ਗੁਰਨਾਮ ਸਿੰਘ ਅਕੀਦਾ

ਪਟਿਆਲਾ, 18 ਫਰਵਰੀ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਸਾਨਾਂ ਦੇ ਸੰਘਰਸ਼ ਦਾ ਪੂਰਨ ਸੰਘਰਸ਼ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀ ਦੱਬ ਕੇ ਆਲੋਚਨਾ ਕੀਤੀ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਜਪਾ ਵਿਚ ਜਾਣ ਦੀਆਂ ਸਾਰੀਆਂ ਚਰਚਾਵਾਂ ਨੂੰ ਮਹਿਜ਼ ਭਰਾਂਤੀਆਂ ਕਹਿ ਕੇ ਕਾਂਗਰਸ ਛੱਡਣ ਦੀਆਂ ਸਾਰੀਆਂ ਅਟਕਲਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਇਹ ਚਰਚਾਵਾਂ ਕਰਨ ਵਾਲੇ ਲੋਕਾਂ ਨੇ ਮੈਨੂੰ ਖੱਬੇ ਪੱਖੀਆਂ ਤੋਂ ਇਲਾਵਾ ਸਾਰੀਆਂ ਪਾਰਟੀਆਂ ਵਿਚ ਸ਼ਾਮਲ ਕਰਨ ਦੀਆਂ ਚਰਚਾਵਾਂ ਚਲਾਈਆਂ ਪਰ ਉਹ ਜਿੱਥੇ ਖੜ੍ਹੇ ਹਾਂ ਉੱਥੇ ਹੀ ਖੜ੍ਹਾ ਰਹਾਂਗਾ। ਉਸ ਨੇ ਕਦੇ ਕਿਸੇ ਪਾਰਟੀ ਨਾਲ ਕਦੇ ਵੀ ਗ਼ੱਦਾਰੀ ਨਹੀਂ ਕੀਤੀ ਤੇ ਨਾ ਹੀ ਕਰੇਗਾ। ਉਨ੍ਹਾਂ ਇਸ ਵੇਲੇ ਕਿਸਾਨ ਸੰਘਰਸ਼ ਵਿੱਚ ਲਗਦੇ ਖ਼ਾਲਿਸਤਾਨ ਦੇ ਨਾਅਰਿਆਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਅਨੁਸਾਰ ਚੱਲਣ ਵਾਲਾ ਸਿੱਖ ਰਾਜ ਇਕ ਦਿਨ ਜ਼ਰੂਰ ਆਕੇ ਰਹੇਗਾ। ਸਾਡੇ ਪੰਜਾਬ ਦੇ ਇਨ੍ਹਾਂ ਨੇ 9 ਟੁਕੜੇ ਕਰ ਦਿੱਤੇ ਪਰ ਅੱਜ ਵੀ ਇਹ ਪੰਜਾਬ ਨੂੰ ਟਿਕਣ ਨਹੀਂ ਦੇ ਰਹੇ। ਅਜ਼ਾਦੀ ਵਿਚ ਕੁਰਬਾਨੀਆਂ ਪੰਜਾਬੀਆਂ ਦੀਆਂ ਸਭ ਤੋਂ ਜ਼ਿਆਦਾ, ਅਨਾਜ ਭੰਡਾਰ ਵਿਚ ਸਭ ਤੋਂ ਵੱਧ ਹਿੱਸਾ ਪੰਜਾਬੀਆਂ ਦਾ ਤੇ ਅੱਜ ਇਹ ਕਿਸਾਨਾਂ ਤੇ ਹੀ ਜ਼ੁਲਮ ਕਰਨ ਲੱਗੇ ਹਨ। ਸਿੱਧੂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਿਆ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਝੂਠ ਕਿਹਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਚੋਲਾ ਦੱਸਦਿਆਂ ਉਨ੍ਹਾਂ ਕੇਂਦਰੀ ਮੰਤਰੀਆਂ ਨਾਲ ਮਿਲੀਭੁਗਤ ਦੇ ਦੋਸ਼ ਵੀ ਲਾਏ। ਸਿੱਧੂ ਨੇ ਕਿਹਾ ਕਿ ਅੱਜ ਕਿਸਾਨ ਆਪਣੇ ਜ਼ੁਲਮ ਨੂੰ ਸੜਕਾਂ ‘ਤੇ ਲੈ ਆਏ ਹਨ। ਇਸ ਵੇਲੇ ਸਿੱਧੂ ਨੇ ਅਡਾਨੀ ਤੇ ਵੀ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਐਫਸੀਆਈ ਨੂੰ ਦੀਵਾਲੀਆ ਕਰਨ ਤੋਂ ਬਾਅਦ ਕੇਂਦਰ ਨੇ ਸਟੋਰੇਜ ਅਡਾਨੀ ਕਾਰਪੋਰੇਟ ਨੂੰ ਦੇ ਦਿੱਤੀ ਹੈ।

LEAVE A REPLY

Please enter your comment!
Please enter your name here