ਪੱਤਰ ਪ੍ਰੇਰਕ

ਨਵੀਂ ਦਿੱਲੀ, 21 ਫਰਵਰੀ

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਗੁਰਬਚਨ ਸਿੰਘ ਭੁੱਲਰ ਨਾਲ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਨਛੱਤਰ ਸਿੰਘ ਨੇ ਮਾਂ ਬੋਲੀ ਦਿਵਸ ਦੇ ਪਿਛੋਕੜ ਤੋਂ ਜਾਣੂ ਕਰਾਉਂਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਕਿਹਾ ਕਿ ਗੁਰਬਚਨ ਸਿੰਘ ਭੁੱਲਰ ਨੇ 130 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਨੇ ਮਾਤ ਭਾਸ਼ਾ ਦਿਵਸ ਮੌਕੇ ‘ਖੁੱਲ੍ਹੀ ਲਾਇਬ੍ਰਰੀ’ ਦੀ ਸ਼ੁਰੂਆਤ ਕਰ ਕੇ ਨਵੀਂ ਪਿਰਤ ਪਾਈ ਅਤੇ ਵਿਦਿਆਰਥੀਆਂ ਨੂੰ ਵਿਦਿਅਕ ਟੂਰ, ਸੈਮੀਨਾਰ ਤੇ ਹੋਰ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋ. ਗੋਜਰਾ ਨੇ ‘ਖੁੱਲੀ ਲਾਇਬਰੇਰੀ’ ਲਈ ਕਿਤਾਬਾਂ ਦੇ ਸਹਿਯੋਗ ਲਈ ਕੈਲੀਬਰ ਪਬਲਿਸ਼ਰਜ਼, ਓਟ ਆਰਟ ਤੇ ਪੰਜਾਬੀ ਸਾਹਿਤ ਸਭਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਗੁਰਬਚਨ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਹਿਤ ਦੀ ਚੇਟਕ ਪਰਿਵਾਰ ਵਿਚੋਂ ਹੀ ਲੱਗੀ, ਉਨ੍ਹਾਂ ਦੇ ਦਾਦਾ ਪੁਸਤਕਾਂ ਪੜ੍ਹਦੇ ਸਨ ਅਤੇ ਉਨ੍ਹਾਂ ਨੂੰ ਪੜ੍ਹਾਉਂਦੇ ਵੀ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ 61 ਕਿਤਾਬਾਂ ਮੌਲਿਕ ਹਨ, 31 ਅਨੁਵਾਦ ਅਤੇ 38 ਸੰਪਾਦਨ ਦੀਆਂ ਹਨ। ਉਨ੍ਹਾਂ ਨੇ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਮਹੱਤਵ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਲਾਕੇ ਵਿਚ ਬੋਲੀ ਜਾਣ ਵਾਲੀ ਭਾਸ਼ਾ ਜਾਂ ਮਾਤ ਭਾਸ਼ਾ ਨਾਲ ਸਾਡਾ ਸੰਘਣਾ, ਮੋਹ ਭਰਿਆ ਰਿਸ਼ਤਾ ਹੁੰਦਾ ਹੈ। ਇਸ ਦਾ ਕਾਰਨ ਬੱਚੇ ਦਾ ਮਾਂ ਨਾਲ ਸਨੇਹ ਵਾਲਾ ਰਿਸ਼ਤਾ ਹੁੰਦਾ ਹੈ।

