ਕੋਟਾ (ਰਾਜਸਥਾਨ), 29 ਅਪਰੈਲ

ਇਸ ਸ਼ਹਿਰ ਦੇ ਕੁਨਹਾਰੀ ਇਲਾਕੇ ਵਿੱਚ 20 ਸਾਲਾ ਐੱਨਈਈਟੀ ਪ੍ਰੀਖਿਆਰਥੀ ਦੀ ਲਾਸ਼ ਆਪਣੇ ਹੋਸਟਲ ਦੇ ਕਮਰੇ ਦੇ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ, ਜਿਸ ਦੇ ਮਾਪਿਆਂ ਨੂੰ ਸ਼ੱਕ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਇਸ ਸਾਲ ਹੁਣ ਤੱਕ ਇਸ ਕੋਚਿੰਗ ਹੱਬ ਵਿੱਚ ਨੀਟ ਤੇ ਜੇਈਈ ਪ੍ਰੀਖਿਆਰਥੀਆਂ ਵੱਲੋਂ ਕਥਿਤ ਖੁ਼ਦਕਸ਼ੀਆਂ ਦਾ ਇਹ ਸੱਤਵਾਂ ਮਾਮਲਾ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਸੁਮਿਤ ਪੰਚਾਲ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਇੱਕ ਸਾਲ ਤੋਂ ਇੱਥੇ ਕੋਚਿੰਗ ਇੰਸਟੀਚਿਊਟ ਵਿੱਚ ਨੀਟ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਮਾਪਿਆਂ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ-ਇੰਸਪੈਕਟਰ ਕਪਤਾਨ ਨੇ ਦੱਸਿਆ ਕਿ ਮ੍ਰਿਤਕ ਦੇ ਮਾਪਿਆਂ ਦੀ ਮੰਗ ‘ਤੇ ਪੋਸਟਮਾਰਟਮ ਕਰਨ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ। ਹੋਸਟਲ ਸਟਾਫ਼ ਵੱਲੋਂ ਉਸ ਦੀ ਲਾਸ਼ ਦੇਖੇ ਜਾਣ ਤੋਂ 9 ਘੰਟੇ ਪਹਿਲਾਂ ਲੜਕੇ ਨੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ ਸੀ। ਪੰਚਾਲ ਦੀ ਲਾਸ਼ ਐਤਵਾਰ ਰਾਤ ਕੁਨਹਾਰੀ ਪੁਲੀਸ ਸਟੇਸ਼ਨ ਦੀ ਹੱਦ ਅਧੀਨ ਲੈਂਡਮਾਰਕ ਸਿਟੀ ਦੇ ਹੋਸਟਲ ਵਿੱਚ ਉਸ ਦੇ ਕਮਰੇ ਦੇ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਨੌਜਵਾਨ ਦੇ ਹੋਸਟਲ ਦੇ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੰਚਾਲ ਨੇ ਅਗਲੇ ਮਹੀਨੇ ਨੀਟ-ਯੂਜੀ ਪ੍ਰੀਖਿਆ ਦੇਣੀ ਸੀ। ਬੀਤੇ ਸਾਲ ਕੋਟਾ ’ਚ ਰਿਕਾਰਡ 26 ਵਿਦਿਆਰਥੀਆਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ।

LEAVE A REPLY

Please enter your comment!
Please enter your name here