ਪੱਤਰ ਪ੍ਰੇਰਕ

ਤਰਨ ਤਾਰਨ, 15 ਅਪਰੈਲ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ) ਸਾਹਮਣੇ ਅੱਜ ਵੀ ਪ੍ਰਧਾਨ ਨਸ਼ਾ ਵਿਰੋਧੀ ਮਿਸ਼ਨ (ਕਫਨ ਬੋਲ ਪਿਆ) ਤੇ ਪਿੰਡ ਸਿਧਵਾਂ ਵਾਸੀ ਜਗਤਾਰ ਸਿੰਘ ਸਿਧਵਾਂ ਦਿਨ ਭਰ ਲਈ ਧਰਨੇ ’ਤੇ ਬੈਠਾ। ਜਗਤਾਰ ਸਿੰਘ ਨੇ ਸਰਹੱਦੀ ਖੇਤਰ ਅੰਦਰ ਪੁਲੀਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਬਣਦੀ ਕਾਰਵਾਈ ਨਾ ਕਰਨ ਦੇ ਵਿਰੋਧ ’ਚ ਰੋਸ ਜ਼ਾਹਰ ਕੀਤਾ| ਜਗਤਾਰ ਸਿੰਘ ਬੀਤੇ ਸਮੇਂ ਤੋਂ ਇੱਥੇ ਅਕਸਰ ਆ ਕੇ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਕਾਰੋਬਾਰੀਆਂ ਖ਼ਿਲਾਫ਼ ਕਥਿਤ ਤੌਰ ’ਤੇ ਬਣਦੀ ਕਾਰਵਾਈ ਨਾ ਖ਼ਿਲਾਫ਼ ਰੋਸ ਜ਼ਾਹਰ ਕਰਦਾ ਆ ਰਿਹਾ ਹੈ|

ਦੱਸਣਯੋਗ ਹੈ ਕਿ ਉਸ ਦੇ ਦੋ ਪੁੱਤਰ ਹਨ ਅਤੇ ਦੋਵੇਂ ਲੜਕੇ ਨਸ਼ਾ ਕਰਨ ਦੇ ਆਦੀ ਹਨ। ਪੀੜਤ ਅਨੁਸਾਰ ਉਸ ਦੇ ਦੋਵੇਂ ਪੁੱਤਰ ਨਸ਼ਿਆਂ ਦੀ ਪੂਰਤੀ ਕਰਨ ਲਈ ਘਰ ਦਾ ਕੀਮਤੀ ਸਾਮਾਨ ਤੱਕ ਵੀ ਵੇਚ ਦਿੰਦੇ ਹਨ| ਜਗਤਾਰ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰ ਅੰਦਰ ਉਸ ਨੇ ਨਸ਼ਾ ਤਸਕਰਾਂ ਦੀ ਇਕ ਸੂਚੀ ਵੀ ਪੁਲੀਸ ਨੂੰ ਦਿੱਤੀ ਹੈ| ਉਸ ਨੇ ਦੋਸ਼ ਲਗਾਇਆ ਕਿ ਪੁਲੀਸ ਕਾਰਵਾਈ ਨਹੀਂ ਕਰ ਰਹੀ| ਜਗਤਾਰ ਸਿੰਘ ਨੇ ਸੂਬੇ ਭਰ ਵਿੱਚ ਆਏ ਦਿਨ ਨਸ਼ੇ ਦੀ ਵਰਤੋਂ ਕਾਰਨ ਹੋਣ ਵਾਲੀਆਂ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਦੇ ਨਾਲ ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਨਸ਼ਿਆਂ ਖ਼ਿਲਾਫ਼ ਪੁਲੀਸ ਨੇ ਜ਼ਬਰਦਸਤ ਮੁਹਿੰਮ ਚਲਾਈ ਹੋਈ ਹੈ ਜਿਸ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ|

LEAVE A REPLY

Please enter your comment!
Please enter your name here