ਗੁਰਬਚਨ ਸਿੰਘ ਭੁੱਲਰ ਨੇ ਪੰਜਾਬੀ ਭਾਸ਼ਾ ਦੇ ਸਰਵਪੱਖੀ ਵਿਕਾਸ ਲਈ ਲਛਮਣ ਸਿੰਘ ਗਿੱਲ (ਸਾਬਕਾ ਮੁੱਖ ਮੰਤਰੀ ਪੰਜਾਬ) ਵਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਰੀਆਂ ਖੇਤਰੀ ਭਾਸ਼ਾਵਾਂ ਨਾਜ਼ੁਕ ਦੌਰ ਵਿਚੋਂ ਲੰਘ ਰਹੀਆਂ ਹਨ। ਖੇਤਰੀ ਭਾਸ਼ਾਵਾਂ ਦੀਆਂ ਉਪ-ਬੋਲੀਆਂ ਦੀ ਆਪਸੀ ਵੰਨ-ਸੁਵੰਨਤਾ ਨਿਗਲੀ ਜਾ ਰਹੀ। ਅੰਗਰੇਜ਼ੀ ਦੇ ਪ੍ਰਭਾਵ ਨੇ ਪੰਜਾਬੀ ਭਾਸ਼ਾ ਦੇ ਅੰਦਰੂਨੀ ਅਹਿਸਾਸਾਂ ਨੂੰ ਨਿਗਲ ਲਿਆ ਹੈ।

ਖਾਲਸਾ ਕਾਲਜ ’ਚ ਮਾਂ ਬੋਲੀ ਦਿਹਾੜਾ ਮਨਾਇਆ

ਯਮੁਨਾਨਗਰ (ਪੱਤਰ ਪ੍ਰੇਰਕ): ਗੁਰੂ ਨਾਨਕ ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਵਿਦਿਆਰਥੀਆਂ ਨੂੰ ਮਾਂ ਬੋਲੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਸੰਪੂਰਨ ਵਿਕਾਸ ਵਿੱਚ ਮਾਤ ਭਾਸ਼ਾ ਦਾ ਵਡਮੁੱਲਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਮਾਤ ਭਾਸ਼ਾ ਹੀ ਹੁੰਦੀ ਹੈ, ਜਿਸ ਦੇ ਆਸਰੇ ਵਿਅਕਤੀ ਵਿਦਿਅਕ ਸਰੀਰਕ ਅਤੇ ਬੌਧਿਕਤਾ ਦੀ ਉਚਾਈਆਂ ਨੂੰ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜਨਮ ਤੋਂ ਹੀ ਮਾਂ ਦੇ ਮੂੰਹੋਂ ਸੁਣੇ ਪਹਿਲੇ ਸ਼ਬਦਾਂ, ਆਂਢ-ਗੁਆਂਢ ਅਤੇ ਆਲੇ ਦੁਆਲੇ ਦੇ ਸਮਾਜ ’ਚੋਂ ਗ੍ਰਹਿਣ ਕੀਤੀ ਭਾਸ਼ਾ ਹਰ ਵਿਅਕਤੀ ਦੀ ਅਸਲੀ ਧਰੋਹਰ ਹੁੰਦੀ ਹੈ। ਉਨ੍ਹਾਂ ਨੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਦੀ ਇਸ ਸਮਾਗਮ ਲਈ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਵੀ ਅਜਿਹੇ ਸਮਾਗਮ ਰਚਾਉਣ ਲਈ ਆਪਣੇ ਹਰ ਸਹਿਯੋਗ ਲਈ ਯਕੀਨ ਦਵਾਇਆ। ਪੰਜਾਬੀ ਵਿਭਾਗ ਦੇ ਡਾ. ਤਿਲਕਰਾਜ ਨੇ ਮਾਂ ਬੋਲੀ ਦਿਵਸ ਦੇ ਇਤਿਹਾਸ ਅਤੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਂ ਬੋਲੀ ਦਾ ਕਿਸੇ ਧਰਮ ਨਾਲ ਸਬੰਧ ਨਹੀਂ ਹੁੰਦਾ ਬਲਕਿ ਇਹ ਹਰ ਧਰਮ ਦੇ ਮਨੁੱਖ ਦੀ ਮਾਨਸਿਕਤਾ ਵਿੱਚ ਰਚੀ ਹੁੰਦੀ ਹੈ।

LEAVE A REPLY

Please enter your comment!
Please enter your name here