ਪ੍ਰਭੂ ਦਿਆਲ

ਸਿਰਸਾ, 20 ਫਰਵਰੀ

ਕਿਸਾਨ ਜਥੇਬੰਦੀਆਂ ਵੱਲੋਂ 21 ਫਰਵਰੀ ਨੂੰ ਦਿੱਲੀ ਚੱਲੋ ਦੇ ਦਿੱਤੇ ਸੱਦੇ ਮਗਰੋਂ ਜਿਥੇ ਕਿਸਾਨ ਮੁੜ ਤੋਂ ਇਕੱਠੇ ਹੋ ਰਹੇ ਹਨ ਉਥੇ ਹੀ ਪੁਲੀਸ ਨੇ ਵੀ ਨਾਕਿਆਂ ’ਤੇ ਚੌਕਸੀ ਵਧਾ ਦਿੱਤੀ ਹੈ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਥੇ ਘੱਗਰ ਪੁਲ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ ਉਥੇ ਹੀ ਕਈ ਕਸਬਿਆਂ ਤੇ ਪਿੰਡਾਂ ਦੀਆਂ ਸੜਕਾਂ ’ਤੇ ਵੀ ਨਾਕੇ ਲਾਏ ਹੋਏ ਹਨ। ਹੁਣ ਨਾਕਿਆਂ ’ਤੇ ਚੌਕਸੀ ਨੂੰ ਹੋਰ ਵਧਾ ਦਿੱਤਾ ਗਿਆ ਹੈ। ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕੀਤੀ ਹੋਈ ਹੈ ਅਤੇ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਵੱਲੋਂ 21 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਗਿਆ ਹੈ, ਜਿਸ ਮਗਰੋਂ ਪੁਲੀਸ ਨੇ ਨਾਕਿਆਂ ’ਤੇ ਚੌਕਸੀ ਵਧਾ ਦਿੱਤੀ ਹੈ। ਦਿੱਲੀ ਜਾਣ ਲਈ ਪਿਛਲੇ ਇਕ ਹਫ਼ਤੇ ਤੋਂ ਪਿੰਡ ਪੰਜੂਆਣਾ ਨੇੜੇ ਨੈਸ਼ਨਲ ਹਾਈ ਵੇਅ ’ਤੇ ਡੇਰਾ ਲਾਈ ਬੈਠੇ ਕਿਸਾਨ ਆਗੂ ਜਸਬੀਰ ਸਿੰਘ ਭਾਟੀ ਨੇ ਦੱਸਿਆ ਹੈ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲਟਕਾ ਰਹੀ ਹੈ। ਸਰਕਾਰ ਨਾਲ ਚਾਰ ਗੇੜ ਦੀ ਹੋਈ ਗੱਲਬਾਤ ’ਚ ਕੋਈ ਸਿੱਟਾ ਨਹੀਂ ਨਿਕਲਿਆ ਹੈ, ਇਸ ਲਈ ਕਿਸਾਨ ਹੁਣ ਦਿੱਲੀ ਜ਼ਰੂਰ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਹੁਣ ਵੱਡੀ ਤਿਆਰੀ ਨਾਲ ਅਗੇ ਵਧਣਗੇ ਤੇ ਸਾਰੀ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਦਿੱਲੀ ਪੁੱਜਣਗੇ। ਉਧਰ ਸੰਯੁਕਤ ਕਿਸਾਨ ਮੋਰਚਾ ਕਮੇਟੀ ਦੇ ਮੈਂਬਰ ਅਤੇ ਕਿਸਾਨ ਸਭਾ ਦੇ ਆਗੂ ਡਾ. ਸੁਖਦੇਵ ਸਿੰਘ ਜੰਮੂ ਨੇ ਦੱਸਿਆ ਹੈ ਕਿ ਸਰਕਾਰ ਦੀ ਟਾਲਮਟੋਲ ਨੀਤੀ ਕਾਰਨ ਕਿਸਾਨਾਂ ਵਿੱਚ ਭਾਰੀ ਰੋਹ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨੀ ਮੰਗਾਂ ਦੀ ਪੂਰਤੀ ਲਈ ਭਲਕੇ 21 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਭਾਜਪਾ ਆਗੂਆਂ ਦੇ ਦਫ਼ਤਰਾਂ ਦਾ ਘੇਰਾਓ ਕਰਨਗੇ।

