਤੇ ਸ਼ਿਮਲਾ ਤੋਂ ਦਿੱਲੀ ਤੱਕ ਦੀ ਦੌੜ ਦਾ ਨਤੀਜਾ ਨਹੀਂ ਨਿਕਲਿਆ, ਮੈਂ ਇਨਸਾਫ਼ ਦੀ ਕਾਮਨਾ ਕੀਤੀ, ਪਰ ਮਿਲਿਆ ਅਪਮਾਨ।’’

LEAVE A REPLY

Please enter your comment!
Please enter your name here