ਨਵੀਂ ਦਿੱਲੀ, 12 ਮਈ

ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਲਈ ‘ਕੇਜਰੀਵਾਲ ਦੀ ਗਾਰੰਟੀ’ ਦਾ ਐਲਾਨ ਕਰਦਿਆਂ 10 ਕੰਮ ਗਿਣਾਏ ਹਨ, ਜਿਨ੍ਹਾਂ ਨੂੰ ਜੰਗੀ ਪੱਧਰ ’ਤੇ ਪੂਰਾ ਕੀਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਜੇਕਰ ਇੰਡੀਆ ਗੱਠਜੋੜ ਕੇਂਦਰ ਵਿਚ ਸਰਕਾਰ ਬਣਾਉਂਦਾ ਹੈ ਤਾਂ ਇਹ ਗਾਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿਚੋਂ ਇਕ ਗਾਰੰਟੀ ਚੀਨ ਦੇ ਕਬਜ਼ੇ ਵਾਲੀ ਭਾਰਤੀ ਸਰਜ਼ਮੀਨ ਨੂੰ ‘ਮੁਕਤ’ ਕਰਵਾਉਣਾ ਵੀ ਹੈ। ਕੇਜਰੀਵਾਲ ਨੇ ‘ਅਗਨੀਵੀਰ ਸਕੀਮ’ ਖ਼ਤਮ ਕਰਨ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਕਿਸਾਨਾਂ ਦੀ ਜਿਣਸ ਦੀ ਐੱਮਐੱਸਪੀ ’ਤੇ ਖਰੀਦੀ ਯਕੀਨੀ ਬਣਾਉਣ ਤੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦਾ ਵੀ ਵਾਅਦਾ ਕੀਤਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ‘ਮੋਦੀ ਕੀ ਗਾਰੰਟੀ’ ਤੇ ‘ਕੇਜਰੀਵਾਲ ਕੀ ਗਾਰੰਟੀ’ ਵਿਚੋਂ ਚੋਣ ਕਰਨੀ ਹੋਵੇਗੀ। ਗਾਰੰਟੀਆਂ ਦੇ ਐਲਾਨ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਮੈਂ ਇੰਡੀਆ ਗੱਠਜੋੜ ਵਿਚਲੇ ਆਪਣੇ ਭਾਈਵਾਲਾਂ ਨਾਲ ਅਜੇ ਤੱਕ ਇਸ (ਗਾਰੰਟੀਆਂ) ਬਾਰੇ ਗੱਲ ਨਹੀਂ ਕੀਤੀ। ਮੈਂ ਇਨ੍ਹਾਂ ਗਾਰੰਟੀਆਂ ਨੂੰ ਪੂਰਾ ਕਰਨ ਲਈ ਆਪਣੇ ਭਾਈਵਾਲਾਂ ’ਤੇ ਜ਼ੋਰ ਪਾਵਾਂਗਾ।’’ ਕੇਜਰੀਵਾਲ ਨੇ ਕਿਹਾ ਕਿ ‘ਆਪ’ ਨੇ ਜਿੱਥੇ ਦਿੱਲੀ ’ਚ ਮੁਫ਼ਤ ਬਿਜਲੀ, ਚੰਗੇ ਸਕੂਲ ਤੇ ਮੁਹੱਲਾ ਕਲੀਨਿਕਾਂ ਦੀਆਂ ‘ਗਾਰੰਟੀਆਂ’ ਪੂਰੀਆਂ ਕੀਤੀਆਂ ਹਨ, ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਗਾਰੰਟੀਆਂ ਪੂਰੀਆਂ ਕਰਨ ਵਿਚ ਨਾਕਾਮ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ  ਹਫ਼ਤੇ ’ਚ ਸੱਤ ਦਿਨ 24 ਘੰਟੇ ਬਿਜਲੀ ਸਪਲਾਈ, ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ, ਅਤੇ ਹਰ ਸਾਲ ਨੌਜਵਾਨਾਂ ਲਈ ਦੋ ਕਰੋੜ ਨੌਕਰੀਆਂ ‘ਕੇਜਰੀਵਾਲ ਕੀ ਗਾਰੰਟੀ’ ਵਿਚ ਸ਼ਾਮਲ ਹਨ।

LEAVE A REPLY

Please enter your comment!
Please enter your name here