ਡੱਬਵਾਲੀ(ਇਕਬਾਲ ਸਿੰਘ ਸਾਂਤ): ਕਿਸਾਨ ਸੰਗਠਨਾਂ ਵੱਲੋਂ ਦਿੱਲੀ ਕੂਚ ਐਲਾਨ ਕਾਰਨ ਇਥੇ ਬਠਿੰਡਾ ਰੋਡ ’ਤੇ ਪੰਜਾਬ ਹੱਦ ਉੱਪਰ ਵੀ ਕਿਸਾਨ ਸੰਘਰਸ਼ ਮੱਘ ਪਿਆ ਹੈ। ਅੱਜ ਬਾਅਦ ਦੁਪਹਿਰ ਭਾਕਿਯੂ (ਡਕੌਂਦਾ) ਧਨੇਰ ਦੀ ਅਗਵਾਈ ਹੇਠਾਂ ਕਈ ਦਰਜਨ ਕਿਸਾਨਾਂ ਨੇ ਦਿੱਲੀ ਕੂਚ ਲਈ ਪੱਕਾ ਮੋਰਚਾ ਲਗਾ ਦਿੱਤਾ। ਜਥੇਬੰਦੀ ਦੀ ਸੰਗਤ ਇਕਾਈ ਦੀ ਅਗਵਾਈ ਵਿਚ ਵੱਡੀ ਗਿਣਤੀ ਕਿਸਾਨ ਦਰਜਨ ਤੋਂ ਵੱਧ ਟਰੈਕਟਰ-ਟਰਾਲੀਆਂ ‘ਤੇ ਬਠਿੰਡਾ ਰੋਡ ਹੱਦ ‘ਤੇ ਪੁੱਜੇ ਅਤੇ ਹਰਿਆਣਾ ਦੀ ਨਾਕੇਬੰਦੀ ਤੋਂ ਕਰੀਬ ਸਵਾ ਸੌ ਮੀਟਰ ਪਿਛੇ ਐੱਨਐੱਚ-64 ਉੱਪਰ ਧਰਨਾ ਲਗਾ ਦਿੱਤਾ।

ਭਾਕਿਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਬਲਵਿੰਦਰ ਸਿੰਘ ਫੌਜੀ ਜੇਠੂਕੇ, ਗੁਰਦੀਪ ਸਿੰਘ ਖੁੱਡੀਆਂ, ਸੰਗਤ ਬਲਾਕ ਦੇ ਪ੍ਰਧਾਨ ਬੰਤਾ ਸਿੰਘ, ਪਥਰਾਲਾ ਇਕਾਈ ਦੇ ਪ੍ਰਧਾਨ ਇਕਬਾਲ ਸਿੰਘ, ਮਨਜਿੰਦਰ ਸਿੰਘ ਖ਼ਾਲਸਾ, ਜਗਦੇਵ ਸਿੰਘ ਸੰਗਤ ਕਲਾਂ ਨੇ ਕਿਹਾ ਕਿ ਅੱਜ ਯੂਨੀਅਨ ਦੀ ਸੰਗਤ ਇਕਾਈ ਵੱਲੋਂ ਦਿੱਲੀ ਕੂਚ ਲਈ ਸ਼ਾਂਤਮਈ ਪੱਕਾ ਧਰਨਾ ਸ਼ੁਰੂ ਕੀਤਾ ਗਿਆ ਹੈ। ਕੱਲ੍ਹ ਤੋਂ ਹੋਰਨਾਂ ਖੇਤਰਾਂ ਤੋਂ ਜਥੇਬੰਦੀ ਦੇ ਕਾਰਕੁਨ ਕਿਸਾਨ ਇਥੇ ਵੱਡੀ ਗਿਣਤੀ ਪੁੱਜਣਗੇ। ਸਰਕਾਰ ਹੱਕ ਮੰਗਦੇ ਕਿਸਾਨਾਂ ਨੂੰ ਅਤਿਵਾਦੀ ਅਤੇ ਵੱਖਵਾਦੀ ਦੱਸ ਸੜਕਾਂ ‘ਤੇ ਨਾਕੇਬੰਦੀਆਂ ਕਰ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣੇ ਦੀ ਖੱਟਰ ਸਰਕਾਰ ਵੱਲੋਂ ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ਉੱਪਰ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਕੀਤੇ ਤਸ਼ਦੱਦ ਖਿਲਾਫ ਅਤੇ ਕਿਸਾਨ ਮੰਗਾਂ ਦੀ ਹਮਾਇਤ ਵਿੱਚ ਡੂਮਵਾਲੀ ਹੱਦ ‘ਤੇ ਪੁੱਜੇ ਹਨ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗਾਮੀ ਸੱਦੇ ਉਪਰੰਤ ਡੂਮਵਾਲੀ ਨਾਕੇਬੰਦੀਆਂ ਤੋਂ ਦਿੱਲੀ ਕੂਚ ਲਈ ਅਗਾਂਹ ਵਧਿਆ ਜਾਵੇਗਾ, ਤਦ ਤੱਕ ਪੱਕਾ ਮੋਰਚਾ ਸ਼ਾਂਤਮਈ ਚੱਲੇਗਾ। ਇਥੇ ਆਉਣ ਤੋਂ ਪਹਿਲਾਂ ਕਿਸਾਨ ਪਥਰਾਲਾ ਵਿਖੇ ਇਕੱਠੇ ਹੋਏ

LEAVE A REPLY

Please enter your comment!
Please enter your name here